ਸੰਗਰੂਰ, 31 ਅਕਤੂਬਰ (ਧੀਰਜ ਪਸੌਰੀਆ) - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਦੇ ਹਰ ਖੇਤ ਤੱਕ ਨਹਿਰੀ ਪਾਣੀ ਪਚਾਉਣ ਦਾ ਹਰ ਉਪਰਾਲਾ ਕਰ ਰਹੇ ਹਨ ਤਾਂ ਜੋ ਪੰਜਾਬ ਦੀ ਧਰਤੀ ਹੇਠਲੇ ਪੀਣ ਵਾਲੇ ਪਾਣੀ ਨੂੰ ਸੂਬੇ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਬਚਾਇਆ ਜਾ ਸਕੇ ਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਰਿਹਾਇਸ਼ ਤੋਂ ਕੁੱਝ ਫ਼ਰਲਾਂਗ ਦੀ ਦੂਰੀ 'ਤੇ ਹੀ ਪਿੰਡ ਮੰਗਵਾਲ ਦੇ ਕਰੀਬ 45 ਏਕੜ ਰਕਬੇ ਦਾ ਨਹਿਰੀ ਖਾਲ ਇੱਕ ਨਿੱਜੀ ਕਲੋਨੀ ਦੀ ਬਦੌਲਤ ਗ਼ਾਇਬ ਹੋ ਗਿਆ ਹੈ | ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਦੇ ਵਫ਼ਦ ਵਲੋਂ ਕਈ ਵਾਰ ਸਿੰਚਾਈ ਵਿਭਾਗ ਦੇ ਸੰਗਰੂਰ ਸਥਿਤ ਦਫ਼ਤਰ ਵਿਖੇ ਤੈਨਾਤ ਕਾਰਜਕਾਰੀ ਇੰਜੀਨੀਅਰ ਨੂੰ ਜਾਣੂ ਕਰਵਾਇਆ ਗਿਆ ਹੈ ਪਰ ਵਾਰ-ਵਾਰ ਤਾਰੀਖ਼ਾਂ ਦੇਣ ਦੇ ਬਾਵਜੂਦ ਇਹ ਵਿਭਾਗ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣ ਤੋਂ ਨਾਕਾਮ ਰਿਹਾ ਹੈ ਜਿਸ ਦੇ ਚੱਲਦਿਆਂ ਕਰੀਬ 45 ਏਕੜ ਰਕਬੇ ਦੇ ਵੱਖ-ਵੱਖ ਮਾਲਕ ਕਿਸਾਨ ਨਹਿਰੀ ਪਾਣੀ ਤੋਂ ਵਾਂਝੇ ਚੱਲ ਰਹੇ ਹਨ | ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਜ਼ਿਲ੍ਹਾ ਆਗੂ ਰਾਜਪਾਲ ਸਿੰਘ ਮੰਗਵਾਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਪਿੰਡ ਦੇ ਨੇੜਿਉਂ ਗੁਜ਼ਰਦੇ ਰਜਵਾਹੇ ਦੇ ਮੋਘਾ ਨੰਬਰ 13552 ਤੋਂ ਇਸ ਰਕਬੇ ਨੂੰ ਮਰੱਬਾਬੰਦੀ ਦੇ ਸਮੇਂ ਤੋਂ ਹੀ ਨਹਿਰੀ ਖਾਲ ਲੱਗਿਆ ਹੋਇਆ ਹੈ | ਗ਼ਾਇਬ ਹੋਏ ਇਸ ਖਾਲ ਦੇ ਮੁੱਦੇ ਨੂੰ ਲੈ ਕੇ ਉਹ ਕਈ ਵਾਰ ਸਿੰਚਾਈ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਮਿਲੇ ਹਨ ਪਰ ਇਸ ਅਧਿਕਾਰੀ ਵਲੋਂ ਦਿੱਤੇ ਦੋ ਮਹੀਨਿਆਂ ਦੇ ਸਮੇਂ ਦੇ ਬੀਤ ਜਾਣ ਦੇ ਬਾਵਜੂਦ ਵੀ ਉਪਰੋਕਤ ਰਕਬੇ ਨੂੰ ਲੱਗਦੇ ਨਹਿਰੀ ਖਾਲ ਨੂੰ ਮੁੜ ਸੁਰਜੀਤ ਕਰਨ ਵਿਚ ਨਾਕਾਮ ਰਹੇ ਹਨ ਜਿਸ ਕਾਰਨ ਹੁਣ ਸੰਘਰਸ਼ ਤੋਂ ਸਿਵਾਏ ਹੋਰ ਕੋਈ ਰਾਹ ਨਹੀਂ ਬਚਿਆ ਹੈ, ਸੋ ਸੰਘਰਸ਼ ਦੀ ਸ਼ੁਰੂਆਤ ਕਰਨ ਲਈ 20 ਨਵੰਬਰ ਨੂੰ ਵਿਭਾਗ ਦੇ ਸੁਨਾਮੀ ਗੇਟ ਸੰਗਰੂਰ ਵਿਖੇ ਸਥਿਤ ਦਫ਼ਤਰ ਮੂਹਰੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ | ਇਸ ਸਬੰਧੀ ਵਿਭਾਗ ਦਾ ਪੱਖ ਲੈਣ ਲਈ ਕਾਰਜਕਾਰੀ ਇੰਜੀਨੀਅਰ ਨਾਲ ਫ਼ੋਨ ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਫ਼ੋਨ ਚੁੱਕਣਾ ਮੁਨਾਸਬ ਨਾ ਸਮਝਿਆ |