ਮਲੋਟ, 24 ਦਸੰਬਰ (ਪਾਟਿਲ)-ਮਲੋਟ ਨਵੀਂ ਦਾਣਾ ਮੰਡੀ ਸਥਿਤ ਮਾਰਕੀਟ ਕਮੇਟੀ ਦਫ਼ਤਰ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਜਥੇਬੰਦੀ ਪੰਜਾਬ ਦੀ ਮੀਟਿੰਗ ਹੋਈ | ਮੀਟਿੰਗ ਦੀ ਅਗਵਾਈ ਸੀਨੀਅਰ ਮੀਤ ਪ੍ਰਧਾਨ ਪੰਜਾਬ ਗੁਰਦਰਸ਼ਨ ਸਿੰਘ, ਮੀਤ ਪ੍ਰਧਾਨ ਪੰਜਾਬ ਨਾਨਕ ਸਿੰਘ, ਯੂਥ ਪ੍ਰਧਾਨ ਪੰਜਾਬ ਨੇਤਾ ਸਿੰਘ ਮਾਨ ਅਤੇ ਯੂਥ ਸੀਨੀਅਰ ਮੀਤ ਪ੍ਰਧਾਨ ਪੰਜਾਬ ਜਸਪਾਲ ਸਿੰਘ ਵਲੋਂ ਕੀਤੀ ਗਈ | ਮੀਟਿੰਗ ਵਿਚ ਬਲਾਕ ਪ੍ਰਧਾਨ ਅਰਸ਼ਦੀਪ ਸਿੰਘ ਸੋਢੀ, ਮੀਤ ਪ੍ਰਧਾਨ ਬਲਦੇਵ ਸਿੰਘ ਸ਼ਾਮਖੇੜਾ, ਮਨਜਿੰਦਰ ਸਿੰਘ ਮਲੋਟ ਬਲਾਕ ਆਗੂ, ਰਜਿੰਦਰ ਸਿੰਘ ਰੱਥੜੀਆਂ ਸਮੇਤ ਹੋਰ ਕਿਸਾਨ ਆਗੂ ਵੀ ਹਾਜ਼ਰ ਸਨ | ਇਸ ਮੌਕੇ ਜਥੇਬੰਦੀ ਵਲੋਂ ਚਿੱਪ ਵਾਲੇ ਬਿਜਲੀ ਮੀਟਰਾਂ ਦੇ ਵਿਰੋਧ ਵਿਚ ਮਤਾ ਪਾਸ ਕੀਤਾ ਗਿਆ ਤੇ ਕਿਹਾ ਕਿ ਕਿਸੇ ਵੀ ਕੀਮਤ 'ਤੇ ਚਿੱਪ ਵਾਲੇ ਮੀਟਰ ਨਹੀਂ ਲੱਗਣ ਦਿੱਤੇ ਜਾਣਗੇ | ਜਥੇਬੰਦੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜ਼ਬਰਦਸਤੀ ਇਹ ਮੀਟਰ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਤੇਜ ਸੰਘਰਸ਼ ਕੀਤਾ ਜਾਵੇਗਾ | ਮੀਟਿੰਗ ਦੌਰਾਨ ਉਨ੍ਹਾਂ ਦੱਸਿਆ ਕਿ ਇਕ ਚਿੱਪ ਵਾਲਾ ਮੀਟਰ ਪਿੰਡ ਈਨਾਖੇੜਾ ਤੋਂ ਉਤਾਰ ਕੇ ਮਹਿਕਮੇ ਵਿਚ ਜਮਾਂ ਕਰਵਾਇਆ ਗਿਆ ਹੈ | ਇਸ ਦੇ ਨਾਲ ਹੀ ਸਰਕਾਰ ਵਲੋਂ ਲਿਆਂਦੇ ਗਏ ਬੀਜ ਸੋਧ ਬਿੱਲ ਦਾ ਵੀ ਸਖ਼ਤ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ | ਇਸ ਮੌਕੇ ਜਸਸ਼ਨਪ੍ਰੀਤ ਸਿੰਘ ਆਦਿ ਕਿਸਾਨ ਆਗੂ ਵੀ ਹਾਜ਼ਰ ਰਹੇ ਅਤੇ ਸਭ ਨੇ ਇਕਜੁੱਟ ਹੋ ਕੇ ਕਿਸਾਨ ਹੱਕਾਂ ਦੀ ਲੜਾਈ ਜਾਰੀ ਰੱਖਣ ਦਾ ਸੰਕਲਪ ਲਿਆ |