03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਪਾਕਿ ਵਿਚਲੀਆਂ ਸਿੱਖ ਯਾਦਗਾਰਾਂ ਲਈ ਬਿਹਤਰੀ ਵਾਲਾ ਰਿਹਾ ਸਾਲ 2025 <br/>

Ad Position 21
repet_subhas-goyals [Copy P29]
ਅਜੀਤ ਡੈਸਕ 31-12-2025

ਸੁਰਿੰਦਰ ਕੋਛੜ
ਅੰਮਿ੍ਤਸਰ, 30 ਦਸੰਬਰ-ਪਾਕਿਸਤਾਨ ਦੇ ਸਭ ਤੋਂ ਛੋਟੇ ਘੱਟ-ਗਿਣਤੀ ਸਿੱਖ ਭਾਈਚਾਰੇ ਲਈ ਸਾਲ 2025 ਇਕ ਬਿਹਤਰੀ ਵਾਲਾ ਵਰ੍ਹਾ ਰਿਹਾ ਹੈ | ਇਸ ਸਾਲ ਦੌਰਾਨ ਭਾਵੇਂ ਕਿ ਸ੍ਰੀ ਨਨਕਾਣਾ ਸਾਹਿਬ 'ਚ ਵਕਫ਼ ਦੀ 107 ਏਕੜ ਭੂਮੀ 'ਤੇ 600 ਕਰੋੜ ਦੀ ਲਾਗਤ ਨਾਲ ਅਰੰਭਿਆ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦੀ ਉਸਾਰੀ ਦਾ ਕੰਮ ਨੇਪਰੇ ਨਹੀਂ ਚੜ੍ਹ ਸਕਿਆ ਅਤੇ ਨਾ ਹੀ ਲਾਹੌਰ ਸਥਿਤ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਵਲੋਂ 6 ਸਾਲ ਪਹਿਲਾਂ ਸੀਲ ਕੀਤੀ ਭਾਈ ਤਾਰੂ ਸਿੰਘ ਦੀ ਸਮਾਧ ਦੇ ਬੰਦ ਤਾਲੇ ਹੀ ਖੁੱਲ੍ਹ ਸਕੇ ਪਰ ਇਸ ਦੇ ਬਾਵਜੂਦ ਫੈਸਲਾਬਾਦ ਦੇ ਗੁਰਦੁਆਰਾ ਸਿੰਘ ਸਭਾ, ਮੰਡੀ ਬਹਾਉਦੀਨ ਦੇ ਗੁਰਦੁਆਰਾ ਭਾਈ ਬੰਨੂ ਅਤੇ ਕੁਝ ਹੋਰ ਗੁਰਦੁਆਰਿਆਂ ਦੀ ਨਵਉਸਾਰੀ ਦੇ ਐਲਾਨ ਜ਼ਰੂਰ ਕੀਤੇ ਜਾਂਦੇ ਰਹੇ | ਇਸ ਸਭ ਦੇ ਦੌਰਾਨ ਵਾਲਡ ਸਿਟੀ ਆਫ਼ ਲਾਹੌਰ ਅਥਾਰਿਟੀ (ਡਬਲਯੂ. ਸੀ. ਐੱਲ. ਏ.) ਵਲੋਂ ਪਾਕਿਸਤਾਨ ਵਿਚਲੇ 7 ਇਤਿਹਾਸਕ ਗੁਰਦੁਆਰਿਆਂ ਦੀ ਨਵਉਸਾਰੀ ਅਤੇ ਸੁੰਦਰੀਕਰਨ ਲਈ ਈ-ਟੈਂਡਰ ਜਾਰੀ ਕਰਨਾ ਇਕ ਬਿਹਤਰੀ ਵਾਲੀ ਖ਼ਬਰ ਰਹੀ | ਡਬਲਯੂ. ਸੀ. ਐੱਲ. ਏ. ਦੁਆਰਾ ਜਾਰੀ ਨੋਟਿਸ ਮੁਤਾਬਿਕ ਲਾਹੌਰ ਦੀ ਆਬਾਦੀ ਕਾਹਨਾ-ਨੌ ਵਿਚਲੇ ਗੁਰਦੁਆਰਾ ਬਾਬਾ ਜਮੀਅਤ ਸਿੰਘ ਦੀ ਸੰਭਾਲ-ਸੰਭਾਲ 'ਤੇ 95.84 ਲੱਖ ਰੁਪਏ, ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਲਾਹੌਰ ਦੇ ਪਿੰਡ ਜਾਹਮਨ ਵਿਚਲੀ ਯਾਦਗਾਰ ਗੁਰਦੁਆਰਾ ਰੋੜੀ ਸਾਹਿਬ 'ਤੇ 56.40 ਲੱਖ ਰੁਪਏ, ਲਾਹੌਰ ਦੇ ਪਿੰਡ ਮਾਣਕ ਵਿਚਲੀ ਯਾਦਗਾਰ ਗੁਰਦੁਆਰਾ ਪਹਿਲੀ ਪਾਤਸ਼ਾਹੀ 'ਤੇ 118.12 ਲੱਖ ਰੁਪਏ, ਜ਼ਿਲ੍ਹਾ ਗੁਜਰਾਤ ਦੇ ਗੁਰਦੁਆਰਾ ਛੇਵੀਂ ਪਾਤਸ਼ਾਹੀ 'ਤੇ 61.14 ਲੱਖ ਰੁਪਏ, ਜ਼ਿਲ੍ਹਾ ਕਸੂਰ ਦੇ ਪਿੰਡ ਕੰਗਣਪੁਰ ਦੇ ਗੁਰਦੁਆਰਾ ਮਾਲਜੀ ਸਾਹਿਬ 'ਤੇ 44.80 ਲੱਖ ਰੁਪਏ, ਲਾਹੌਰ ਦੇ ਸਰਹੱਦੀ ਪਿੰਡ ਪਡਾਣਾ ਵਿਚਲੇ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ 'ਤੇ 81.54 ਲੱਖ ਰੁਪਏ, ਜ਼ਿਲ੍ਹਾ ਸਾਹੀਵਾਲ ਦੀ ਤਹਿਸੀਲ ਹੜੱਪਾ ਦੇ ਗੁਰਦੁਆਰਾ ਨਾਨਕਸਰ 'ਤੇ 65.3 ਲੱਖ ਰੁਪਏ, ਜ਼ਿਲ੍ਹਾ ਕਸੂਰ ਦੀ ਤਹਿਸੀਲ ਲਲਿਆਣੀ ਦੇ ਗੁਰਦੁਆਰਾ ਪਹਿਲੀ ਪਾਤਸ਼ਾਹੀ 'ਤੇ 94.24 ਲੱਖ ਰੁਪਏ ਅਤੇ ਜ਼ਿਲ੍ਹਾ ਓਕਾੜਾ ਦੇ ਪਿੰਡ ਨਾਨਕ ਜਗੀਰ ਵਿਚਲੇ ਗੁਰਦੁਆਰਾ ਛੋਟਾ ਨਾਨਕਿਆਣਾ ਦੀ ਸਾਂਭ-ਸੰਭਾਲ 'ਤੇ 47.70 ਲੱਖ ਪਾਕਿਸਤਾਨੀ ਰੁਪਏ ਲਾਗਤ ਆਉਣ ਦੀ ਸੰਭਾਵਨਾ ਹੈ | ਹਾਲਾਂਕਿ, ਇਨ੍ਹਾਂ 'ਚੋਂ ਵਧੇਰੇਤਰ ਗੁਰਦੁਆਰੇ ਸੇਵਾ ਸੰਭਾਲ ਦੀ ਘਾਟ ਕਾਰਨ ਪੂਰੀ ਤਰ੍ਹਾਂ ਢਹਿ ਚੁਕੇ ਹਨ ਅਤੇ ਕਈਆਂ ਦੇ ਬਚੇ ਹੋਏ ਢਾਂਚੇ ਖੰਡਰਾਂ ਦਾ ਰੂਪ ਲੈ ਚੁਕੇ ਹਨ | ਇਸ ਤੋਂ ਇਲਾਵਾ ਜ਼ਿਲ੍ਹਾ ਗੁੱਜਰਾਂਵਾਲਾ ਦੀ ਤਹਿਸੀਲ ਨੌਸ਼ਹਿਰਾ ਵਿਰਕਾਂ ਦੇ ਪਿੰਡ ਮੱਟੂ ਭਾਈ ਕੇ ਵਿਚਲੀ ਗੁਰੂ ਹਰਿਗੋਬਿੰਦ ਸਾਹਿਬ ਦੀ ਯਾਦਗਾਰ ਗੁਰਦੁਆਰਾ ਖਾਰਾ ਸਾਹਿਬ, ਜ਼ਿਲ੍ਹਾ ਕਸੂਰ ਦੇ ਪਿੰਡ ਕਾਦੀਵਿੰਡ ਦੇ ਨਜ਼ਦੀਕ ਪਿੰਡ ਤਰਗੇ ਵਿਚਲੇ ਖੰਡਰ 'ਚ ਤਬਦੀਲ ਹੋ ਚੁਕੇ ਗੁਰੂ ਅਮਰਦਾਸ ਜੀ ਨਾਲ ਸੰਬੰਧਿਤ ਗੁਰਦੁਆਰਾ ਝਾੜੀ ਸਾਹਿਬ ਅਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਜੱਦੀ ਹਵੇਲੀ ਦੀ ਮੁਰੰਮਤ ਅਤੇ ਰੱਖ-ਰਖਾਅ ਦੀ ਕਾਰਵਾਈ ਵੀ ਸ਼ੁਰੂ ਕੀਤੀ ਗਈ | ਹਾਲਾਂਕਿ, ਇਸ ਦੌਰਾਨ ਰੱਖ-ਰਖਾਅ ਦੀ ਘਾਟ ਕਾਰਨ ਮਹਾਰਾਜਾ ਦੇ ਪਿਤਾ ਮਹਾਂ ਸਿੰਘ ਸੁਕਰਚੱਕੀਆ ਦੀ ਸਮਾਧ ਅਤੇ ਕੁਝ ਹੋਰ ਧਾਰਮਿਕ ਅਸਥਾਨ ਢਹਿ ਢੇਰੀ ਹੋ ਗਏ |
ਸ੍ਰੀ ਨਨਕਾਣਾ ਸਾਹਿਬ ਤੋਂ 5 ਸਿੱਖ ਕੀਤੇ ਅਗਵਾ, ਇਕ ਦੀ ਹੋਈ ਵਾਪਸੀ
ਸਾਲ 2025 ਦੀ ਸ਼ੁਰੂਆਤ 'ਚ ਸ੍ਰੀ ਨਨਕਾਣਾ ਸਾਹਿਬ ਵਿਖੇ ਕਿਰਾਏ ਦੇ ਘਰ 'ਚ ਰਹਿੰਦੇ ਇਕ ਸਿੱਖ ਪਰਿਵਾਰ ਦੇ ਤਿੰਨ ਮੈਂਬਰਾਂ, ਪੋਲੀਓ ਦੇ ਸ਼ਿਕਾਰ ਬਾਦਲ ਸਿੰਘ, ਭਰਾ ਸੂਰਜ ਸਿੰਘ ਅਤੇ ਉਨ੍ਹਾਂ ਦੇ ਬਜ਼ੁਰਗ ਪਿਤਾ ਮਨਮੋਹਨ ਸਿੰਘ ਨੂੰ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਦੇ ਆਦੇਸ਼ਾਂ 'ਤੇ ਅੱਤਵਾਦ ਵਿਰੋਧੀ ਵਿਭਾਗ (ਸੀ. ਟੀ. ਡੀ.) ਵਲੋਂ ਨਾਟਕੀ ਢੰਗ ਨਾਲ ਅਗਵਾ ਕੀਤਾ ਗਿਆ | ਇਸ ਤੋਂ ਬਾਅਦ ਤੋਂ ਹੀ ਸਿੱਖ ਮਜ਼ਦੂਰ ਮੋਰ ਸਿੰਘ ਅਤੇ ਫਿਰ ਸੁਖਦੀਪ ਸਿੰਘ ਉਰਫ਼ ਨਿਹੰਗ ਨੂੰ ਅਗਵਾ ਕੀਤਾ ਗਿਆ | ਇਨ੍ਹਾਂ ਸਭ ਨੂੰ ਪਾਬੰਦੀਸ਼ੁਦਾ ਸੰਗਠਨ ਫ਼ਿਤਨਾ ਅਲ-ਖ਼ਵਾਰੀਜ, ਅਲ-ਜ਼ੈਨਬੀਅਨ ਅਤੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨਾਲ ਸੰਬੰਧਿਤ 'ਖ਼ੂੰਖ਼ਾਰ ਅੱਤਵਾਦੀ' ਦੱਸਿਆ ਜਾ ਰਿਹਾ ਹੈ | ਹਾਲਾਂਕਿ, ਇਨ੍ਹਾਂ 'ਚੋਂ ਮੋਰ ਸਿੰਘ ਕੁਝ ਹਫ਼ਤਿਆਂ ਬਾਅਦ ਰਿਹਾਅ ਕਰ ਦਿੱਤਾ ਗਿਆ | ਇਸ ਦੌਰਾਨ ਪਾਕਿ ਸਿੱਖ ਆਗੂ ਗੋਪਾਲ ਸਿੰਘ ਚਾਵਲਾ ਵਲੋਂ ਵੀ ਆਈ. ਐੱਸ. ਆਈ. 'ਤੇ ਤੰਗ-ਪਰੇਸ਼ਾਣ ਕਰਨ ਲਈ ਨਜ਼ਰਬੰਦ ਰੱਖੇ ਜਾਣ ਦੇ ਦੋਸ਼ ਲਗਾਏ ਜਾਂਦੇ ਰਹੇ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਉਦਯੋਗਾਂ ਸੰਬੰਧੀ ਵਿਚਾਰ ਚਰਚਾ ਕਰਨ ਲਈ ਸੰਸਦੀ ਸਥਾਈ ਕਮੇਟੀ ਅੰਮਿ੍ਤਸਰ ਪੁੱਜੀ <br/> ਅਗਲੀ ਖ਼ਬਰ ਚੀਨ ਨੇ ਭਾਰਤ-ਪਾਕਿ ਵਿਚਾਲੇ ਤਣਾਅ ਦੌਰਾਨ ਵਿਚੋਲਗੀ ਕੀਤੀ-ਵਾਂਗ ਯੀ <br/>
Ad Position 24