ਹਰੀਕੇ ਪੱਤਣ, 1 ਨਵੰਬਰ (ਸੰਜੀਵ ਕੁੰਦਰਾ)- ਖੇਤੀ ਕਰਦਿਆਂ ਹਰ ਕਿਸਾਨ ਦੀ ਸੋਚ ਹੁੰਦੀ ਹੈ ਕਿ ਫਸਲ ਉਤਪਾਦਨ ਦੀ ਲਾਗਤ ਘੱਟ ਹੋਵੇ ਅਤੇ ਆਮਦਨ ਵੱਧ ਹੋਵੇ, ਪਰ ਅਜਿਹਾ ਤਾਂ ਹੀ ਸੰਭਵ ਹੈ ਜੇਕਰ ਉਹ ਖੇਤੀ ਤਕਨੀਕਾਂ ਨੂੰ ਵੇਖ ਸਮਝ ਕੇ ਹਿੰਮਤ ਅਤੇ ਲਗਨ ਨਾਲ ਯਤਨ ਕਰੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਲਾਕ ਖੇਤੀਬਾੜੀ ਅਫਸਰ ਪੱਟੀ ਡਾ.ਭੁਪਿੰਦਰ ਸਿੰਘ ਨੇ ਪਿੰਡ ਕਿਰਤੋਵਾਲ ਖੁਰਦ ਵਿਖੇ ਉੱਦਮ ਅਤੇ ਉਤਸ਼ਾਹ ਨਾਲ ਪਿਛਲੇ ਛੇ ਸਾਲ ਤੋਂ ਸਫਲਤਾ ਪੂਰਵਕ ਪਰਾਲੀ ਪ੍ਰਬੰਧਨ ਕਰ ਰਹੇ ਕਿਸਾਨਾਂ ਦੁਆਰਾ ਹੈਪੀ ਸੀਡਰ ਅਤੇ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਦੇ ਸ਼ੁਭ ਆਰੰਭ ਦੌਰਾਨ ਕੀਤਾ | ਕਣਕ ਦੀ ਬਿਜਾਈ ਸ਼ੁਰੂਆਤ ਦੌਰਾਨ ਸਰਕਲ ਅਧਿਕਾਰੀ ਦਇਆਪ੍ਰੀਤ ਸਿੰਘ, ਖੇਤੀਬਾੜੀ ਵਿਸਥਾਰ ਅਫਸਰ ਰੱਤਾ ਗੁੱਦਾ, ਕਿ੍ਸ਼ੀ ਵਿਗਿਆਨ ਕੇਂਦਰ ਬੂਹ ਤੋਂ ਡਾ. ਨਵਜੋਤ ਸਿੰਘ ਬਰਾੜ ਅਤੇ ਡਾ. ਸਾਹਿਲ ਨੇ ਦੱਸਿਆ ਕਿ ਕਣਕ ਦੀ ਬਿਜਾਈ ਲਈ ਨਵੰਬਰ ਦਾ ਪਹਿਲਾ ਪੰਦਰਵਾੜਾ ਢੁਕਵਾਂ ਸਮਾਂ ਹੈ | ਉਨ੍ਹਾਂ ਕਿਹਾ ਕਿ ਫਸਲ ਦੇ ਚੰਗੇ ਝਾੜ ਲਈ ਢੁਕਵੀਂ ਤਕਨੀਕ ਦੀ ਚੋਣ ਦੇ ਨਾਲ ਨਾਲ ਸਾਫ ਸੁਥਰੇ ਤਸਦੀਕ ਸ਼ੁਦਾ ਬੀਜ ਨੂੰ ਕੀਟ ਨਾਸ਼ਕ ਅਤੇ ਉੱਲੀ ਨਾਸ਼ਕ ਦਵਾਈ ਨਾਲ ਸੋਧ ਲੈਣਾ ਲਾਹੇਵੰਦ ਰਹਿੰਦਾ ਹੈ | ਇਸ ਮੌਕੇ ਰਣਵੀਰ ਸਿੰਘ, ਹਰਪ੍ਰੀਤ ਸਿੰਘ, ਲਹਿੰਬਰ, ਸੁਖਜਿੰਦਰ ਸਿੰਘ ,ਗੁਰਸਿਮਰਨ ਸਿੰਘ ਖੇਤੀ ਉਪ ਨਿਰੀਖਕ ਅਤੇ ਰਾਜਬੀਰ ਸਿੰਘ ਨੇ ਸਹਿਯੋਗ ਅਤੇ ਜਾਣਕਾਰੀ ਸਾਂਝੀ ਕੀਤੀ |