ਗੁਰਦਾਸਪੁਰ, 22 ਨਵੰਬਰ (ਚੱਕਰਾਜਾ)- ਸਥਾਨਕ ਸ਼ਹਿਰ ਦੇ ਮੁਹੱਲਾ ਇਸਲਾਮਾਬਾਦ ਤੋਂ ਇਕ ਅਜੀਬੋ ਗ਼ਰੀਬ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਮੁਹੱਲਾ ਵਾਸੀਆਂ ਦੇ ਦੱਸਣ ਮੁਤਾਬਿਕ ਪਿਛਲੇ ਚਾਰ ਸਾਲ ਤੋਂ ਮੁਹੱਲੇ ਦੇ 20 ਤੋਂ 25 ਘਰਾਂ ਉੱਪਰ ਦੇਰ ਰਾਤ ਪੱਥਰ, ਸ਼ਰਾਬ ਦੀਆਂ ਬੋਤਲਾਂ ਤੇ ਲੋਹੇ ਦੇ ਤਾਲੇ ਘਰਾਂ ਦੀਆਂ ਛੱਤਾਂ ਉੱਪਰ ਵੱਜਦੇ ਹਨ ਜਿਸ ਕਰਕੇ ਲੋਕ ਕਾਫੀ ਦਹਿਸ਼ਤ 'ਚ ਹਨ | ਮੁਹੱਲਾ ਵਾਸੀ ਸੁਨੀਤਾ ਦੇਵੀ, ਸੁਰੇਸ਼ ਕੁਮਾਰੀ, ਸਰੋਜ ਕੁਮਾਰੀ, ਅਨੀਤਾ ਦੇਵੀ ਆਦਿ ਨੇ ਦੱਸਿਆ ਕਿ ਇਸ ਸਬੰਧੀ ਕਈ ਵਾਰ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ ਤੇ ਮੁਹੱਲੇ ਵਿਚ ਪਹਿਰੇ ਵੀ ਲਗਾਏ ਗਏ ਹਨ ਪਰ ਇਹ ਪੱਥਰ ਕੌਣ ਮਾਰਦਾ ਹੈ ਤੇ ਕਿੱਥੋਂ ਆਉਂਦੇ ਹਨ, ਇਸ ਦਾ ਕੋਈ ਵੀ ਸੁਰਾਗ ਨਹੀਂ ਮਿਲ ਸਕਿਆ | ਉਨ੍ਹਾਂ ਦੱਸਿਆ ਕਿ ਆਸ-ਪਾਸ ਸੀ.ਸੀ.ਟੀ.ਵੀ. ਕੈਮਰੇ ਵੀ ਲਗਵਾਏ ਗਏ ਹਨ ਪਰ ਕੋਈ ਵੀ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਦਿਖਾਈ ਨਹੀਂ ਦਿੰਦਾ ਜਿਸ ਕਰਕੇ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ | ਲੋਕਾਂ ਦੇ ਦੱਸਣ ਮੁਤਾਬਿਕ ਪਿਛਲੇ ਚਾਰ ਸਾਲ ਤੋਂ ਰੋਜ਼ਾਨਾ ਰਾਤ ਨੂੰ ਲੋਕਾਂ ਦੇ ਘਰਾਂ ਉਪਰ ਪੱਥਰ ਵੱਜਦੇ ਹਨ | ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਸਲੇ ਦਾ ਕੋਈ ਹੱਲ ਕੀਤਾ ਜਾਵੇ ਕਿਉਂਕਿ ਇਸ ਘਟਨਾ ਨਾਲ ਲੋਕ ਕਾਫੀ ਸਹਿਮੇ ਹੋਏ ਹਨ ਤੇ ਪੱਥਰ ਵੱਜਣ ਕਰਕੇ ਕਈ ਵਾਰ ਘਰਾਂ ਦੇ ਸ਼ੀਸ਼ੇ ਵੀ ਟੁੱਟ ਚੁੱਕੇ ਹਨ |