ਜੇਠੂਵਾਲ, 23 ਦਸਬੰਰ (ਮਿੱਤਰਪਾਲ ਸਿੰਘ ਰੰਧਾਵਾ)-ਪੰਜਾਬ ਪੁਲਿਸ ਵਲੋਂ ਸ਼ੁਰੂ ਕੀਤੀ ਗਈ ਨਸ਼ਿਆਂ ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਮੁਹਿੰਮ ਨੂੰ ਪੁਲਿਸ ਵਲੋਂ ਅਮਲੀਜਾਮਾ ਪਹਿਨਾਉਣ ਲਈ ਪੁਲਿਸ ਵਲੋਂ ਪੂਰੀ ਤਰ੍ਹਾਂ ਸ਼ਿਕੰਜਾ ਕੱਸਿਆ ਗਿਆ ਹੈ | ਜਿਸ ਤਹਿਤ ਐੱਸ. ਐੱਸ. ਪੀ. ਅੰਮਿ੍ਤਸਰ ਦਿਹਾਤੀ ਸੁਹੇਲ ਕਾਸਿਮ ਮੀਰ ਵਲੋਂ ਦਿੱਤੀਆਂ ਗਈਆਂ ਹਦਾਇਤਾਂ 'ਤੇ ਐੱਸ. ਐੱਚ. ਓ. ਮਨਤੇਜ ਸਿੰਘ ਹੇਅਰ ਕੰਬੋਅ ਵਲੋਂ ਪਿੰਡਾਂ ਵਿਚ ਨਸ਼ਿਆਂ ਦੇ ਕੋਹੜ ਨੂੰ ਖ਼ਤਮ ਕਰਨ ਲਈ ਪੁਲਿਸ ਵਲੋਂ ਨਾਕੇ ਲਾ ਕੇ ਤੇ ਗਸ਼ਤ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪੈ ਸਕੇ | ਉਕਤ ਸ਼ਬਦਾਂ ਦਾ ਪ੍ਰਗਟਾਵਾ ਪੁਲਿਸ ਚੌਕੀ ਸੋਹੀਆਂ ਖੁਰਦ ਦੇ ਇਚਾਰਜ਼ ਏ. ਐੱਸ. ਆਈ. ਤਰਸੇਮ ਸਿੰਘ ਨੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਨੂੰ ਤਾਂ ਹੀ ਸਫ਼ਲਤਾ ਮਿਲੇਗੀ, ਜੇਕਰ ਪਿੰਡਾਂ ਵਿਚਲੀਆਂ ਪੰਚਾਇਤਾਂ ਤੇ ਆਮ ਲੋਕ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਪੁਲਿਸ ਨੂੰ ਸਹਿਯੋਗ ਦੇਣ ਤਾਂ ਜੋ ਨਸ਼ਿਆਂ ਨੂੰ ਪਿੰਡਾਂ ਵਿਚੋਂ ਖ਼ਤਮ ਕੀਤਾ ਜਾ ਸਕੇ | ਇਸ ਮੌਕੇ ਏ. ਐੱਸ. ਆਈ. ਬਿਕਰਮ ਸਿੰਘ, ਹੌਲਦਾਰ ਬਲਵਿੰਦਰ ਸਿੰਘ, ਹਰਜੀਤ ਸਿੰਘ ਰਾਜਵਿੰਦਰ ਸਿੰਘ ਆਦਿ ਮੁਲਾਜ਼ਮ ਸ਼ਾਮਿਲ ਸਨ |