ਐੱਸ.ਏ.ਐੱਸ. ਨਗਰ, 23 ਦਸੰਬਰ (ਕਪਿਲ ਵਧਵਾ)-ਆਈ.ਟੀ. ਸਿਟੀ ਥਾਣਾ ਖੇਤਰ ਅੰਦਰ 8 ਮਹੀਨੇ ਦੀ ਗਰਭਵਤੀ ਔਰਤ ਵਲੋਂ ਫਾਹਾ ਲਗਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕਾ ਦੀ ਪਛਾਣ ਗੁਰਸ਼ਰਨ ਕੌਰ (24) ਵਜੋਂ ਹੋਈ ਹੈ | ਪੁਲਿਸ ਨੇ ਮਿ੍ਤਕਾ ਦੇ ਪਤੀ ਦਲਜੀਤ ਸਿੰਘ ਵਿਰੁੱਧ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਮਿ੍ਤਕਾ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਗੁਰਸ਼ਰਨ ਕੌਰ ਦਾ ਵਿਆਹ ਲਗਭਗ 10 ਮਹੀਨੇ ਪਹਿਲਾਂ ਪਿੰਡ ਸੇਖਣਮਾਜਰਾ ਦੇ ਰਹਿਣ ਵਾਲੇ ਦਲਜੀਤ ਸਿੰਘ ਨਾਲ ਹੋਇਆ ਸੀ | ਵਿਆਹ ਤੋਂ ਬਾਅਦ ਹੀ ਦਲਜੀਤ ਸਿੰਘ ਉਸ ਨੂੰ ਤੰਗ-ਪ੍ਰੇਸ਼ਾਨ ਕਰਦਾ ਸੀ ਅਤੇ ਕਈ ਵਾਰ ਕੁੱਟਮਾਰ ਵੀ ਕਰਦਾ ਰਿਹਾ | ਪਰਿਵਾਰਕ ਮੈਂਬਰਾਂ ਮੁਤਾਬਕ ਗੁਰਸ਼ਰਨ ਕੌਰ ਨੇ ਕਈ ਵਾਰ ਆਪਣੇ ਪੇਕੇ ਘਰ ਆ ਕੇ ਦੱਸਿਆ ਸੀ ਕਿ ਉਸ ਦਾ ਪਤੀ ਦਾਜ ਦੀ ਮੰਗ ਕਰਕੇ ਉਸ ਨਾਲ ਤਸ਼ੱਦਦ ਕਰਦਾ ਹੈ | ਪਰਿਵਾਰ ਵਲੋਂ ਸਮਝਾ-ਬੁਝਾ ਕੇ ਉਸ ਨੂੰ ਘਰ ਸੰਭਾਲਣ ਦੀ ਸਲਾਹ ਦਿੱਤੀ ਜਾਂਦੀ ਰਹੀ | ਜਾਣਕਾਰੀ ਅਨੁਸਾਰ ਮੰਗਲਵਾਰ ਦੀ ਸਵੇਰ ਦਲਜੀਤ ਸਿੰਘ ਆਪਣੀ ਪਤਨੀ ਨੂੰ ਡਾਕਟਰ ਕੋਲ ਦਵਾਈ ਦਿਵਾ ਕੇ ਘਰ ਲੈ ਕੇ ਆਇਆ ਸੀ | ਦੁਪਹਿਰ ਸਮੇਂ ਘਰ ਦੇ ਹੋਰ ਪਰਿਵਾਰਕ ਮੈਂਬਰ ਆਪਣੀ ਧੀ ਦੇ ਘਰ ਗਏ ਹੋਏ ਸਨ | ਇਸ ਦੌਰਾਨ ਦਲਜੀਤ ਸਿੰਘ ਵੀ ਕਿਸੇ ਕੰਮ ਕਾਰਨ ਘਰੋਂ ਬਾਹਰ ਚਲਾ ਗਿਆ ਅਤੇ ਗੁਰਸ਼ਰਨ ਕੌਰ ਘਰ ਵਿਚ ਇਕੱਲੀ ਸੀ | ਇਸੇ ਦੌਰਾਨ ਉਸ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ | ਜਿਸ ਨਾਲ ਉਸ ਦੇ ਨਾਲ ਨਾਲ ਉਸ ਦੇ ਬੱਚੇ ਦੀ ਵੀ ਮੌਤ ਹੋ ਗਈ | ਸ਼ਾਮ ਨੂੰ ਜਦੋਂ ਦਲਜੀਤ ਸਿੰਘ ਘਰ ਵਾਪਸ ਆਇਆ ਤਾਂ ਉਸ ਨੇ ਆਪਣੀ ਪਤਨੀ ਨੂੰ ਕਮਰੇ ਵਿਚ ਫਾਹੇ ਨਾਲ ਲਟਕਦਾ ਦੇਖਿਆ ਅਤੇ ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ | ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਰੱਖਵਾ ਦਿੱਤਾ ਹੈ | ਆਈ. ਟੀ ਸਿਟੀ ਥਾਣਾ ਪੁਲਿਸ ਵਲੋਂ ਮਿ੍ਤਕਾ ਦੇ ਪਤੀ ਦਲਜੀਤ ਸਿੰਘ ਖ਼ਿਲਾਫ਼ ਸੰਬੰਧਿਤ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਗਿਆ ਹੈ | ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪੱਖੋਂ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ |