ਤਪਾ ਮੰਡੀ, 21 ਨਵੰਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਮਾਲਵਾ ਇਲਾਕੇ ਦੀ ਸਿਰਮੌਰ ਸੰਸਥਾ ਯੂਨੀਵਰਸਿਟੀ ਕਾਲਜ ਢਿਲਵਾਂ ਦੇ ਪਿ੍ੰਸੀਪਲ ਡਾ: ਲਖਵਿੰਦਰ ਸਿੰਘ ਰੱਖੜਾ ਵਲੋਂ ਜੇਤੂ ਖਿਡਾਰੀਆਂ ਦਾ ਕਾਲਜ ਪਹੁੰਚਣ 'ਤੇ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਵਿਦਿਆਰਥੀਆਂ ਨੂੰ ਵੱਧ ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ | ਖੇਡਾਂ ਸਾਨੂੰ ਹਰ ਪੱਖ ਤੋਂ ਮਜ਼ਬੂਤ ਬਣਾਉਂਦੀਆਂ ਹਨ | ਸਰੀਰਿਕ ਸਿੱਖਿਆ ਵਿਭਾਗ ਦੇ ਪ੍ਰੋ: ਅਮਨਦੀਪ ਕੌਰ ਤੇ ਪ੍ਰੋ: ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨੈੱਟਬਾਲ ਅੰਤਰ ਕਾਲਜ ਮੁਕਾਬਲਿਆਂ ਵਿਚ ਵੱਖ-ਵੱਖ ਕਾਲਜਾਂ ਦੀਆਂ ਟੀਮਾਂ ਨੇ ਭਾਗ ਲਿਆ | ਜਿਸ ਵਿਚ ਸਭ ਤੋਂ ਪਹਿਲਾ ਮੁਕਾਬਲਾ ਨਾਕ ਆਊਟ 'ਚ ਮੋਦੀ ਕਾਲਜ ਪਟਿਆਲਾ ਨੂੰ ਹਰਾ ਕੇ ਲੀਗ ਵਿਚ ਐਂਟਰੀ ਕੀਤੀ | ਸੁਪਰ ਲੀਗ ਮੁਕਾਬਲਿਆਂ ਵਿਚ ਐਸ.ਐਸ.ਡੀ. ਕਾਲਜ ਬਰਨਾਲਾ, ਮਹਿੰਦਰਾ ਕਾਲਜ ਪਟਿਆਲਾ, ਫਿਜ਼ੀਕਲ ਕਾਲਜ ਮਸਤੂਆਣਾ ਸਾਹਿਬ ਅਤੇ ਪਿਛਲੇ ਸਾਲਾਂ ਦੀ ਲਗਾਤਾਰ ਜੇਤੂ ਟੀਮ ਐਸ.ਡੀ. ਕਾਲਜ ਬਰਨਾਲਾ ਨੂੰ ਹਰਾ ਕੇ ਯੂਨੀਵਰਸਿਟੀ ਕਾਲਜ ਢਿਲਵਾਂ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਵਲੋਂ ਆਪਣੇ ਇਲਾਕੇ, ਕੋਚ ਸਾਹਿਬਾਨਾਂ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ | ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |