ਅਮਲੋਹ, 6 ਦਸੰਬਰ (ਹਰਪ੍ਰੀਤ ਸਿੰਘ ਗਿੱਲ)-ਜਿਸ ਆਸ ਤੇ ਉਮੀਦ ਨਾਲ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ, ਆਪਣੇ ਹੁਣ ਤੱਕ ਦੇ ਕਾਰਜਕਾਲ 'ਚ ਇਹ ਸਰਕਾਰ ਉਨ੍ਹਾਂ ਦੀਆਂ ਉਮੀਦਾਂ 'ਤੇ ਖਰੀ ਨਹੀਂ ਉੱਤਰ ਸਕੀ | ਜਿਸ ਕਾਰਨ ਪੰਜਾਬ ਵਾਸੀ ਵੱਡੇ ਪੱਧਰ 'ਤੇ ਪੰਜਾਬ ਹਿਤੈਸ਼ੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਰਹੇ ਹਨ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ 'ਆਪ' ਦੇ ਸੀਨੀਅਰ ਆਗੂ ਅਤੇ ਕਿਸਾਨ ਵਿੰਗ ਦੇ ਜ਼ਿਲ੍ਹਾ ਜਨਰਲ ਸਕੱਤਰ ਗੁਰਮੀਤ ਸਿੰਘ ਰਾਮਗੜ੍ਹ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਕਰਨ ਸਮੇਂ ਕੀਤਾ | ਰਾਜੂ ਖੰਨਾ ਨੇ ਕਿਹਾ ਕਿ ਇਹ ਪਹਿਲੀ ਸਰਕਾਰ ਹੈ, ਜਿਸ ਨੇ ਝੂਠੀਆਂ ਗਾਰੰਟੀਆਂ ਦੇ ਸਹਾਰੇ ਲੋਕਾਂ ਦੀਆਂ ਵੋਟਾਂ ਵਟੋਰ ਕੇ ਸਰਕਾਰ ਬਣਾਈ ਤੇ ਸੱਤਾ 'ਚ ਆਉਂਦਿਆਂ ਹੀ ਦਿੱਲੀ ਦੀ ਟੀਮ ਦੇ ਹੁਕਮਾਂ 'ਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਖ਼ਿਲਾਫ਼ ਫ਼ੈਸਲੇ ਲਏ | ਉਨ੍ਹਾਂ ਕਿਹਾ ਕਿ ਅੱਜ ਹਰ ਵਰਗ 'ਆਪ' ਸਰਕਾਰ ਤੋਂ ਦੁਖੀ ਹੈ ਅਤੇ ਸੂਬੇ ਵਿਚ ਮੁੜ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇਖਣਾ ਚਾਹੁੰਦਾ ਹੈ | ਉਨ੍ਹਾਂ ਨੇ ਗੁਰਮੀਤ ਸਿੰਘ ਰਾਮਗੜ੍ਹ ਤੇ ਉਨ੍ਹਾਂ ਦੇ ਸਾਥੀਆਂ ਦਾ ਅਕਾਲੀ ਦਲ ਵਿਚ ਸ਼ਾਮਿਲ ਹੋਣ 'ਤੇ ਭਰਵਾਂ ਸਵਾਗਤ ਕੀਤਾ ਅਤੇ ਪਾਰਟੀ ਵਿਚ ਬਣਦਾ ਮਾਣ-ਸਤਿਕਾਰ ਦੇਣ ਦਾ ਭਰੋਸਾ ਵੀ ਦਿੱਤਾ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਬੁੱਗਾ ਕਲਾਂ ਦੇ ਉਮੀਦਵਾਰ ਹਰਸ਼ਦੀਪ ਸਿੰਘ ਕੰਜਾਰੀ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ | ਮੀਟਿੰਗ ਨੂੰ ਸ਼ਰਧਾ ਸਿੰਘ ਛੰਨਾ, ਰਣਜੀਤ ਸਿੰਘ ਘੋਲਾ ਰੁੜਕੀ, ਕੰਵਲਜੀਤ ਸਿੰਘ ਗਿੱਲ ਤੇ ਸਰਕਲ ਪ੍ਰਧਾਨ ਜਥੇ. ਹਰਿੰਦਰ ਸਿੰਘ ਦੀਵਾ ਨੇ ਵੀ ਸੰਬੋਧਨ ਕੀਤਾ |