ਬਠਿੰਡਾ, 1 ਨਵੰਬਰ (ਸੱਤਪਾਲ ਸਿੰਘ ਸਿਵੀਆਂ)-ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਤਿੰਨ ਸਾਲ ਪਹਿਲਾਂ ਕਾਗ਼ਜ਼ੀ ਨੋਟੀਫ਼ਿਕੇਸ਼ਨ ਜਾਰੀ ਕਰਕੇ ਲਾਗੂ ਕਰਨ ਤੋਂ ਪਿੱਛੇ ਹਟੀ ਸੂਬੇ ਦੀ ਆਪ ਸਰਕਾਰ ਨੂੰ ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਪੰਜਾਬ ਨੇ ਘੇਰਨ ਦਾ ਐਲਾਨ ਕੀਤਾ ਹੈ, ਜਿਸ ਤਹਿਤ ਜ਼ਿਲ੍ਹਾ ਪੱਧਰੀ ਕਨਵੈੱਨਸ਼ਨ ਕਰਕੇ ਸ਼ਹਿਰ 'ਚ ਰੋਸ ਮਾਰਚ ਕੀਤਾ ਜਾਵੇਗਾ | ਇਸ ਸਬੰਧੀ ਫ਼ਰੰਟ ਦੇ ਜ਼ਿਲ੍ਹਾ ਜਨਰਲ ਸਕੱਤਰ ਨਰਿੰਦਰ ਸਿੰਘ, ਕੋ ਕਨਵੀਨਰ ਬਲਵੀਰ ਸਿੰਘ, ਤਰਸੇਮ ਸਿੰਘ ਸਿੱਧੂ, ਪ੍ਰੈਸ ਕਨਵੀਨਰ ਰਿਸ਼ੂ ਕੁਮਾਰ, ਬਲਾਕ ਕਨਵੀਨਰ ਜੁਗਰਾਜ ਸਿੰਘ ਗੋਨਿਆਣਾ, ਰਾਜੂ ਸਿੰਘ ਭਗਤਾ, ਜਸ਼ਨ ਰਾਮਪੁਰਾ, ਅਰਸ਼ਦੀਪ ਸਿੰਘ ਧਾਲੀਵਾਲ ਮÏੜ, ਪ੍ਰਕਾਸ਼ ਸਿੰਘ ਸੰਗਤ, ਕੁਲਬੀਰ ਸਿੰਘ ਤਲਵੰਡੀ ਸਾਬੋ ਤੇ ਹਿੰਮਤ ਸਿੰਘ ਬਠਿੰਡਾ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਦੇ ਮਾਮਲੇ ਨੂੰ ਲੈ ਕੇ ਸੂਬੇ ਦੇ ਮੁਲਾਜ਼ਮਾਂ ਵਿਚ ਪੰਜਾਬ ਸਰਕਾਰ ਖਿਲਾਫ ਤਿੱਖੀ ਨਾਰਾਜ਼ਗੀ ਹੈ, ਕਿਉਂਕਿ 18 ਨਵੰਬਰ 2022 ਨੂੰ ਪੁਰਾਣੀ ਪੈਨਸ਼ਨ ਦਾ ਨੋਟੀਫ਼ਿਕੇਸ਼ਨ ਕੀਤੇ ਜਾਣ ਦੇ ਬਾਵਜੂਦ ਤਿੰਨ ਸਾਲ ਬੀਤਣ ਮਗਰੋਂ ਵੀ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਦਾ ਲਾਭ ਨਹੀਂ ਦਿੱਤਾ ਗਿਆ, ਸਗੋਂ ਸੂਬੇ ਦੀ ਮਾੜੀ ਵਿੱਤੀ ਹਾਲਤ ਨੂੰ ਬਹਾਨਾ ਬਣਾ ਕੇ ਕੇਂਦਰੀ ਯੂਪੀਐੱਸ ਸਕੀਮ ਨੂੰ ਥੋਪਣ ਦੀ ਤਿਆਰੀ ਕੀਤੀ ਜਾ ਰਹੀ ਹੈ¢ ਡੀ.ਟੀ.ਐਫ. ਦੇ ਜ਼ਿਲ੍ਹਾ ਪ੍ਰਧਾਨ ਜਗਪਾਲ ਸਿੰਘ ਬੰਗੀ, 6635 ਅਧਿਆਪਕ ਯੂਨੀਅਨ ਦੇ ਆਗੂ ਕੁਲਦੀਪ ਸਿੰਘ ਖੋਖਰ, ਡੀ.ਟੀ.ਐਫ. ਦੇ ਸੂਬਾ ਮੀਤ ਪ੍ਰਧਾਨ ਬੇਅੰਤ ਸਿੰਘ ਫੂਲੇਵਾਲਾ, ਡੀ.ਐੱਮ.ਐੱਫ ਦੇ ਜ਼ਿਲ੍ਹਾ ਪ੍ਰਧਾਨ ਸਿਕੰਦਰ ਸਿੰਘ ਧਾਲੀਵਾਲ, ਬੂਟਾ ਸਿੰਘ ਰੋਮਾਣਾ , ਗੁਰਸੇਵਕ ਸਿੰਘ ਫੂਲ, ਹਰਜਿੰਦਰ ਸਿੰਘ ਸੇਮਾ, ਅਵਤਾਰ ਸਿੰਘ ਮਲੂਕਾ ਤੇ ਗੋਬਿੰਦ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਨਕਾਮੀ ਖ਼ਿਲਾਫ਼ ਫ਼ਰੰਟ ਵਲੋਂ ਟੀਚਰ ਹੋਮ ਬਠਿੰਡਾ ਵਿਖੇ 9 ਨਵੰਬਰ ਨੂੰ ਜ਼ਿਲ੍ਹਾ ਪੱਧਰੀ ਕਨਵੈੱਨਸ਼ਨ ਕਰਕੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਅਤੇ ਉਪਰੰਤ ਆਪ ਵਿਧਾਇਕ ਦੇ ਘਰ ਵੱਲ ਰੋਸ ਮਾਰਚ ਕੀਤਾ ਜਾਵੇਗਾ, ਜਿਸ ਵਿਚ ਸਮੂਹ ਮੁਲਾਜ਼ਮ ਅਤੇ ਭਰਾਤਰੀ ਜਥੇਬੰਦੀਆਂ ਵੱਡੀ ਗਿਣਤੀ ਵਿਚ ਸ਼ਿਰਕਤ ਕਰਨਗੀਆਂ |