ਜਲੰਧਰ, 31 ਅਕਤੂਬਰ (ਜਸਪਾਲ ਸਿੰਘ)-ਪੰਜਾਬ ਦੇ ਬੁੱਧੀਜੀਵੀਆਂ, ਲੇਖਕਾਂ ਅਤੇ ਪੱਤਰਕਾਰਾਂ ਦੀ ਸਾਂਝੀ ਜਥੇਬੰਦੀ ਪੰਜਾਬ ਚੇਤਨਾ ਮੰਚ (ਜਲੰਧਰ) ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ, ਜਨਰਲ ਸਕੱਤਰ ਤੇ ਉਘੇ ਪੱਤਰਕਾਰ ਸਤਨਾਮ ਸਿੰਘ ਮਾਣਕ, ਜਥੇਬੰਦਕ ਸਕੱਤਰ ਗੁਰਮੀਤ ਪਲਾਹੀ, ਦੁਆਬਾ ਜ਼ੋਨ ਦੇ ਸਕੱਤਰ ਰਵਿੰਦਰ ਚੋਟ, ਮਾਝਾ ਜ਼ੋਨ ਦੇ ਸਕੱਤਰ ਰਜਿੰਦਰ ਸਿੰਘ ਰੂਬੀ ਤੇ ਮਾਲਵਾ ਜ਼ੋਨ ਦੇ ਸਕੱਤਰ ਡਾ. ਗੁਰਚਰਨ ਸਿੰਘ ਨੂਰਪੁਰ ਨੇ ਦੇਸ਼-ਵਿਦੇਸ਼ 'ਚ ਵੱਸਦੇ ਪੰਜਾਬੀਆਂ ਨੂੰ 59ਵੇਂ ਪੰਜਾਬ ਦਿਵਸ ਦੀ ਵਧਾਈ ਦਿੰਦੇ ਹੋਏ ਉਨ੍ਹਾਂ ਨੂੰ ਪੰਜਾਬ ਨੂੰ ਦਰਪੇਸ਼ ਚੁਣੌਤੀਆਂ ਦਾ ਮਿਲ ਕੇ ਸਾਹਮਣਾ ਕਰਨ ਦਾ ਸੱਦਾ ਦਿੱਤਾ ਹੈ | ਚੇਤਨਾ ਮੰਚ ਦੇ ਆਗੂਆਂ ਨੇ ਕਿਹਾ ਕਿ ਅੱਜ ਪੰਜਾਬ ਅਨੇਕਾਂ ਮੁਸ਼ਕਿਲਾਂ 'ਚ ਘਿਰਿਆ ਹੋਇਆ ਹੈ ਤੇ ਇਨ੍ਹਾਂ ਲਈ ਜਿਥੇ ਸਮੇਂ ਦੀਆਂ ਕੇਂਦਰੀ ਸਰਕਾਰਾਂ ਜ਼ਿੰਮੇਵਾਰ ਹਨ, ਉਥੇ ਪੰਜਾਬ ਦੀ ਸੱਤਾ 'ਤੇ ਕਾਬਜ਼ ਰਹੀਆਂ ਸਰਕਾਰਾਂ ਤੇ ਸਿਆਸੀ ਪਾਰਟੀਆਂ ਵੀ ਬਰਾਬਰ ਦੀਆਂ ਜ਼ਿੰਮੇਵਾਰ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਚੁਣੌਤੀਆਂ ਤੋਂ ਘਬਰਾਉਣ ਦੀ ਨਹੀਂ ਬਲਕਿ ਮਿਲ ਕੇ ਸੰਘਰਸ਼ ਕਰਨ ਦੀ ਲੋੜ ਹੈ ਤੇ ਇਸ ਲੜਾਈ 'ਚ ਹਰ ਪੰਜਾਬੀ ਨੂੰ ਆਪੋ ਆਪਣੇ ਪੱਧਰ 'ਤੇ ਯੋਗਦਾਨ ਪਾਉਣਾ ਚਾਹੀਦਾ ਹੈ |