ਗੁਰਦਾਸਪੁਰ, 18 ਅਕਤੂਬਰ (ਚੱਕਰਾਜਾ)-ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਵਲੋਂ ਦੀਨਾਨਗਰ ਵਿਧਾਨ ਸਭਾ ਹਲਕੇ ਅੰਦਰ ਤੇਜ਼ੀ ਨਾਲ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਲੜੀ ਹੇਠ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਵਲੋਂ ਵਿਧਾਨ ਸਭਾ ਹਲਕੇ ਅੰਦਰ ਵੱਖ-ਵੱਖ ਥਾਵਾਂ 'ਤੇ 5 ਹੋਰ ਸੰਪਰਕ ਸੜਕਾਂ ਦੇ ਨਵੀਨੀਕਰਨ ਦੇ ਨੀਂਹ ਪੱਥਰ ਰੱਖੇ ਗਏ | ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਵਲੋਂ ਵਿਧਾਨ ਸਭਾ ਹਲਕਾ ਦੀਨਾਨਗਰ ਹਲਕੇ ਦੀਆਂ ਜਿਹੜੀਆਂ 5 ਸੜਕਾਂ ਨੂੰ ਨਵਿਆਉਣ ਦੇ ਨੀਂਹ ਪੱਥਰ ਰੱਖੇ ਗਏ ਹਨ | ਉਨ੍ਹਾਂ ਵਿਚ ਦੋਰਾਂਗਲਾ ਸ਼ਾਹਪੁਰ ਰੋਡ ਤੋਂ ਪ੍ਰਾਇਮਰੀ ਹੈਲਥ ਸੈਂਟਰ ਤੱਕ ਦੀ 2.10 ਕਿੱਲੋਮੀਟਰ ਲੰਮੀ ਸੜਕ, ਗੁਰਦਾਸਪੁਰ ਹਰਦੋਛੰਨੀ, ਹਰਦਾਨ ਦੋਰਾਂਗਲਾ ਰੋਡ ਤੋਂ ਡਾ: ਦਲਜੀਤ ਸਿੰਘ ਤੱਕ 5.85 ਕਿੱਲੋਮੀਟਰ ਲੰਮੀ ਸੜਕ, ਐਮਾਂ ਤੋਂ ਗੈਸ ਏਜੰਸੀ ਤੱਕ 2.04 ਕਿੱਲੋਮੀਟਰ ਲੰਮੀ ਸੜਕ, ਭਰਥ ਤੋਂ ਬਾਲਾ ਪਿੰਡੀ ਤੱਕ 1.24 ਕਿੱਲੋਮੀਟਰ ਲੰਮੀ ਸੜਕ ਤੇ ਬਾਹਮਣੀ ਮਰਾੜਾ ਤੋਂ ਮਾਤਾ ਦੇ ਮੰਦਰ ਤੱਕ 520 ਮੀਟਰ ਦੀ ਲੰਬਾਈ ਵਾਲੀਆਂ ਸੜਕਾਂ ਸ਼ਾਮਿਲ ਹਨ, ਜਿਨ੍ਹਾਂ 'ਤੇ ਸੂਬਾ ਸਰਕਾਰ ਵਲੋਂ ਕਰੀਬ 2.36 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ | ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਦੀਨਾਨਗਰ ਵਿਧਾਨ ਸਭਾ ਹਲਕੇ ਨੂੰ ਵਿਕਾਸ ਪੱਖੋਂ ਮੋਹਰੀ ਹਲਕਾ ਬਣਾਉਣ 'ਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਉਹ ਇਸ ਕੰਮ ਲਈ ਦਿਨ ਰਾਤ ਲੱਗੇ ਹੋਏ ਹਨ | ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕੇ ਅੰਦਰ ਸਾਫ਼ ਸੁਥਰੀਆਂ ਸੰਪਰਕ ਸੜਕਾਂ ਦਾ ਜਾਲ ਵਿਛਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ, ਜੋ ਆਉਂਦੇ ਕੁਝ ਦਿਨਾਂ ਅੰਦਰ ਮੁਕੰਮਲ ਹੋ ਕੇ ਹਲਕੇ ਦੇ ਲੋਕਾਂ ਨੂੰ ਆਵਾਜਾਈ ਲਈ ਬਿਹਤਰ ਸਹੂਲਤਾਂ ਪ੍ਰਦਾਨ ਕਰਨਗੀਆਂ | ਇਸ ਮੌਕੇ ਬਲਾਕ ਪ੍ਰਧਾਨ ਰਣਜੀਤ ਸਿੰਘ ਜੀਵਨਚੱਕ, ਸਰਪੰਚ ਕਰਮਜੀਤ ਸਿੰਘ ਦੋਰਾਂਗਲਾ, ਬਲਾਕ ਪ੍ਰਧਾਨ ਅਰਜੁਨ ਸਿੰਘ ਝਬਕਰਾ, ਪਿ੍ੰਸੀਪਲ ਸੰਸਾਰ ਸਿੰਘ, ਜੋਧ ਰਾਜ ਮਰਾੜਾ, ਸਰਪੰਚ ਜਗਜੀਵਨ ਸੈਣੀ ਦਬੁਰਜੀ, ਸੰਜੀਵ ਭਰਥ ਤੇ ਮੁਕੇਸ਼ ਕੁਮਾਰ ਭਰਥ ਦੇ ਇਲਾਵਾ ਹੋਰ ਮੁਹਤਬਰ ਲੋਕ ਵੀ ਮੌਜੂਦ ਸਨ |