ਫ਼ਰੀਦਕੋਟ, 24 ਦਸੰਬਰ (ਜਸਵੰਤ ਸਿੰਘ ਪੁਰਬਾ)-ਪਿਛਲੇ ਦਿਨੀਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਵਲੋਂ ਇਕ ਧੰਨਵਾਦੀ ਸਮਾਗਮ ਦੌਰਾਨ ਇਕ ਪ੍ਰੈੱਸ ਕਾਨਫ਼ਰੰਸ ਕੀਤੀ ਗਈ ਸੀ | ਜਿਸ ਦੌਰਾਨ ਉਨ੍ਹਾਂ ਵਲੋਂ ਫ਼ਰੀਦਕੋਟ ਦੇ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਦੇ ਖ਼ਿਲਾਫ਼ ਕਾਫ਼ੀ ਗਰਮ ਬਿਆਨ ਦਿੱਤੇ ਸਨ | ਜਿਨ੍ਹਾਂ 'ਤੇ ਆਪਣੇ ਹੀ ਉਮੀਦਵਾਰ ਨੂੰ ਧੜੇਬੰਦੀ ਦੇ ਚੱਲਦੇ ਹਰਾਉਣ ਲਈ ਆਪਣੀ ਹੀ ਵੋਟ ਦਾ ਇਸਤੇਮਾਲ ਨਾ ਕਰਨ ਦੇ ਇਲਜ਼ਾਮ ਲਗਾਏ ਸਨ | ਕਾਂਗਰਸੀ ਪਾਰਟੀ ਦੇ ਜ਼ਿਲ੍ਹਾ ਪੱਧਰੀ ਲੀਡਰਸ਼ਿਪ ਤੇ ਆਪਸੀ ਗੁੱਟਬੰਦੀ ਦੇ ਸਵਾਲ ਖੜੇ੍ਹ ਕੀਤੇ ਸਨ | ਚੋਣਾਂ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਫ਼ਾਇਦਾ ਦੇਣ ਲਈ ਉਨ੍ਹਾਂ ਦੇ ਮੁਕਾਬਲੇ ਹਲਕੇ ਉਮੀਦਵਾਰ ਖੜੇ੍ਹ ਕਰਨ ਦੇ ਇਲਜ਼ਾਮ ਲਗਾਏ ਸਨ | ਅੱਜ ਕੁਸ਼ਲਦੀਪ ਸਿੰਘ ਢਿੱਲੋਂ ਵਲੋਂ ਆਪਣੇ ਗ੍ਰਹਿ ਵਿਖੇ ਜੇਤੂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰਾਂ ਦਾ ਸਨਮਾਨ ਕਰਨ ਅਤੇ ਪਾਰਟੀ ਵਰਕਰਾਂ ਨਾਲ ਮੀਟਿੰਗ ਲਈ ਸਮਾਗਮ ਰੱਖਿਆ ਸੀ ਜਿਸ ਦੌਰਾਨ ਉਨ੍ਹਾਂ ਸਾਰੇ ਇਲਜ਼ਾਮਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਅਕਾਲੀ ਦਲ 'ਤੇ ਤਿੱਖੇ ਨਿਸ਼ਾਨੇ ਲਗਾਏ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਕ ਨੈਸ਼ਨਲ ਪਾਰਟੀ ਹੈ ਜਿਸ ਅੰਦਰ ਬਹੁਤ ਵੱਡਾ ਪਰਿਵਾਰ ਹੈ ਜਿਥੇ ਥੋੜੇ ਬਹੁਤ ਸ਼ਿਕਵੇ ਸ਼ਿਕਾਇਤ ਚੱਲਦੇ ਰਹਿੰਦੇ ਹਨ ਪਰ ਅਕਾਲੀ ਦਲ ਤਾਂ ਗੁੱਟਬੰਦੀ ਦੇ ਚੱਲਦੇ ਇਨ੍ਹਾਂ ਵੰਡਿਆ ਗਿਆ ਕਿ ਅੱਜ ਚਾਰ ਚਾਰ ਅਕਾਲੀ ਦਲ ਬਣ ਗਏ | ਉਨ੍ਹਾਂ ਕਿਹਾ ਕਿ ਬੰਟੀ ਰੋਮਾਣਾ ਨੂੰ ਤਾਂ ਦਿਨ ਰਾਤ ਸੌਂਦੇ ਜਾਗਦੇ ਸੁਪਨਿਆਂ 'ਚ ਵੀ ਮੈਂ ਹੀ ਨਜ਼ਰ ਆਉਂਦਾ ਹਾਂ | ਜਿਸ ਨੇ ਸਿਆਸਤ ਵੀ ਮੇਰੇ ਨਾਮ ਨਾਲ ਹੀ ਕੀਤੀ ਹੈ ਜਿਨ੍ਹਾਂ ਨੂੰ ਅਹੁਦਾ ਵੀ ਮੇਰੇ ਖ਼ਿਲਾਫ਼ ਬੋਲਣ ਨਾਲ ਹੀ ਮਿਲਿਆ ਪਰ ਮੈਂ ਇਨ੍ਹਾਂ ਗੱਲਾਂ ਨੂੰ ਧਿਆਨ ਨਾ ਦੇ ਕੇ ਲੋਕਾਂ ਦੀ ਸੇਵਾ ਅਤੇ ਲੋਕਾਂ ਦੇ ਕੰਮ ਕਰਨਾ ਹੈ |