ਨਵਾਂਸ਼ਹਿਰ, 2 ਨਵੰਬਰ (ਜਸਬੀਰ ਸਿੰਘ ਨੂਰਪੁਰ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਸੁਖਜਾਦ ਸਿੰਘ ਦੀ ਪ੍ਰਧਾਨਗੀ 'ਚ ਪਿੰਡ ਪੱਲੀਆਂ ਦੇ ਯਮੀ ਹੱਬ ਰੈਸਟੋਰੈਂਟ ਵਿਖੇ ਨਸ਼ਿਆਂ ਵਿਰੁੱਧ ਚੇਤਨਾ ਸਮਾਗਮ ਕਰਵਾਇਆ | ਜਿਸ ਦੇ ਪ੍ਰਧਾਨਗੀ ਸਮਾਗਮ 'ਚ ਦਿਲਦਾਰ ਸਿੰਘ ਚਾਹਲ ਸੂਬਾ ਉਪ ਪ੍ਰਧਾਨ ਅਤੇ ਤਜਿੰਦਰ ਜੋਤ ਪ੍ਰਧਾਨ ਬਲਾਚੌਰ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਇਸ ਦੌਰਾਨ ਪਿਛਲੇ ਮਹੀਨੇ ਦੀਆਂ ਗਤੀਵਿਧੀਆਂ 'ਤੇ ਵਿਚਾਰ ਕੀਤਾ ਗਿਆ, ਯੁੱਧ ਨਸ਼ਿਆਂ ਦੇ ਖਿਲਾਫ ਇੱਕ ਨਸ਼ਾ ਵਿਰੋਧੀ ਸੈਮੀਨਾਰ ਕਰਾਇਆ ਗਿਆ | ਸੈਮੀਨਾਰ 'ਚ ਮੁੱਖ ਮਹਿਮਾਨ ਏ.ਐਸ.ਆਈ ਸਤਨਾਮ ਸਿੰਘ ਰੰਧਾਵਾ ਉਚੇਚੇ ਤੌਰ 'ਤੇ ਹਾਜ਼ਰ ਹੋਏ | ਜਿਨ੍ਹਾਂ ਪੁਲਿਸ ਪ੍ਰਸ਼ਾਸਨ ਵਲੋਂ ਚਲਾਈ ਜਾ ਰਹੀ ਨਸ਼ੇ ਵਿਰੋਧੀ ਮੁਹਿੰਮ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਮੈਡੀਕਲ ਪ੍ਰੈਕਟੀਸ਼ਨਰਾਂ ਵਲੋਂ ਇਸ ਮੁਹਿੰਮ ਹਿੱਤ ਦਿੱਤੇ ਜਾ ਰਹੇ ਸਹਿਯੋਗ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਨਸ਼ੇ ਰੂਪੀ ਦੈਂਤ ਦੇ ਮੁਕੰਮਲ ਸਫਾਏ ਲਈ ਸਾਨੂੰ ਸਾਰਿਆਂ ਨੂੰ ਅੱਗੇ ਵੱਧਣਾ ਚਾਹੀਦਾ ਹੈ | ਸਤਨਾਮ ਸਿੰਘ ਰੰਧਾਵਾ ਸਦਰ ਥਾਣਾ ਬੰਗਾ ਨੇ ਨਸ਼ਾ ਤਸਕਰਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਜਾਂ ਤਾਂ ਇਹ ਕਾਰੋਬਾਰ ਛੱਡ ਦੇਣ ਜਾਂ ਜੇਲ੍ਹ ਜਾਣ ਲਈ ਤਿਆਰ ਰਹਿਣ | ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕੋਈ ਉਨ੍ਹਾਂ ਦੇ ਆਸ-ਪਾਸ ਕਿਤੇ ਵੀ ਨਸ਼ਾ ਵੇਚਦਾ ਹੈ, ਤਾਂ ਇਸ ਬਾਰੇ ਪੁਲਿਸ ਨੂੰ ਸੂਚਿਤ ਕਰੋ | ਇਸ ਦੌਰਾਨ ਬਲਾਕ ਮੈਂਬਰਾਂ ਦੀ ਸਰਬਸੰਮਤੀ ਨਾਲ ਸੁਖਵਿੰਦਰ ਕੌਰ ਸੂਰਾਪੁਰ ਨੂੰ ਸੀਨੀਅਰ ਵਾਈਸ ਪ੍ਰਧਾਨ ਅਤੇ ਧੀਰਜ ਕੁਮਾਰ ਨੂੰ ਜਨਰਲ ਸਕੱਤਰ ਲਗਾਇਆ ਗਿਆ | ਇਸ ਮੌਕੇ 'ਤੇ ਰਜਿੰਦਰ ਸ਼ਰਮਾ ਕੈਸ਼ੀਅਰ, ਨਾਮਦੇਵ, ਸੁਰਿੰਦਰ ਪਾਲ, ਰਜਨੀ, ਅਨੀਤਾ, ਕਸ਼ਮੀਰ ਸਿੰਘ, ਰੇਸ਼ਮ ਲਾਲ, ਕੇਵਲ ਰਾਮ, ਜਸਵਿੰਦਰ ਕੌਰ, ਜਸਪਾਲ ਸਿੰਘ, ਪਰਮਜੀਤ ਕੌਰ, ਸਤਪਾਲ ਆਦਿ ਹਾਜ਼ਰ ਹੋਏ |