ਲੁਧਿਆਣਾ, 31 ਅਕਤੂਬਰ (ਜਤਿੰਦਰ ਭੰਬੀ)-ਦੰਗਾ ਪੀੜ੍ਹਤ ਵੈਲਫੇਅਰ ਸੁਸਾਇਟੀ ਵਲੋਂ 1984 ਦੇ ਕਤਲੇਆਮ ਦੀ 41ਵੀਂ ਬਰਸੀ ਸਮਾਗਮਾਂ ਦੀ ਆਰੰਭਤਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸੀ.ਆਰ.ਪੀ.ਐਫ਼. ਕਾਲੋਨੀ ਦੁੱਗਰੀ ਵਿਖੇ ਹੋਈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੰਗਾ ਪੀੜ੍ਹਤ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੁਰਜੀਤ ਸਿੰਘ ਅਤੇ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਗੁਰਦੀਪ ਕੌਰ ਨੇ ਦੱਸਿਆ ਕਿ 1984 ਦੇ ਕਤਲੇਆਮ ਪੀੜ੍ਹਤਾਂ ਦੀ ਯਾਦ ਵਿਚ 41ਵੀਂ ਬਰਸੀ ਅਤੇ ਕੀਰਤਨ ਸਮਾਗਮ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ 2 ਨਵੰਬਰ ਦਿਨ ਐਤਵਾਰ ਨੂੰ ਰਾਤ 7 ਤੋਂ 10 ਵਜੇ ਤੱਕ ਹੋ ਰਹੇ ਸਮਾਗਮ ਵਿਚ ਸਿੱਖ ਪੰਥ ਦੀਆਂ ਮਹਾਨ ਸ਼ਖਸੀਅਤਾਂ ਪੁੱਜਣਗੀਆਂ | ਉਨ੍ਹਾਂ ਦੱਸਿਆ ਕਿ ਸਮਾਗਮ 'ਚ ਭਾਈ ਭੁਪਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਨਿਰਭੈ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਣਗੇ | ਪ੍ਰਧਾਨ ਸੁਰਜੀਤ ਸਿੰਘ ਨੇ ਦੱਸਿਆ ਕਿ ਰਾਜੀਵ ਗਾਂਧੀ ਦੇ ਹੁਕਮ 'ਤੇ ਕਾਂਗਰਸੀਆਂ ਨੇ ਸਿੱਖਾਂ ਦਾ ਸ਼ਰ੍ਹੇਆਮ ਕਤਲੇਆਮ ਕੀਤਾ, ਜਿਸ ਕਾਰਨ ਪੀੜ੍ਹਤ ਪਰਿਵਾਰਾਂ ਦੇ ਜ਼ਖ਼ਮ ਅੱਜ ਤੱਕ ਵੀ ਅੱਲ੍ਹੇ ਹੀ ਹਨ | ਪ੍ਰਧਾਨ ਸੁਰਜੀਤ ਸਿੰਘ ਨੇ ਦੱਸਿਆ ਕਿ ਸਮਾਗਮ ਦੀ ਸਮਾਪਤੀ ਉਪਰੰਤ ਦੰਗਾ ਪੀੜ੍ਹਤ ਪਰਿਵਾਰਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਇਕ ਵੱਡੇ ਸੰਘਰਸ਼ ਦਾ ਵੀ ਐਲਾਨ ਕੀਤਾ ਜਾਵੇਗਾ |