ਮਾਛੀਵਾੜਾ ਸਾਹਿਬ, 22 ਦਸੰਬਰ (ਰਾਜਦੀਪ ਸਿੰਘ ਅਲਬੇਲਾ)-ਇਤਿਹਾਸਕ ਨਗਰੀ ਮਾਛੀਵਾੜਾ ਸਾਹਿਬ ਵਿਖੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਆਮਦ ਦੀ ਯਾਦ ਵਿਚ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਲੱਗਦਾ ਤਿੰਨ ਦਿਨਾਂ ਜੋੜ ਮੇਲ ਅੱਜ ਸਵੇਰੇ ਅਖੰਡ ਪਾਠ ਨਾਲ ਆਰੰਭ ਹੋ ਗਿਆ | ਅੱਜ ਪਹਿਲੇ ਦਿਨ ਵੱਡੀ ਗਿਣਤੀ 'ਚ ਸੰਗਤਾਂ ਪੁੱਜੀਆਂ, ਜਿਨ੍ਹਾਂ ਇਤਿਹਾਸਕ ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਸਥਿਤ ਗੁਰੂ ਸਾਹਿਬ ਜੀ ਦੀਆਂ ਨਿਸ਼ਾਨੀਆਂ ਪਵਿੱਤਰ ਜੰਡ ਸਾਹਿਬ ਜਿਸ ਹੇਠਾਂ ਗੁਰੂ ਜੀ ਨੇ ਟਿੰਡ ਦਾ ਸਿਰਹਾਣਾ ਲਗਾ ਕੇ ਆਰਾਮ ਕੀਤਾ ਅਤੇ ਉਹ ਖੂਹ ਜਿਸ ਦਾ ਮਿੱਠਾ ਜਲ ਗੁਰੂ ਸਾਹਿਬ ਨੇ ਛਕਿਆ ਆਦਿ ਦੇ ਵੀ ਦਰਸ਼ਨ ਕੀਤੇ | ਢਾਡੀ ਤੇ ਰਾਗੀ ਸਿੰਘਾਂ ਵਲੋਂ ਗੁਰੂ ਸਾਹਿਬ ਦੇ ਕੁਰਬਾਨੀਆਂ ਭਰੇ ਇਤਿਹਾਸ ਬਾਰੇ ਸੰਗਤ ਨੂੰ ਜਾਣੂ ਕਰਵਾਇਆ | ਅੱਜ ਸਮਾਗਮਾਂ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਹਰਜਤਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ 23 ਦਸੰਬਰ ਨੂੰ ਦੀਵਾਨ ਹਾਲ ਵਿਚ ਰਾਗੀ, ਢਾਡੀ ਤੇ ਕਵੀਸ਼ਰ ਜਥੇ ਸੰਗਤਾਂ ਨੂੰ ਬਾਣੀ ਨਾਲ ਜੋੜਨਗੇ ਅਤੇ 24 ਦਸੰਬਰ ਨੂੰ ਸਵੇਰੇ 10 ਵਜੇ ਨਗਰ ਕੀਰਤਨ ਸਜਾਇਆ ਜਾਵੇਗਾ | ਅੱਜ ਪਹਿਲੇ ਦਿਨ ਵਿਸ਼ੇਸ਼ ਤੌਰ 'ਤੇ ਹਲਕਾ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ, ਸ਼੍ਰੋਮਣੀ ਕਮੇਟੀ ਮੈਂਬਰ ਹਰਜਿੰਦਰ ਕੌਰ ਪਵਾਤ, ਬਾਬਾ ਮੋਹਣ ਸਿੰਘ, ਹੈੱਡ ਗ੍ਰੰਥੀ ਭਾਈ ਗੁਰਮੁਖ ਸਿੰਘ, ਅਕਾੳਾੂਟੈਂਟ ਸੁਖਦੇਵ ਸਿੰਘ, ਖ਼ਜ਼ਾਨਚੀ ਜਸਪਿੰਦਰ ਸਿੰਘ, ਜਥੇਦਾਰ ਕੁਲਦੀਪ ਸਿੰਘ ਜਾਤੀਵਾਲ, ਸਾਬਕਾ ਪ੍ਰਧਾਨ ਉਜਾਗਰ ਸਿੰਘ ਬੈਨੀਪਾਲ, ਮੈਨੇਜਰ ਜਸਵੀਰ ਸਿੰਘ ਮੰਗਲੀ, ਸ਼ਹਿਰੀ ਪ੍ਰਧਾਨ ਜਸਪਾਲ ਸਿੰਘ ਜੱਜ, ਜਥੇਦਾਰ ਹਰਜੀਤ ਸਿੰਘ ਸ਼ੇਰੀਆਂ ਹਾਜ਼ਰ ਸਨ |