ਖੰਨਾ, 5 ਦਸੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਵਿਖੇ ਨਸ਼ਾ ਵਿਰੋਧੀ ਮੁਹਿੰਮ ਦੇ ਦੌਰਾਨ ਸਿਟੀ-2 ਪੁਲਿਸ ਨੇ ਪਿ੍ਸਟਾਇਨ ਮਾਲ ਜੀ. ਟੀ. ਰੋਡ ਖੰਨਾ ਦੇ ਸਾਹਮਣੇ ਹੈਰੋਇਨ ਸਮੇਤ 2 ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਗੌਰਤਲਬ ਹੈ ਕਿ ਮੌਕੇ 'ਤੇ ਪਹੁੰਚੀ ਏ. ਐੱਸ. ਆਈ. ਪ੍ਰਮੋਦ ਕੁਮਾਰ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਇਕ ਸਵਿਫ਼ਟ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਦੋਸ਼ੀਆਂ ਨੇ ਪੁਲਿਸ ਵਾਲਿਆਂ ਨੂੰ ਮਾਰਨ ਦੀ ਕਥਿਤ ਨੀਅਤ ਨਾਲ ਗੱਡੀ ਚਲਾ ਦਿੱਤੀ, ਜਿਸ ਕਾਰਨ ਮਹਿਲਾ ਹੌਲਦਾਰ ਅਮਨਦੀਪ ਕੌਰ ਨੂੰ ਗੰਭੀਰ ਸੱਟਾਂ ਲੱਗੀਆਂ | ਜ਼ਖਮੀ ਹੌਲਦਾਰ ਨੂੰ ਤੁਰੰਤ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ | ਕਾਰ ਦੀ ਤਲਾਸ਼ੀ 'ਚ 150 ਗ੍ਰਾਮ ਹੈਰੋਇਨ ਬਰਾਮਦ ਹੋਈ | ਪੁਲਿਸ ਨੇ ਦਾਅਵਾ ਕੀਤਾ ਕਿ ਇਹ ਮੁਹਿੰਮ ਐੱਸ. ਐੱਸ. ਪੀ. ਡਾ. ਜਯੋਤੀ ਯਾਦਵ ਬੈਂਸ ਦੇ ਨਿਰਦੇਸ਼ਾਂ ਮੁਤਾਬਿਕ ਚੱਲ ਰਹੀ ਹੈ | ਐੱਸ. ਪੀ. ਪਵਨਜੀਤ ਨੇ ਦੱਸਿਆ ਕਿ ਪੁਲਿਸ ਨੂੰ ਇਕ ਖ਼ਾਸ ਮੁਖ਼ਬਰ ਤੋਂ ਇਤਲਾਹ ਮਿਲੀ ਕਿ ਜਤਿਨ ਭਾਨੀਆ ਵਾਸੀ ਪਿੰਡ ਗੰਨਾ, ਜ਼ਿਲ੍ਹਾ ਜਲੰਧਰ ਅਤੇ ਸੰਦੀਪ ਕੌਰ ਵਾਸੀ ਪਿੰਡ ਸਰਿਆਲਾ ਕਲਾਂ, ਜ਼ਿਲ੍ਹਾ ਹੁਸ਼ਿਆਰਪੁਰ ਨਸ਼ਾ ਵੇਚਣ ਵਿਚ ਸ਼ਾਮਿਲ ਹਨ | ਦੋਸ਼ੀਆਂ ਜਤਿਨ ਭਾਨੀਆ ਅਤੇ ਸੰਦੀਪ ਕੌਰ ਦੇ ਖ਼ਿਲਾਫ਼ ਨਸ਼ਾ ਤਸਕਰੀ ਦੇ ਨਾਲ ਨਾਲ ਇਰਾਦਾ ਕਤਲ ਤੇ ਸਰਕਾਰੀ ਡਿਊਟੀ 'ਚ ਵਿਘਨ ਪਾਉਣ ਦੇ ਦੋਸ਼ ਹੇਠ ਧਾਰਾਵਾਂ ਅਧੀਨ ਵੀ ਕੇਸ ਦਰਜ ਕੀਤਾ ਗਿਆ ਹੈ | ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਸੰਦੀਪ ਕੌਰ ਦੇ ਖ਼ਿਲਾਫ਼ ਹੁਸ਼ਿਆਰਪੁਰ ਵਿਖੇ ਪਹਿਲਾਂ ਵੀ ਨਸ਼ਾ ਤਸਕਰੀ ਦਾ ਕੇਸ ਦਰਜ ਹੈ | ਜਤਿਨ ਦੇ ਖ਼ਿਲਾਫ਼ ਫਿਲੌਰ ਵਿਖੇ ਲੜਾਈ ਝਗੜੇ ਦਾ ਕੇਸ ਹੈ |