ਸ੍ਰੀ ਮੁਕਤਸਰ ਸਾਹਿਬ, 25 ਦਸੰਬਰ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਕੋਆਪ੍ਰੇਟਿਵ ਰਿਟਾਇਰੀਜ਼ ਵੈੱਲਫ਼ੇਅਰ ਐਸੋਸੀਏਸ਼ਨ ਦੀ ਮੀਟਿੰਗ ਚੇਅਰਮੈਨ ਸੰਤੋਖ ਸਿੰਘ ਭੰਡਾਰੀ ਰਿਟਾ. ਸੰਯੁਕਤ ਰਜਿਸਟਰਾਰ ਸਹਿਕਾਰਤਾ ਵਿਭਾਗ ਦੀ ਪ੍ਰਧਾਨਗੀ ਹੇਠ ਦੀ ਮੁਕਤਸਰ ਕੇਂਦਰੀ ਸਹਿਕਾਰੀ ਬੈਂਕ ਦੇ ਮੁੱਖ ਦਫ਼ਤਰ ਕੋਟਕਪੂਰਾ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ | ਮੀਟਿੰਗ ਦੇ ਸ਼ੁਰੂ 'ਚ ਸੰਸਥਾ ਦੀ ਸੀਨੀਅਰ ਮੈਂਬਰ ਚੌਧਰੀ ਬਲਵੀਰ ਸਿੰਘ ਦੀ ਬੇਟੀ ਦੇ ਬੇਵਕਤ ਦਿਹਾਂਤ 'ਤੇ ਅਫ਼ਸੋਸ ਪ੍ਰਗਟ ਕਰਦੇ ਹੋਏ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ | ਉਪਰੰਤ ਮਲੂਕ ਸਿੰਘ ਸੇਵਾ ਮੁਕਤ ਨਿਰੀਖਕ ਵਲੋਂ ਧਾਰਮਿਕ ਗੀਤ ਪੇਸ਼ ਕੀਤਾ ਗਿਆ | ਇਸ ਮਗਰੋਂ ਬਲਵੀਰ ਸਿੰਘ ਨੇ ਮੁਲਾਜ਼ਮਾਂ/ਪੈਨਸ਼ਨਰਾਂ ਦੀਆਂ ਮੁੱਖ ਮੰਗਾਂ ਸੰਬੰਧੀ ਵਿਸਥਾਰ ਨਾਲ ਚਰਚਾ ਕੀਤੀ | ਇਸ ਮੌਕੇ ਸਰਕਾਰ ਤੋਂ ਮੰਗਾਂ ਨੂੰ ਪੂਰਾ ਕਰਨ ਤੇ ਰਹਿੰਦੇ ਬਕਾਏ ਜਲਦ ਜਾਰੀ ਕਰਨ ਦੀ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਗਈ | ਰੇਸ਼ਮ ਸਿੰਘ ਥਾਂਦੇਵਾਲਾ ਸੇਵਾ ਮੁਕਤ ਮੈਨੇਜਰ ਵਲੋਂ ਵਡੇਰੀ ਉਮਰ ਵਿਚ ਸਿਹਤ ਦਾ ਧਿਆਨ ਰੱਖਣ ਤੇ ਸਿਹਤ ਸੰਬੰਧੀ ਨੁਕਤਿਆਂ ਨੂੰ ਸਾਂਝਾ ਕੀਤਾ | ਮੀਟਿੰਗ ਦੌਰਾਨ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਬਲਜੀਤ ਸਿੰਘ ਸੇਵਾ ਮੁਕਤ ਅਸਿਸਟੈਂਟ ਵਲੋਂ ਨਿਭਾਈ ਗਈ | ਮੀਟਿੰਗ ਦੌਰਾਨ ਨੈਬ ਸਿੰਘ, ਅਜੀਤ ਸਿੰਘ, ਅਵਤਾਰ ਸਿੰਘ, ਦਲੀਪ ਸਿੰਘ, ਹਰਨੇਕ ਸਿੰਘ ਆਦਿ ਹਾਜ਼ਰ ਸਨ |