ਚੰਡੀਗੜ੍ਹ, 31 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਦੇ ਅਧਿਕਾਰੀਆਂ ਵਲੋਂ ਵਧੀਕ ਡਾਇਰੈਕਟਰ ਹਰਜੀਤ ਸਿੰਘ ਗਰੇਵਾਲ ਅਤੇ ਡਿਪਟੀ ਡਾਇਰੈਕਟਰ (ਆਰਟ) ਹਰਦੀਪ ਸਿੰਘ ਨੂੰ ਉਨ੍ਹਾਂ ਦੀ ਸੇਵਾਮੁਕਤੀ 'ਤੇ ਨਿੱਘੀ ਵਿਦਾਇਗੀ ਦਿੱਤੀ ਗਈ | ਪੰਜਾਬ ਸਿਵਿਲ ਸਕੱਤਰ ਵਿਖੇ ਇਕ ਸਾਧ ਦੇ ਸਮਾਗਮ ਦੌਰਾਨ ਇਨ੍ਹਾਂ ਦੋਨਾਂ ਉੱਚ ਅਧਿਕਾਰੀਆਂ ਨੂੰ ਨਿੱਘੀ ਵਿਦਾਇਗੀ ਦਿੱਤੀ ਗਈ | ਵਿਭਾਗ ਵਲੋਂ ਰੱਖੇ ਗਏ ਸੇਵਾਮੁਕਤੀ ਸਮਾਗਮ ਵਿਚ ਮੁੱਖ ਮੰਤਰੀ ਦੇ ਓ.ਐੱਸ.ਡੀ. (ਮੀਡੀਆ) ਅਮਨਜੋਤ ਸਿੰਘ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਰਾਮਵੀਰ, ਡਾਇਰੈਕਟਰ ਵਿਮਲ ਸੇਤੀਆ, ਵਧੀਕ ਡਾਇਰੈਕਟਰ (ਪ੍ਰਬੰਧ) ਸੰਦੀਪ ਸਿੰਘ ਗੜ੍ਹਾ, ਵਧੀਕ ਡਾਇਰੈਕਟਰ ਰਣਦੀਪ ਸਿੰਘ ਆਹਲੂਵਾਲੀਆ, ਜਾਇੰਟ ਡਾਇਰੈਕਟਰ ਪ੍ਰੀਤਕੰਵਲ ਸਿੰਘ ਅਤੇ ਮਨਵਿੰਦਰ ਸਿੰਘ, ਡਿਪਟੀ ਡਾਇਰੈਕਟਰ ਗੁਰਮੀਤ ਸਿੰਘ ਖਹਿਰਾ, ਸ੍ਰੀਮਤੀ ਰੁਚੀ ਕਾਲੜਾ, ਨਵਦੀਪ ਸਿੰਘ ਗਿੱਲ, ਪ੍ਰਭਦੀਪ ਸਿੰਘ ਨੱਥੋਵਾਲ ਅਤੇ ਵਿਭਾਗ ਦੇ ਪੀ.ਆਰ.ਓਜ਼ ਸਮੇਤ ਸੀਨੀਅਰ ਅਧਿਕਾਰੀ ਸ਼ਾਮਲ ਹੋਏ, ਜਿਨ੍ਹਾਂ ਨੇ ਵਿਭਾਗ ਲਈ ਦੋਵਾਂ ਅਧਿਕਾਰੀਆਂ ਦੇ ਸ਼ਾਨਦਾਰ ਯੋਗਦਾਨ ਨੂੰ ਚੇਤੇ ਕਰਦਿਆਂ ਉਨ੍ਹਾਂ ਨੂੰ ਭਵਿੱਖ ਲਈ ਸ਼ੁਭ ਇੱਛਾਵਾਂ ਦਿੱਤੀਆਂ | ਵਿਭਾਗ ਵਿਚ 24 ਸਾਲਾਂ ਦੀ ਸ਼ਾਨਦਾਰ ਸੇਵਾ ਨਿਭਾ ਕੇ ਸੇਵਾਮੁਕਤ ਹੋਏ ਹਰਜੀਤ ਸਿੰਘ ਗਰੇਵਾਲ ਅਤੇ ਵਿਭਾਗ ਵਿਚ 35 ਸਾਲ ਦੇ ਸੇਵਾਕਾਲ ਨਿਭਾਉਣ ਵਾਲੇ ਹਰਦੀਪ ਸਿੰਘ ਦੀ ਉਨ੍ਹਾਂ ਦੇ ਸਮਰਪਣ, ਮਿਹਨਤ ਅਤੇ ਪ੍ਰਬੰਧਕੀ ਸੂਝ-ਬੂਝ ਲਈ ਭਰਵੀਂ ਸ਼ਲਾਘਾ ਕੀਤੀ ਗਈ | ਗਰੇਵਾਲ ਅਤੇ ਹਰਦੀਪ ਸਿੰਘ ਦੀ ਵਿਭਾਗ ਵਿਚ ਲੰਬੇ ਯੋਗਦਾਨ ਦੀ ਪ੍ਰਸ਼ੰਸਾ ਕਰਦਿਆਂ ਵਿਭਾਗ ਦੇ ਸਕੱਤਰ ਰਾਮਵੀਰ ਨੇ ਉਨ੍ਹਾਂ ਨੂੰ ਸੇਵਾਮੁਕਤੀ ਤੋਂ ਬਾਅਦ ਦੇ ਜੀਵਨ ਅਤੇ ਚੰਗੇਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ | ਇਸ ਮੌਕੇ ਦੋਵਾਂ ਅਧਿਕਾਰੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਕਾਰਜਕਾਲ ਲਈ ਵਿਭਾਗ ਵਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ |