ਤਲਵੰਡੀ ਸਾਬੋ, 23 ਨਵੰਬਰ (ਰਣਜੀਤ ਸਿੰਘ ਰਾਜੂ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੀ ਨਾਮਵਰ ਵਿੱਦਿਅਕ ਸੰਸਥਾ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਦੇ ਪੰਜਾਬੀ ਵਿਭਾਗ ਵਲੋਂ ਪੰਜਾਬੀ ਮਾਤ ਭਾਸ਼ਾ ਨੂੰ ਸਮਰਪਿਤ ਪੰਜਾਬੀ ਮਾਹ ਉਤਸ਼ਾਹਪੂਰਵਕ ਮਨਾਇਆ ਗਿਆ | ਇਸ ਅਧੀਨ ਵਿਦਿਆਰਥਣਾਂ ਵਿੱਚ ਭਾਸ਼ਾਈ ਜਾਗਰੂਕਤਾ ਫੈਲਾਉਣ ਲਈ ਵੱਖ-ਵੱਖ ਸਾਹਿਤਕ ਮੁਕਾਬਲੇ ਅਤੇ ਰਚਨਾਤਮਿਕ ਗਤੀਵਿਧੀਆਂ ਕਰਵਾਈਆਂ ਗਈਆਂ | ਐੱਮ.ਏ. ਪੰਜਾਬੀ ਭਾਗ-ਦੂਜਾ ਦੀ ਵਿਦਿਆਰਥਣ ਕਮਲਦੀਪ ਕੌਰ ਨੇ 'ਪੰਜਾਬੀ ਭਾਸ਼ਾ: ਇਤਿਹਾਸ ਅਤੇ ਅਜੋਕੀ ਸਥਿਤੀ' ਵਿਸ਼ੇ ਉੱਤੇ ਆਪਣਾ ਪੇਪਰ ਪੜ੍ਹਦੇ ਹੋਏ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਸਮਕਾਲੀ ਚੁਣੌਤੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ | ਇਸੇ ਤਰ੍ਹਾਂ ਬੀ.ਏ.-ਭਾਗ ਤੀਜਾ ਦੀਆਂ ਵਿਦਿਆਰਥਣਾਂ ਜੈਸਮੀਨ ਕੌਰ, ਜਸਵਿੰਦਰ ਕੌਰ, ਮਨਪ੍ਰੀਤ ਕੌਰ, ਜਸ਼ਨਦੀਪ ਕੌਰ ਅਤੇ ਪ੍ਰੀਆ ਰਾਣੀ ਵੱਲੋਂ ਆਪਣੀਆਂ ਮੌਲਿਕ ਕਵਿਤਾਵਾਂ ਪੇਸ਼ ਕੀਤੀਆਂ ਗਈਆਂ | ਬੀ.ਐੱਸ.ਸੀ. ਭਾਗ-ਦੂਜਾ ਦੀ ਵਿਦਿਆਰਥਣ ਅਮਨਜੋਤ ਕੌਰ ਨੇ 'ਕਿਸਾਨ ਦੀ ਦੁਆ' ਕਵਿਤਾ ਦਾ ਸੁੰਦਰ ਉਚਾਰਣ ਕਰਕੇ ਹਾਜ਼ਰੀਨ ਦਾ ਮਨ ਮੋਹ ਲਿਆ | ਇਸ ਮੌਕੇ ਪੰਜਾਬੀ ਭਾਸ਼ਾ ਦੇ ਸਮਰਪਿਤ ਪ੍ਰਚਾਰਕ ਹਰਪ੍ਰੀਤ ਸਿੰਘ ਬਹਿਣੀਵਾਲ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ | ਉਨ੍ਹਾਂ ਦਾ ਨਿੱਘਾ ਸਵਾਗਤ ਪ੍ਰੋ. ਸਿਮਰਜੀਤ ਕੌਰ ਵਲੋਂ ਕੀਤਾ ਗਿਆ | ਹਰਪ੍ਰੀਤ ਸਿੰਘ ਨੇ ਕਿਹਾ ਕਿ ਆਪਣੀ ਮਾਂ-ਬੋਲੀ ਲਈ ਸਤਿਕਾਰ ਅਤੇ ਪਿਆਰ ਸਾਡਾ ਫ਼ਰਜ਼ ਹੈ | ਇਸ ਮੌਕੇ ਕਾਲਜ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਧਰਮ ਪ੍ਰਚਾਰ ਕਮੇਟੀ ਦੇ ਸਹਿਯੋਗ ਨਾਲ ਚੱਲ ਰਹੀ ਮੁਫ਼ਤ ਵਿੱਦਿਆ ਯੋਜਨਾ ਅਧੀਨ ਦੂਸਰੇ ਰਾਜਾਂ ਤੋਂ ਪੜ੍ਹ ਰਹੀਆਂ ਵਿਦਿਆਰਥਣਾਂ ਨੂੰ ਅਤੇ ਵੱਖ-ਵੱਖ ਮੁਕਾਬਲਿਆਂ ਵਿਚ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਪੈਂਤੀ ਅੱਖਰੀ ਦੀ ਫੱਟੀ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਵਿਭਾਗ ਮੁਖੀ ਡਾ. ਅਮਨਪਾਲ ਕੌਰ ਨੇ ਹਰਪ੍ਰੀਤ ਸਿੰਘ ਬਹਿਣੀਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪੰਜਾਬੀ ਭਾਸ਼ਾ ਅਤੇ ਵਿਰਸੇ ਦੀ ਸੰਭਾਲ ਲਈ ਕੀਤੇ ਜਾ ਰਹੇ ਯਤਨ ਕਾਬਿਲ-ਏ-ਤਾਰੀਫ਼ ਹਨ | ਕਾਲਜ ਪਿ੍ੰਸੀਪਲ ਡਾ. ਨਰਿੰਦਰ ਸਿੰਘ ਨੇ ਪੰਜਾਬੀ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ | ਪ੍ਰੋਗਰਾਮ 'ਚ ਕਾਮਰਸ ਵਿਭਾਗ ਦੀ ਮੁਖੀ ਪ੍ਰੋ. ਰਾਜਨਦੀਪ ਕੌਰ, ਪ੍ਰੋ.ਰਾਜਵਿੰਦਰ ਕੌਰ, ਪ੍ਰੋ.ਧਨਵੀਰ ਕੌਰ ਅਤੇ ਪੰਜਾਬੀ ਵਿਭਾਗ ਦਾ ਸਮੁੱਚਾ ਸਟਾਫ਼ ਮੌਜੂਦ ਰਿਹਾ |