ਅੰਮਿ੍ਤਸਰ, 30 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ)-ਉਦਯੋਗਾਂ ਨਾਲ ਸੰਬੰਧਿਤ ਸੰਸਦੀ ਸਥਾਈ ਕਮੇਟੀ ਵਲੋਂ ਅੰਮਿ੍ਤਸਰ ਵਿਖੇ ਉਦਯੋਗਿਕ ਵਿਕਾਸ, ਮੌਜੂਦਾ ਚੁਣੌਤੀਆਂ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਬਾਰੇ ਸਿੱਧੀ ਜਾਣਕਾਰੀ ਪ੍ਰਾਪਤ ਕਰਨ ਲਈ ਅਤੇ ਜੋ ਜ਼ਮੀਨੀ ਪੱਧਰ ਦੀ ਸਥਿਤੀ ਦੇ ਆਧਾਰ 'ਤੇ ਨੀਤੀਆਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ ਸੰਬੰਧੀ ਦੌਰਾ ਕੀਤਾ ਗਿਆ | ਇਸ ਕਮੇਟੀ ਚੇਅਰਪਰਸਨ ਤਿਰੁਚੀ ਸ਼ਿਵਾ ਮੈਂਬਰ ਰਾਜ ਸਭਾ ਵਲੋਂ ਪੰਜਾਬ ਦੇ ਵੱਖ-ਵੱਖ ਉਦਯੋਗਪਤੀਆਂ ਨਾਲ ਉਦਯੋਗਾਂ ਸੰਬੰਧੀ ਜਾਣਕਾਰੀ ਵੀ ਪ੍ਰਾਪਤ ਕੀਤੀ | ਇਸ ਮੌਕੇ ਕਮੇਟੀ ਦੇ ਮੈਂਬਰਾਂ ਨਾਲ ਸਥਾਨਕ ਉਦਯੋਗਪਤੀ, ਵੱਖ-ਵੱਖ ਉਦਯੋਗਿਕ ਸੰਘਾਂ ਦੇ ਪ੍ਰਤੀਨਿਧੀ, ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਅਤੇ ਬੈਂਕਿੰਗ ਖੇਤਰ ਦੇ ਅਧਿਕਾਰੀ ਹਾਜ਼ਰ ਰਹੇ | ਮੀਟਿੰਗ ਦੌਰਾਨ ਅੰਮਿ੍ਤਸਰ ਅਤੇ ਆਲੇ-ਦੁਆਲੇ ਦੇ ਖੇਤਰਾਂ 'ਚ ਚੱਲ ਰਹੇ ਛੋਟੇ, ਦਰਮਿਆਨੇ ਅਤੇ ਵੱਡੇ ਉਦਯੋਗਾਂ ਦੀ ਸਥਿਤੀ 'ਤੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ | ਪਿ੍ੰਸੀਪਲ ਸਕੱਤਰ ਪੰਜਾਬ ਕੇ. ਕੇ. ਯਾਦਵ ਨੇ ਕਿਹਾ ਕਿ ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਵਲੋਂ ਮਜ਼ਬੂਤ ਨੀਤੀ ਸਹਿਯੋਗ, ਸਧਾਰਣ ਅਤੇ ਸਮੇਂ-ਬੱਧ ਨਿਯਮਕ ਪ੍ਰਕਿਰਿਆਵਾਂ ਅਤੇ ਇਨਵੈਸਟ ਪੰਜਾਬ ਰਾਹੀਂ ਸਰਗਰਮ ਹੈਂਡਹੋਲਡਿੰਗ ਵਰਗੇ ਕਦਮ ਚੁੱਕੇ ਜਾ ਰਹੇ ਹਨ, ਤਾਂ ਜੋ ਪ੍ਰੋਜੈਕਟਾਂ ਨੂੰ ਤੇਜ਼ ਮਨਜ਼ੂਰੀਆਂ ਮਿਲ ਸਕਣ ਤੇ ਉਨ੍ਹਾਂ ਦੀ ਸੁਚੱਜੀ ਕਾਰਗੁਜ਼ਾਰੀ ਯਕੀਨੀ ਬਣਾਈ ਜਾ ਸਕੇ | ਇਸ ਮੌਕੇ ਸ੍ਰੀਮਤੀ ਸਮਿਤਾ ਉਦੈ ਵਾਗ, ਦਰੋਗਾ ਪ੍ਰਸ਼ਾਦ ਸਰੋਜ, ਨੀਰਜ ਦਾਂਗੀ, ਸ੍ਰੀਮਤੀ ਸੁਲਾਤੋ ਦਿਓ, ਅਫਜ਼ਲ ਅੰਨਸਾਰੀ, ਸ੍ਰੀ ਹਨੂਮਾਨ ਬੇਨੀਵਾਲ, ਸ੍ਰੀਮਤੀ ਵੀਨਾ ਦੇਵੀ, ਹਸਮੁੱਖ ਭਾਈ, ਸੋਮਾ ਬਾਈ ਪਟੇਲ, ਕੇ.ਐਮ. ਸੁਧਾ ਆਰ., ਡਾ. ਮੱਲੂ ਰਵੀ, ਵਿਭੂ ਪ੍ਰਸ਼ਾਦ ਤਰਾਈ, ਡਿਪਟੀ ਕਮਿਸ਼ਨਰ ਅੰਮਿ੍ਤਸਰ ਦਲਵਿੰਦਰਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਰੋਹਿਤ ਗੁਪਤਾ ਤੋਂ ਇਲਾਵਾ ਉਦਯੋਗ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ |
ਪੰਜਾਬ ਦੇ ਉਦਯੋਗਾਂ ਸੰਬੰਧੀ ਵਿਚਾਰ ਚਰਚਾ ਕਰਨ ਲਈ ਸੰਸਦੀ ਸਥਾਈ ਕਮੇਟੀ ਅੰਮਿ੍ਤਸਰ ਪੁੱਜੀ <br/>
ਅਜੀਤ ਡੈਸਕ
31-12-2025