ਮਲੇਰਕੋਟਲਾ, 31 ਅਕਤੂਬਰ (ਮੁਹੰਮਦ ਹਨੀਫ਼ ਥਿੰਦ)-ਸਾਬਕਾ ਡੀ.ਜੀ.ਪੀ. ਪੰਜਾਬ ਮੁਹੰਮਦ ਮੁਸਤਫਾ ਅਤੇ ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਇਕਲੌਤੇ ਬੇਟੇ ਆਕਿਲ ਅਖ਼ਤਰ ਦੀ 16 ਅਕਤੂਬਰ ਨੂੰ ਪੰਚਕੂਲਾ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਹੋਈ ਮੌਤ ਪਿੱਛੋਂ ਮਰਹੂਮ ਦੀ ਪਤਨੀ ਅਤੇ ਪੰਜਾਬ ਵਕਫ਼ ਬੋਰਡ ਦੀ ਸਾਬਕਾ ਚੇਅਰਪਰਸਨ ਬੀਬਾ ਜ਼ੈਨਬ ਅਖ਼ਤਰ ਨੇ ਇਕ ਵੀਡੀਓ ਨੂੰ ਅਧਾਰ ਬਣਾ ਕੇ ਨਾਮੀ ਪਰਿਵਾਰ ਅਤੇ ਪਵਿੱਤਰ ਰਿਸ਼ਤਿਆਂ ਨੂੰ ਬਦਨਾਮ ਕਰਨ ਵਾਲਿਆਂ ਨੂੰ ਕੋਸਦਿਆਂ ਕਿਹਾ ਕਿ ਇਕ ਪਰਿਵਾਰ ਦੇ ਨੌਜਵਾਨ ਬੇਟੇ ਦੀ ਮੌਤ 'ਤੇ ਗੰਦੀ ਸੋਚ ਅਤੇ ਘਟੀਆ ਸਿਆਸਤ ਕਰਨ ਵਾਲਿਆਂ ਨੇ ਉਸ ਨੰੂ ਆਪਣੇ ਪਤੀ ਦਾ ਸੋਗ ਵੀ ਸ਼ਾਂਤੀ ਨਾਲ ਨਹੀਂ ਮਨਾਉਣ ਦਿੱਤਾ | ਆਪਣੇ ਸਮੇਤ ਸਹੁਰਾ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫਾ ਅਤੇ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਅਤੇ ਨਣਦ ਬੀਬਾ ਨਿਸ਼ਾਂਤ ਅਖ਼ਤਰ ਖ਼ਿਲਾਫ਼ ਮਲੇਰਕੋਟਲਾ ਵਾਸੀ ਇਕ ਵਿਅਕਤੀ ਦੀ ਸ਼ਿਕਾਇਤ 'ਤੇ ਦਰਜ ਕੀਤੀ ਐਫ.ਆਈ.ਆਰ. ਨੂੰ ਝੂਠ ਦਾ ਪੁਲੰਦਾ ਦੱਸਦਿਆਂ ਬੀਬਾ ਜ਼ੈਨਬ ਅਖ਼ਤਰ ਨੇ ਕਿਹਾ ਕਿ ਉਸ ਦੇ ਸੱਸ-ਸਹੁਰਾ ਉਸ ਨੰੂ ਆਪਣੀ ਧੀ ਨਾਲੋਂ ਵੀ ਵੱਧ ਪਿਆਰ ਅਤੇ ਸਤਿਕਾਰ ਦਿੰਦੇ ਹਨ, ਉਸ ਨੰੂ ਅਜਿਹੇ ਉਚੇ-ਸੁੱਚੇ ਕਿਰਦਾਰ ਵਾਲੇ ਪਰਿਵਾਰ ਦੀ ਨੂੰ ਹ ਹੋਣ ਦਾ ਮਾਣ ਹਾਸਿਲ ਹੈ | ਬੀਬਾ ਜ਼ੈਨਬ ਅਖ਼ਤਰ ਨੇ ਕਿਹਾ ਕਿ ਆਕਿਲ ਇਕ ਬਹੁਤ ਚੰਗਾ ਇਨਸਾਨ ਸੀ ਅਤੇ ਸਾਨੂੰ ਬਹੁਤ ਪਿਆਰ ਕਰਦਾ ਸੀ ਪਰ ਉਹ ਮਾਨਸਿਕ ਸਮੱਸਿਆ ਵਿਚ ਉਲਝਿਆ ਹੋਇਆ ਬੇਵੱਸ ਸੀ ਅਤੇ ਉਸ ਦਾ ਆਪਣੇ-ਆਪ ਉਪਰ ਕੋਈ ਕੰਟਰੋਲ ਨਹੀਂ ਸੀ |