ਸਾਹਨੇਵਾਲ (ਖੰਨਾ), 23 ਸਤੰਬਰ (ਅਮਰਜੀਤ ਸਿੰਘ ਮੰਗਲੀ)-ਸਾਹਨੇਵਾਲ ਥਾਣੇ ਦੇ ਅਧੀਨ ਆਉਂਦੇ ਪਿੰਡ ਨੰਦਪੁਰ ਸੂਆ ਰੋਡ 'ਤੇ ਬੀਤੀ ਰਾਤ ਖਾਣ-ਪੀਣ ਦੇ ਪੈਸਿਆਂ ਸੰਬੰਧੀ ਅਹਾਤੇ ਮਾਲਕ ਅਮਿਤ ਕੁਮਾਰ ਨੂੰ 3 ਅਣਪਛਾਤੇ ਨੌਜਵਾਨਾਂ ਵਲੋਂ ਗੋਲੀ ਮਾਰ ਦਿੱਤੀ ਗਈ, ਜਿਸ ਨੂੰ ਜ਼ਖ਼ਮੀ ਹਾਲਤ 'ਚ ਅਪੋਲੋ ਹਸਪਤਾਲ ਪਹੁੰਚਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਭਰਾ ਤੇ ਯੂਥ ਕਾਂਗਰਸ ਆਗੂ ਅਨੁਜ ਕੁਮਾਰ ਨੇ ਦੱਸਿਆ ਕਿ ਉਸ ਦਾ ਭਰਾ ਅਤੇ ਇਕ ਨੌਕਰ ਅਹਾਤੇ 'ਚ ਮੌਜੂਦ ਸਨ ਤਾਂ ਮੋਟਰਸਾਈਕਲ 'ਤੇ ਤਿੰਨ ਨੌਜਵਾਨ ਆਏ, ਜਿਨ੍ਹਾਂ ਨੇ ਖਾਣ ਵਾਸਤੇ ਸਾਮਾਨ ਪੈਕ ਕਰਵਾਇਆ, ਜਦੋਂ ਉਨ੍ਹਾਂ ਤੋਂ ਉਸ ਦਾ ਭਰਾ ਅਮਿਤ ਕੁਮਾਰ ਬਿੱਲ ਦੇ ਪੈਸੇ ਮੰਗਣ ਲੱਗਾ ਤਾਂ ਉਨ੍ਹਾਂ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਗ਼ੁੱਸੇ ਵਿਚ ਆ ਕੇ ਉਨ੍ਹਾਂ ਨੇ ਰਿਵਾਲਵਰ ਕੱਢ ਲਿਆ ਅਤੇ ਉਸ ਦੇ ਭਰਾ ਉਪਰ ਗੋਲੀ ਚਲਾ ਦਿੱਤੀ, ਜੋ ਉਸ ਦੇ ਭਰਾ ਦੇ ਛਾਤੀ ਵਿਚ ਲੱਗੀ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੇ ਦੋ ਛੋਟੇ-ਛੋਟੇ ਬੱਚੇ ਹਨ। ਐਸ. ਐਚ. ਓ. ਗੁਰਮੁਖ ਸਿੰਘ ਦਿਓਲ ਅਤੇ ਏ. ਸੀ. ਪੀ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ, ਜਿਨ੍ਹਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਚੱਲੀ ਗੋਲੀ ਦੌਰਾਨ ਅਹਾਤੇ ਮਾਲਕ ਦੀ ਮੌਤ
ਅਜੀਤ ਡੈਸਕ
24-09-2025