ਫ਼ਰੀਦਕੋਟ, 3 ਨਵੰਬਰ (ਜਸਵੰਤ ਸਿੰਘ ਪੁਰਬਾ)-69ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਕਬੱਡੀ ਅੰਡਰ-14 ਨੈਸ਼ਨਲ ਸਟਾਈਲ ਜੋ ਕਿ ਮਾਨਸਾ ਜ਼ਿਲ੍ਹੇ 'ਚ ਹੋਈਆਂ ਸਨ, ਵਿਚ ਸਰਕਾਰੀ ਹਾਈ ਸਕੂਲ ਭਾਣਾ ਜ਼ਿਲ੍ਹਾ ਫ਼ਰੀਦਕੋਟ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਫਰੀਦਕੋਟ ਦੀ ਟੀਮ ਵਲੋਂ ਭਾਗ ਲਿਆ | ਜਿਸ ਵਿਚ ਸਰਕਾਰੀ ਹਾਈ ਸਕੂਲ ਭਾਣਾ ਦੀਆਂ ਵਿਦਿਆਰਥਣਾਂ ਗੁਰਨੂਰ ਕੌਰ, ਅਭਨੂਰ ਕੌਰ ਤੇ ਖੁਸ਼ਪਿੰਦਰ ਕੌਰ ਸ਼ਾਮਿਲ ਸਨ | ਸਕੂਲ ਪਹੁੰਚਣ 'ਤੇ ਇਨ੍ਹਾਂ ਵਿਦਿਆਰਥਣਾਂ ਦਾ ਬੜੀ ਗਰਮਜੋਸ਼ੀ ਨਾਲ ਸਕੂਲ ਵਲੋਂ ਸਵਾਗਤ ਕੀਤਾ ਗਿਆ | ਸਕੂਲ ਮੁਖੀ ਅਨੀਤਾ ਅਰੋੜਾ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ 'ਚ ਜ਼ਿਲ੍ਹਾ ਫ਼ਰੀਦਕੋਟ ਦੀ ਟੀਮ ਨੇ ਪੰਜਾਬ ਭਰ 'ਚੋਂ ਤੀਸਰਾ ਸਥਾਨ ਹਾਸਿਲ ਕਰਕੇ ਟਰਾਫ਼ੀ ਜਿੱਤੀ ਜਿਸ ਦਾ ਸਿਹਰਾ ਇਨ੍ਹਾਂ ਦੀ ਕੋਚ ਡੀ.ਪੀ.ਈ ਸੁਖਵੰਤ ਕੌਰ ਤੇ ਜੇਤੂ ਖਿਡਾਰਣਾਂ ਨੂੰ ਜਾਂਦਾ ਹੈ ਜਿਸ ਦੀ ਯੋਗ ਅਗਵਾਈ 'ਚ ਖਿਡਾਰਨਾਂ ਰੋਜ਼ਾਨਾ ਅਭਿਆਸ ਕਰਦੀਆਂ ਸਨ | ਉਨ੍ਹਾਂ ਖਿਡਾਰਣਾਂ ਨੂੰ ਸ਼ਾਨਦਾਰ ਪ੍ਰਾਪਤੀ ਲਈ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਦੂਸਰੇ ਵਿਦਿਆਰਥੀਆਂ ਨੂੰ ਵੀ ਇਨ੍ਹਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ | ਖਿਡਾਰਣਾਂ ਦਾ ਸਵਾਗਤ ਕਰਨ ਵਾਲਿਆਂ 'ਚ ਪਿੰਡ ਦੀ ਪੰਚਾਇਤ, ਸਕੂਲ ਵਿਕਾਸ ਕਮੇਟੀ, ਬੱਚਿਆਂ ਦੇ ਮਾਪੇ, ਅਧਿਆਪਕ ਅਤੇ ਵਿਦਿਆਰਥੀ ਸ਼ਾਮਿਲ ਸਨ | ਜੇਤੂ ਖਿਡਾਰਣਾਂ ਨੂੰ ਸਕੂਲ ਵਲੋਂ ਟਰੈਕ ਸੂਟ ਦੇ ਕੇ ਸਨਮਾਨਿਤ ਕੀਤਾ ਗਿਆ | ਐਸ.ਐਮ.ਸੀ ਦੇ ਚੇਅਰਮੈਨ ਵਜ਼ੀਰ ਸਿੰਘ ਨੇ ਜੇਤੂ ਖਿਡਾਰਣਾਂ ਦੀ ਹੌਂਸਲਾ ਅਫ਼ਜਾਈ ਲਈ ਪੰਜ ਹਜ਼ਾਰ ਰੁਪਏ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ | ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ ਸਿ) ਫ਼ਰੀਦਕੋਟ ਨੀਲਮ ਰਾਣੀ ਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਕੇਵਲ ਕੌਰ ਨੇ ਵੀ ਖਿਡਾਰਣਾਂ ਦੀ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ | ਇਸ ਮੌਕੇ ਗੁਰਿੰਦਰ ਸਿੰਘ, ਸੰਦੀਪ ਮੋਂਗਾ, ਰਣਜੀਤ ਸਿੰਘ, ਤੇਜਿੰਦਰ ਸਿੰਘ, ਹਰਦੀਪ ਸਿੰਘ, ਰੂਚੀ, ਮੰਜੁਲਾ ਰਾਣੀ, ਗੁਰਵਿੰਦਰ ਕੌਰ, ਜੋਤੀ, ਰੁਪਿੰਦਰ ਕੌਰ ਅਤੇ ਸੁਨੀਤਾ ਮੋਂਗਾ ਹਾਜ਼ਰ ਸਨ |