ਛਾਜਲੀ, 31 ਅਕਤੂਬਰ (ਅਜਾਇਬ ਸਿੰਘ ਨੀਲੋਵਾਲ) - 69ਵੀਂ ਪੰਜਾਬ ਸਕੂਲ ਖੇਡਾਂ ਦੇ ਅੰਤਰ ਜ਼ਿਲ੍ਹਾ ਕੁਸ਼ਤੀ ਮੁਕਾਬਲੇ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਆਯੋਜਿਤ ਕੀਤੇ ਗਏ, ਜਿਨ੍ਹਾਂ ਵਿਚ ਹੋਲੀ ਹਾਰਟ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਛਾਜਲੀ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸਕੂਲ ਦੇ ਵਿਦਿਆਰਥੀ ਏਕਮਪ੍ਰੀਤ ਸਿੰਘ, ਮਨਿੰਦਰ ਸਿੰਘ, ਜਸਕਰਨ ਸਿੰਘ, ਰਮਨਪ੍ਰੀਤ ਸਿੰਘ ਅਤੇ ਗੁਰਨੂਰ ਸਿੰਘ ਨੇ ਵੱਖ-ਵੱਖ ਉਮਰ ਵਰਗਾਂ ਵਿਚ ਭਾਗ ਲਿਆ | ਇਨ੍ਹਾਂ ਵਿਚੋਂ ਰਮਨਪ੍ਰੀਤ ਸਿੰਘ ਨੇ ਆਪਣੇ ਭਾਰ ਵਰਗ ਵਿਚ ਬਰਾਂਜ਼ (ਕਾਂਸੀ) ਮੈਡਲ ਜਿੱਤ ਕੇ ਸਕੂਲ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ | ਇਸ ਮੌਕੇ ਸਕੂਲ ਦੇ ਚੇਅਰਮੈਨ ਸ. ਮਨਦੀਪ ਚੱਠਾ ਅਤੇ ਡਾਇਰੈਕਟਰ ਸ. ਅੰਮਿ੍ਤਪਾਲ ਚੱਠਾ ਨੇ ਖਿਡਾਰੀਆਂ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਨੂੰ ਅੱਗੇ ਹੋਰ ਮਿਹਨਤ ਕਰਕੇ ਰਾਜ ਅਤੇ ਰਾਸ਼ਟਰੀ ਪੱਧਰ 'ਤੇ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ | ਇਸ ਸਮੇਂ ਮੈਡਮ ਕਾਮਨੀ ਸਿੰਗਲਾ, ਲਖਵਿੰਦਰ ਸਿੰਘ, ਮਨਦੀਪ ਸਿੰਘ (ਡੀ.ਪੀ.ਈ.), ਹਰਵਿੰਦਰ ਸਿੰਘ (ਡੀ.ਪੀ.ਈ.) ਅਤੇ ਲਖਵਿੰਦਰ ਸਿੰਘ (ਡੀ.ਪੀ.ਈ.) ਵੀ ਹਾਜ਼ਰ ਸਨ |