13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਯਾਤਰਾ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ

Ad Position 21
No active advertisement
ਅਜੀਤ ਡੈਸਕ 02-06-2025

 

ਉੱਤਰਾਖੰਡ ਦੀ ਪਵਿੱਤਰ ਧਰਤੀ 'ਤੇ ਹਜ਼ਾਰਾਂ ਸਾਲ ਪੁਰਾਣੇ ਇਤਿਹਾਸਕ ਮੰਦਰ, ਦੇਵੀ-ਦੇਵਤਿਆਂ ਦੇ ਤਪ ਸਥਾਨ ਅਤੇ ਕੁਦਰਤੀ ਸੋਮੇ ਕਿਸੇ ਸਵਰਗ ਤੋਂ ਘੱਟ ਨਹੀਂ ਹਨ। ਹਰ ਸਾਲ ਗਰਮੀਆਂ ਦੇ ਮੌਸਮ ਵਿਚ ਇੱਥੇ ਲੱਖਾਂ ਤੀਰਥ ਯਾਤਰੀ ਪ੍ਰਸਿੱਧ ਧਾਮਾਂ ਦੀ ਯਾਤਰਾ ਲਈ ਆਉਂਦੇ ਤੇ ਨਤਮਸਤਕ ਹੋ ਕੇ ਅਧਿਆਮਕ ਅਨੰਦ ਦੀ ਪ੍ਰਾਪਤੀ ਕਰਦੇ ਹਨ। ਇਸ ਸਾਲ ਉੁੱਤਰਕਾਸ਼ੀ ਜ਼ਿਲ੍ਹੇ 'ਚ ਪੈਂਦੇ ਧਾਮ ਸ੍ਰੀ ਗੰਗੋਤਰੀ ਤੇ ਯਮਨੋਤਰੀ ਦੀ ਯਾਤਰਾ ਲੰਘੀ 30 ਅਪ੍ਰੈਲ, ਰੁਦਰਪ੍ਰਯਾਗ ਜ਼ਿਲ੍ਹੇ 'ਚ ਸਥਿਤ ਕੇਦਾਰਨਾਥ 2 ਮਈ ਅਤੇ ਚਮੋਲੀ ਜ਼ਿਲ੍ਹੇ ਦੇ ਪ੍ਰਸਿੱਧ ਧਾਮ ਬਦਰੀਨਾਥ ਦੀ ਯਾਤਰਾ 4 ਮਈ ਨੂੰ ਕਪਾਟ ਖੁੱਲ੍ਹਣ ਉਪਰੰਤ ਆਰੰਭ ਹੋ ਚੁੱਕੀ ਹੈ। ਉਕਤ ਸਥਾਨਾਂ ਦੀ ਯਾਤਰਾ ਦੇ ਨਾਲ ਹੀ ਚਮੋਲੀ ਜ਼ਿਲ੍ਹੇ ਵਿਚ ਪੈਂਦੇ ਪ੍ਰਸਿੱਧ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਵੀ ਲੰਘੀ 25 ਮਈ ਨੂੰ ਆਰੰਭ ਹੋ ਚੁੱਕੀ ਹੈ। ਹਰ ਸਾਲ ਦੀ ਤਰ੍ਹਾਂ ਐਤਕੀਂ ਵੀ ਬਰਫ਼ ਹਟਾਉਣ ਤੇ ਗਲੇਸ਼ੀਅਰ ਕੱਟ ਕੇ ਸੰਗਤ ਲਈ ਰਸਤਾ ਬਣਾਉਣ ਲਈ ਭਾਰਤੀ ਫ਼ੌਜ ਦੇ ਜਵਾਨ, ਪ੍ਰਸ਼ਾਸਨ ਤੇ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਸੇਵਾਦਾਰ ਤਨਦੇਹੀ ਨਾਲ ਸੇਵਾ ਨਿਭਾ ਰਹੇ ਹਨ।
ਇਸ ਸਥਾਨ ਦੀ ਖੋਜ ਵਿਚ ਭਾਈ ਸਾਹਿਬ ਭਾਈ ਵੀਰ ਸਿੰਘ ਤੇ ਉਨ੍ਹਾਂ ਦੇ ਸਾਥੀ ਸੰਤ ਤਾਰਾ ਸਿੰਘ ਨਰੋਤਮ, ਸੰਤ ਸੋਹਣ ਸਿੰਘ ਤੇ ਬਾਬਾ ਮੋਦਨ ਸਿੰਘ ਤੋਂ ਇਲਾਵਾ ਉਸ ਇਲਾਕੇ ਵਿਚ ਵਸਦੇ ਪਿੰਡ ਭੰਡਾਰ ਦੇ ਰਹਿਣ ਵਾਲੇ ਭਾਈ ਨੰਦਾ ਤੇ ਨੰਬਰਦਾਰ ਰਤਨ ਸਿੰਘ ਸਮੇਤ ਬਹੁਤ ਸਾਰੇ ਸਿੱਖਾਂ ਦਾ ਯੋਗਦਾਨ ਰਿਹਾ ਹੈ। ਸੰਨ 1932 ਤੋਂ ਸੱਤ ਪਹਾੜਾਂ ਦੀਆਂ ਚੋਟੀਆਂ ਵਿਚ ਘਿਰੇ (ਸਪਤ ਸ੍ਰਿੰਗ) ਭਾਵ ਇਸ ਸਥਾਨ ਦੇ ਸਿੱਧ ਹੋ ਜਾਣ ਉਪਰੰਤ ਭਾਈ ਵੀਰ ਸਿੰਘ ਦੁਆਰਾ ਭੇਜੇ ਗਏ 2 ਹਜ਼ਾਰ ਰੁਪਏ ਨਾਲ ਜੁਲਾਈ 1936 ਵਿਚ ਇੱਥੇ ਗੁਰਦੁਆਰਾ ਸਾਹਿਬ ਦੀ ਛੋਟੀ ਜਿਹੀ ਇਮਾਰਤ ਦੀ ਉਸਾਰੀ ਆਰੰਭ ਕੀਤੀ ਗਈ, ਜੋ ਕੁਝ ਮਹੀਨਿਆਂ 'ਚ ਪੂਰੀ ਹੋ ਗਈ। ਉਸ ਇਲਾਕੇ ਵਿੱਚ ਪਹਿਲਾਂ ਤੋਂ ਹੀ ਵਸੇ ਪਿੰਡ ਭੰਡਾਰ ਦੇ ਲੋਕਾਂ ਦੇ ਕਹਿਣ 'ਤੇ ਉਸ ਇਮਾਰਤ ਦੇ ਨਜ਼ਦੀਕ ਇਕ ਲੋਕਪਾਲ ਮੰਦਰ ਦੀ ਉਸਾਰੀ ਵੀ ਉਨ੍ਹਾਂ ਸਿੱਖਾਂ ਵਲੋਂ ਉਸੇ ਸਮੇਂ ਕਰਵਾਈ ਗਈ ਸੀ। ਸੰਨ 1937 ਵਿਚ ਭਾਈ ਵੀਰ ਸਿੰਘ ਨੇ ਸੰਤ ਮੋਦਨ ਸਿੰਘ ਤੇ ਹੋਰ ਸੰਗਤਾਂ ਦੇ ਰਾਹੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਭੇਜ ਕੇ ਸ੍ਰੀ ਹੇਮਕੁੰਟ ਸਾਹਿਬ ਦੀ ਧਰਤੀ 'ਤੇ ਪਹਿਲਾ ਪ੍ਰਕਾਸ਼ ਕਰਵਾਇਆ ਸੀ। ਉਸ ਸਮੇਂ ਦੀ ਛੋਟੀ ਇਮਾਰਤ ਅੱਜ ਵਿਸ਼ਾਲ ਗੁਰਦੁਆਰਾ ਸਾਹਿਬ ਦੇ ਰੂਪ ਵਿਚ ਸੁਸ਼ੋਭਿਤ ਹੈ। ਪਹਾੜੀ ਇਲਾਕਾ ਹੋਣ ਕਾਰਨ ਵਾਹਨਾਂ ਦੇ ਸਫ਼ਰ ਤੋਂ ਇਲਾਵਾ ਕੁਝ ਸਫ਼ਰ ਪੈਦਲ ਜਾਂ ਖੱਚਰ ਘੋੜੇ, ਪਿੱਠੂ ਕੰਡੀਆਂ-ਡੰਡੀਆਂ ਦੀ ਸਹਾਇਤਾ ਨਾਲ ਵੀ ਤਹਿ ਕਰਨਾ ਪੈਂਦਾ ਹੈ। ਯਾਤਰੂਆਂ ਦੇ ਰਸਤੇ ਵਿਚ ਠਹਿਰਨ ਲਈ ਬਹੁਤ ਸਾਰੇ ਗੁਰਦੁਆਰਿਆਂ, ਸਰਾਵਾਂ ਤੋਂ ਇਲਾਵਾ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਵਲੋਂ ਰਿਸ਼ੀਕੇਸ਼, ਸ੍ਰੀਨਗਰ ਗੜ੍ਹਵਾਲ, ਜੋਸ਼ੀਮੱਠ, ਗੋਬਿੰਦ ਘਾਟ, ਗੋਬਿੰਦ ਧਾਮ ਆਦਿ ਸਥਾਨਾਂ ਤੇ ਗੁਰੂ-ਘਰਾਂ ਦੀ ਉਸਾਰੀ ਕਰਵਾਈ ਗਈ ਹੈ। ਇਨ੍ਹਾਂ ਗੁਰੂ-ਘਰਾਂ 'ਚ ਯਾਤਰੀਆਂ ਦੇ ਠਹਿਰਨ ਅਤੇ ਲੰਗਰ ਦੇ ਢੁਕਵੇਂ ਪ੍ਰਬੰਧ ਕੀਤੇ ਜਾਂਦੇ ਹਨ।
ਪੰਜਾਬ 'ਚੋਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਜਾਣ ਵਾਲੀ ਸੰਗਤ ਮੁੱਖ ਤੌਰ 'ਤੇ ਦੋ ਰਸਤਿਆਂ ਦਾ ਇਸਤੇਮਾਲ ਕਰਦੀ ਹੈ, ਜਿਨ੍ਹਾਂ 'ਚੋਂ ਇਕ ਅੰਬਾਲਾ, ਸਹਾਰਨਪੁਰ, ਹਰਿਦੁਆਰ ਹੁੰਦਾ ਹੋਇਆ ਰਿਸ਼ੀਕੇਸ਼ ਜਾਂਦਾ ਹੈ, ਜਦਕਿ ਦੂਜਾ ਚੰਡੀਗੜ੍ਹ, ਸ੍ਰੀ ਪਾਉਂਟਾ ਸਾਹਿਬ, ਦੇਹਰਦੂਨ ਤੋਂ ਹੁੰਦਾ ਹੋਇਆ ਰਿਸ਼ੀਕੇਸ਼ ਪਹੁੰਚਦਾ ਹੈ। ਰਿਸ਼ੀਕੇਸ਼ ਤੋਂ ਅੱਗੇ ਕਰੀਬ 270 ਕਿਲੋਮੀਟਰ ਪਹਾੜੀ ਇਲਾਕੇ ਦੀ ਸੜਕ ਦੇ ਨਾਲ ਆਸਮਾਨ ਛੂੰਹਦੀਆਂ ਹਿਮਾਲਿਆ ਦੀਆਂ ਚੋਟੀਆਂ, ਡੂੰਘੀਆਂ ਖੱਡਾਂ, ਝਰਨੇ ਅਤੇ ਵੱਖ-ਵੱਖ ਥਾਵਾਂ 'ਤੇ ਹੁੰਦੇ ਨਦੀਆਂ-ਨਾਲਿਆਂ ਦੇ ਸੰਗਮ ਕੁਦਰਤ ਦੀ ਖ਼ੂਬਸੂਰਤੀ ਦਾ ਦ੍ਰਿਸ਼ ਪੇਸ਼ ਕਰਦੇ ਹਨ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਕਰੀਬ 15,210 ਫੁੱਟ ਦੀ ਉਚਾਈ 'ਤੇ ਹੋਣ ਕਾਰਨ ਉੱਥੇ ਆਕਸੀਜਨ ਦੀ ਮਾਤਰਾ ਘਟ ਜਾਂਦੀ ਹੈ, ਜਿਸ ਕਰਕੇ ਸੰਗਤ ਨੂੰ ਰਾਤ ਸਮੇਂ ਉੱਥੇ ਨਹੀਂ ਰਹਿਣ ਦਿੱਤਾ ਜਾਂਦਾ। ਗੋਬਿੰਦ ਧਾਮ ਤੋਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਵਾਲੀਆਂ ਸੰਗਤਾਂ ਅੰਮ੍ਰਿਤ ਵੇਲੇ ਉੱਠ ਕੇ ਸਫ਼ਰ ਸ਼ੁਰੂ ਕਰ ਦਿੰਦੀਆਂ ਹਨ, ਜੋ ਕਰੀਬ 6 ਕਿੱਲੋਮੀਟਰ ਬਣਦਾ ਹੈ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਪਵਿੱਤਰ ਸਰੋਵਰ ਦੇ ਬਰਫ਼ੀਲੇ ਜਲ ਵਿਚ ਇਸ਼ਨਾਨ ਕਰਨ ਨਾਲ ਰਸਤੇ ਦਾ ਸਰੀਰਕ ਥਕੇਵਾਂ ਦੂਰ ਹੋ ਜਾਂਦਾ ਹੈ ਅਤੇ ਕੁਦਰਤ ਨਾਲ ਸਾਂਝ ਦਾ ਅਨੁਭਵ ਹੁੰਦਾ ਹੈ।
ਇੱਥੋਂ ਦੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਰਸਤੇ 'ਚ ਕੀਤੀ ਕਾਹਲੀ ਤੇ ਅਣਗਿਹਲੀ ਕਈ ਵਾਰ ਖ਼ਤਰਨਾਕ ਬਣ ਸਕਦੀ ਹੈ। ਇਹ ਯਾਤਰਾ ਸਾਲ 'ਚ ਕੁਝ ਮਹੀਨੇ ਚੱਲਣ ਕਾਰਨ ਅਤੇ ਦੂਰ-ਦੁਰਾਡੇ ਤੋਂ ਖਾਣ-ਪੀਣ ਅਤੇ ਵਰਤਣ ਵਾਲੀਆਂ ਚੀਜ਼ਾਂ ਨੂੰ ਇਸ ਪਹਾੜੀ ਇਲਾਕੇ 'ਤੇ ਲਿਆਉਣ ਲਈ ਖ਼ਰਚੇ ਕਾਫ਼ੀ ਵਧ ਜਾਂਦੇ ਹਨ, ਜੋ ਮਹਿੰਗੇ ਮੁੱਲ 'ਤੇ ਮਿਲਣੀਆਂ ਸੁਭਾਵਿਕ ਗੱਲ ਹੈ। ਇਸ ਲਈ ਚੀਜ਼ਾਂ ਦੀ ਕੀਮਤ ਬਾਰੇ ਪਹਿਲਾਂ ਕੀਤੀ ਜਾਂਚ ਯਾਤਰੀਆਂ ਲਈ ਲਾਹੇਵੰਦ ਹੁੰਦੀ ਹੈ ਤੇ ਇਸ ਨਾਲ ਬੇਲੋੜੀ ਬਹਿਸ ਤੇ ਝਗੜੇ ਤੋਂ ਬਚਿਆ ਜਾ ਸਕਦਾ ਹੈ। ਫਿਰ ਵੀ ਕਿਸੇ ਲੜਾਈ-ਝਗੜੇ ਦੀ ਸੂਰਤ ਵਿਚ ਪੁਲਿਸ ਪ੍ਰਸ਼ਾਸਨ ਦੀ ਮਦਦ ਲੈਣੀ ਬਿਹਤਰ ਹੁੰਦੀ ਹੈ। ਵਾਹਨ ਦੇ ਪੂਰੇ ਕਾਗਜ਼ਾਤ, ਡਰਾਈਵਿੰਗ ਲਾਇਸੰਸ ਤੇ ਸ਼ਨਾਖਤੀ ਕਾਰਡ ਜ਼ਰੂਰ ਕੋਲ ਰੱਖੋ। ਆਪਣੀ ਯਾਤਰਾ ਨੂੰ ਸੁਖਦ ਤੇ ਯਾਦਗਾਰੀ ਬਣਾਉਣ ਲਈ ਧਾਰਮਿਕ ਸਥਾਨਾਂ ਦੇ ਅਹੁਦੇਦਾਰਾਂ, ਪ੍ਰਬੰਧਕ ਕਮੇਟੀਆਂ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਉੱਤਰਾਖੰਡ ਸੂਬੇ ਵਿਚ ਉਕਤ ਧਾਰਮਿਕ ਸਥਾਨਾਂ ਤੋਂ ਇਲਾਵਾ ਹੋਰ ਵੀ ਧਾਰਮਿਕ, ਇਤਿਹਾਸਕ ਸਥਾਨ, ਗੁਫ਼ਾਵਾਂ, ਝੀਲਾਂ, ਫੁੱਲਾਂ ਦੀਆਂ ਘਾਟੀਆਂ ਵੇਖਣਯੋਗ ਹਨ। ਹਿਮਾਲਿਆ ਦੇ ਇਨ੍ਹਾਂ ਉੱਚੇ ਪਹਾੜਾਂ 'ਤੇ ਖਿੜੇ ਵੱਖ-ਵੱਖ ਤਰ੍ਹਾਂ ਦੇ ਫੁੱਲ ਕੁਦਰਤੀ ਸੁੰਦਰਤਾ ਨੂੰ ਹੋਰ ਨਿਖਾਰਦੇ ਤੇ ਯਾਤਰੀਆਂ ਨੂੰ ਆਕਰਸ਼ਿਤ ਕਰਦੇ ਹਨ। ਇਨ੍ਹਾਂ ਪਹਾੜਾਂ 'ਤੇ ਬੇਸ਼ਕੀਮਤੀ ਜੜ੍ਹੀ-ਬੂਟੀਆਂ ਹਨ ਪਰ ਕਈ ਬੂਟੀਆਂ ਜ਼ਹਿਰੀਲੀਆਂ ਹੁੰਦੀਆਂ ਹਨ। ਇਸ ਲਈ ਬਿਨਾਂ ਜਾਣਕਾਰੀ ਕਿਸੇ ਵੀ ਬੂਟੀ ਨੂੰ ਛੂਹਣਾ ਨਹੀਂ ਚਾਹੀਦਾ।
ਉੱਤਰਾਖੰਡ ਸਰਕਾਰ ਦੇ ਸੈਰ-ਸਪਾਟਾ ਵਿਭਾਗ ਵਲੋਂ ਤੀਰਥ ਯਾਤਰੀਆਂ ਅਤੇ ਉਨ੍ਹਾਂ ਦੇ ਵਾਹਨਾਂ ਦੀ ਰਜਿਸਟ੍ਰੇਸ਼ਨ ਲਾਜ਼ਮੀ ਕੀਤੀ ਗਈ ਹੈ। ਇਸ ਸੰਬੰਧੀ ਸਰਕਾਰ ਵਲੋਂ ਯਾਤਰੀ ਦਾ ਨਾਂਅ 'ਤੇ ਵਾਹਨ ਰਜਿਸਟਰ ਕਰਨ ਲਈ ਐਪ/ਪੋਰਟਲ ਜਾਰੀ ਕੀਤੇ ਗਏ ਹਨ। ਕਿਸੇ ਵੀ ਤੀਰਥ ਦੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਮੌਸਮ, ਰਸਤੇ ਜਾਂ ਕੋਈ ਹੋਰ ਲੋੜੀਂਦੀ ਜਾਣਕਾਰੀ ਸਰਕਾਰ ਵਲੋਂ ਜਾਰੀ ਟੋਲ ਫ੍ਰੀ ਨੰਬਰ 0135-1364/0135-3520100 ਤੋਂ ਲਈ ਜਾ ਸਕਦੀ ਹੈ। ਇਨ੍ਹਾਂ ਤੋਂ ਇਲਾਵਾ ਗੁਰਦੁਆਰਾ ਸਾਹਿਬ ਰਿਸ਼ੀਕੇਸ਼ ਦੇ ਟੈਲੀਫੋਨ ਨੰਬਰ 0135-2430229 ਰਾਹੀਂ ਵੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।

-ਪਿੰਡ ਜਲਾਲ ਉਸਮਾਂ, ਜ਼ਿਲ੍ਹਾ ਅੰਮ੍ਰਿਤਸਰ।
ਮੋਬਾ: 98156-93108

Ad Position 22
No active advertisement
ਪਿਛਲੀ ਖ਼ਬਰ ਬੜੇ ਲੰਬੇ ਸਮੇਂ ਬਾਅਦ ਹੋਈ ਸੀ ਜੈਤੋ ਦੇ ਮੋਰਚੇ ਦੀ ਫ਼ਤਹਿ ਅਗਲੀ ਖ਼ਬਰ ADC ਨੂੰ ਮੰਗ ਪੱਤਰ ਦੇਣ ਜਾ ਰਹੇ ਕਿਸਾਨਾਂ ਨੂੰ ਰਸਤੇ 'ਚ ਰੋਕਿਆ
Ad Position 24