ਖਰੜ, 31 ਅਕਤੂਬਰ (ਤਰਸੇਮ ਸਿੰਘ ਜੰਡਪੁਰੀ)-ਪਿੰਡ ਜੰਡਪੁਰ ਵਿਖੇ ਤਿੰਨ ਰੋਜ਼ਾ 'ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ' ਬੀਤੀ ਰਾਤ ਸਮਾਪਤ ਹੋ ਗਿਆ | ਇਸ ਮੌਕੇ ਜਿਥੇ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵਲੋਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਗਈ, ਉੱਥੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਸਮੇਤ ਲੱਖਾਂ ਦੀ ਗਿਣਤੀ 'ਚ ਸੰਗਤਾਂ ਨੇ ਹਾਜ਼ਰੀ ਭਰਦਿਆਂ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ | ਸਮਾਗਮ ਦੌਰਾਨ ਕਰਵਾਏ ਗਏ ਮਹਾਨ ਅੰਮਿ੍ਤ ਸੰਚਾਰ ਦੌਰਾਨ ਵੱਡੀ ਗਿਣਤੀ ਪ੍ਰਾਣੀ ਖੰਡੇ ਬਾਟੇ ਦਾ ਅੰਮਿ੍ਤ ਛਕ ਕੇ ਗੁਰੂ ਵਾਲੇ ਬਣੇ | ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵਲੋਂ ਜਿੱਥੇ ਤਿੰਨ ਰੋਜ਼ਾ ਸਮਾਗਮ ਦੌਰਾਨ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਆਪਣੇ ਪਿਤਾ ਗੁਰੂ ਰਾਮਦਾਸ ਜੀ ਨੂੰ ਲਾਹੌਰ ਤੋਂ ਚਿੱਠੀਆਂ ਲਿਖਣ ਅਤੇ ਭਾਈ ਬਚਿੱਤਰ ਸਿੰਘ ਵਲੋਂ ਹਾਥੀ ਨਾਲ ਮੁਕਾਬਲਾ ਕਰਨ ਸਮੇਤ ਹੋਰ ਸਿੱਖ ਇਤਿਹਾਸ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ, ਉੱਥੇ ਹੀ ਉਨ੍ਹਾਂ ਇਨਸਾਨ ਨੂੰ ਆਪਣੀ ਜ਼ਿੰਦਗੀ ਬਦਲਣ ਲਈ ਗਿਆਨ ਮਾਰਗ ਤੇ ਪ੍ਰੇਮ ਮਾਰਗ ਸਮੇਤ ਹੋਰ ਕਈ ਤਰ੍ਹਾਂ ਦੀਆਂ ਪੁਰਾਣੇ ਸਮੇਂ ਦੀਆਂ ਉਦਾਹਰਨਾਂ ਦੇ ਕੇ ਸਮਝਾਉਣ ਦਾ ਉਪਰਾਲਾ ਕੀਤਾ | ਪਿੰਡ ਜੰਡਪੁਰ ਦੇ ਨਿਵਾਸੀਆਂ ਵਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਦੌਰਾਨ ਵੱਖ-ਵੱਖ ਪਕਵਾਨਾਂ ਦੇ ਲੰਗਰ ਅਤੁੱਟ ਵਰਤਾਏ ਗਏ | ਸਮਾਗਮ ਦੌਰਾਨ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ, ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ, ਭਾਜਪਾ ਆਗੂ ਰਾਣਾ ਰਣਜੀਤ ਸਿੰਘ ਗਿੱਲ, ਵਿਧਾਇਕਾ ਅਨਮੋਲ ਗਗਨ ਮਾਨ ਦੀ ਸੱਸ ਸ਼ੀਲਮ ਸੋਹੀ, ਪ੍ਰਭਜੋਤ ਕੌਰ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਮੁਹਾਲੀ, ਪਰਮਿੰਦਰ ਸਿੰਘ ਗੋਲਡੀ, ਹਾਕਮ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਖਰੜ, ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨ ਆਗੂ ਹਰਜਿੰਦਰ ਸਿੰਘ ਬਲੌਂਗੀ, ਚੌਧਰੀ ਸ਼ਾਮ ਲਾਲ ਗੂੜ੍ਹਾ, ਬੰਨੀ ਕੰਗ, ਜਸਵੀਰ ਸਿੰਘ ਭੋਲਾ, ਗੁਰਿੰਦਰ ਸਿੰਘ ਬੈਦਵਾਣ ਤੇ ਰਾਜਵੀਰ ਸਿੰਘ ਰਾਜੀ ਸਮੇਤ ਹੋਰ ਵੀ ਕਈ ਰਾਜਸੀ ਸ਼ਖ਼ਸੀਅਤਾਂ ਵਲੋਂ ਹਾਜ਼ਰੀ ਲੁਆਈ ਗਈ | ਅੰਤਿਮ ਦਿਨ ਪਿੰਡ ਜੰਡਪੁਰ ਦੇ ਭਾਗ ਸਿੰਘ ਢਿੱਲੋਂ, ਜਸਵਿੰਦਰ ਸਿੰਘ, ਹਰਿੰਦਰ ਸਿੰਘ ਮੋਨੰੂ, ਚਰਨਜੀਤ ਸਿੰਘ ਤੇ ਵਿਸਾਖਾ ਸਿੰਘ ਆਦਿ ਪ੍ਰਬੰਧਕਾਂ ਵਲੋਂ ਸਮਾਗਮ ਦੇ ਪ੍ਰਬੰਧਾਂ ਦੌਰਾਨ ਸਹਿਯੋਗ ਦੇਣ ਬਦਲੇ ਸੰਗਤਾਂ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ |