13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਬੜੇ ਲੰਬੇ ਸਮੇਂ ਬਾਅਦ ਹੋਈ ਸੀ ਜੈਤੋ ਦੇ ਮੋਰਚੇ ਦੀ ਫ਼ਤਹਿ

Ad Position 21
No active advertisement
ਅਜੀਤ ਡੈਸਕ 02-06-2025

ਸ੍ਰੀ ਚਮਕੌਰ ਸਾਹਿਬ ਦੀ ਜੰਗ ਤੋਂ ਬਾਅਦ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਤੋਂ ਹੁੰਦੇ ਹੋਏ ਬਹੁਤ ਸਾਰੇ ਅਜੋਕੇ ਇਤਿਹਾਸਕ ਨਗਰਾਂ 'ਚ ਆਪਣੇ ਚਰਨ ਪਾਉਂਦੇ ਹੋਏ ਮਾਲਵੇ ਦੀ ਧਰਤ ਦੇ ਭਾਗ ਜਗਾਉਣ ਲਈ ਇਸ ਇਲਾਕੇ ਵਿਚ ਜਾ ਪਧਾਰੇ। ਇਸੇ ਤਰ੍ਹਾਂ ਦਾ ਕਸਬਾ ਜ਼ਿਲ੍ਹਾ ਫ਼ਰੀਦਕੋਟ ਵਿਚ ਜੈਤੋ ਤਹਿਸੀਲ ਦਾ ਹੈ, ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ। ਅੱਜ-ਕੱਲ੍ਹ ਇਹ ਕਸਬਾ ਬਠਿੰਡਾ-ਫ਼ਿਰੋਜ਼ਪੁਰ ਰੇਲਵੇ ਲਾਈਨ 'ਤੇ ਬਠਿੰਡਾ ਤੋਂ ਕੋਈ 25 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਗੁਰੂ ਜੀ ਦੀ ਯਾਦ ਵਿਚ ਇੱਥੇ ਇਕ ਪਵਿੱਤਰ ਸਰੋਵਰ ਤੇ ਗੁਰਦੁਆਰਾ ਸ੍ਰੀ ਗੰਗਸਰ ਸੁਸ਼ੋਭਿਤ ਹਨ।
ਪ੍ਰਸਿੱਧ ਇਤਿਹਾਸਕਾਰ ਡਾ. ਜਸਬੀਰ ਸਿੰਘ ਸਾਬਰ ਆਪਣੀ ਪੁਸਤਕ 'ਸਿੱਖ ਧਰਮ ਅਧਿਐਨ' ਵਿਚ ਲਿਖਦੇ ਹਨ ਕਿ ਜਦੋਂ ਕਿਸੇ ਕਾਰਨ ਕਰਕੇ ਨਾਭਾ ਦੇ ਰਾਜੇ ਦਾ ਪਟਿਆਲਾ ਦੇ ਰਾਜੇ ਨਾਲ ਕੋਈ ਝਗੜਾ ਵਧ ਗਿਆ ਤਾਂ ਸਰਕਾਰ ਨੇ ਇਸ ਦੇ ਨਿਪਟਾਰੇ ਲਈ ਇਲਾਹਾਬਾਦ ਹਾਈਕੋਰਟ ਦੇ ਜੱਜ ਸਟੂਅਰਟ ਨੂੰ ਇਹ ਮਾਮਲਾ ਸੌਂਪ ਦਿੱਤਾ, ਜਿਸ ਨੇ ਆਪਣਾ ਫ਼ੈਸਲਾ ਨਾਭਾ ਦੇ ਰਾਜੇ ਵਿਰੁੱਧ ਦਿੱਤਾ। ਪਰ ਸਰਕਾਰ ਇਹ ਦੱਸਣਾ ਚਾਹੁੰਦੀ ਸੀ ਕਿ ਨਾਭਾ ਦੇ ਰਾਜੇ ਨੇ ਆਪ ਗੱਦੀ ਛੱਡਣ ਦਾ ਫ਼ੈਸਲਾ ਲਿਆ ਹੈ। ਪਰ ਆਮ ਲੋਕਾਂ ਤੇ ਸਿੱਖਾਂ ਦਾ ਵਿਚਾਰ ਸੀ ਕਿ ਸਰਕਾਰ ਨੇ ਦਬਾਅ ਹੇਠ ਇਹ ਕਾਰਵਾਈ ਕੀਤੀ ਹੈ। ਨਤੀਜੇ ਵਜੋਂ 5 ਅਗਸਤ, 1923 ਈ: ਨੂੰ ਸਿੱਖਾਂ ਦੀ ਨੁਮਾਇੰਦਗੀ ਕਰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਹਾਰਾਜਾ ਨਾਭਾ ਨੂੰ ਗੱਦੀ ਤੋਂ ਉਤਾਰਨ ਦੇ ਵਿਰੁੱਧ ਵੱਡਾ ਅੰਦੋਲਨ ਆਰੰਭ ਦਿੱਤਾ ਤੇ ਰਾਜੇ ਨੂੰ ਇਨਸਾਫ਼ ਦਿਵਾਉਣ ਲਈ ਸਿੱਖ ਲਾਮਬੰਦ ਹੋਣ ਲੱਗੇ। ਇਸ ਅੰਦੋਲਨ ਤਹਿਤ ਰਾਜ ਭਰ ਦੇ ਗੁਰਦੁਆਰਿਆਂ ਵਿਚ ਅਖੰਡ ਪਾਠ ਆਰੰਭ ਕਰ ਦਿੱਤੇ ਗਏ। ਪਰ ਇਸ ਦੇ ਨਾਲ ਹੀ ਪੁਲਿਸ ਵਲੋਂ ਭੜਕਾਊ ਕਰਵਾਈ ਕਰਦੇ ਹਏ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਜੈਤੋ ਵਿਖੇ 27 ਅਗਸਤ, 1923 ਈ: ਨੂੰ ਪਾਠ ਕਰਦੇ ਸਮੇਂ ਪਾਠੀ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਪਾਠੀ ਸਿੰਘ ਦਾ ਨਾਂਅ ਇਤਿਹਾਸ ਵਿਚ ਗਿਆਨੀ ਇੰਦਰ ਸਿੰਘ ਦੱਸਿਆ ਜਾਂਦਾ ਹੈ। ਇਸ ਕਾਰਨ ਸੰਗਤਾਂ 'ਚ ਡਾਢਾ ਰੋਸ ਪੈਦਾ ਹੋਇਆ ਤੇ ਸ਼੍ਰੋਮਣੀ ਅਕਾਲੀ ਦਲ ਨੇ ਪਹਿਲੀ ਸਤੰਬਰ ਤੋਂ ਗੰਗਸਰ ਜੈਤੋ ਵਿਖੇ ਧਾਰਮਿਕ ਦੀਵਾਨ ਕਰਨ ਅਤੇ ਆਜ਼ਾਦੀ ਦੇ ਹੱਕ ਬਹਾਲ ਕਰਵਾਉਣ ਲਈ ਇਕ ਜਥਾ ਭੇਜਿਆ।
ਜਦੋਂ ਇਹ ਜਥਾ ਗਿਆ ਤਾਂ ਅੰਗਰੇਜ਼ ਪੁਲਿਸ ਨੇ ਜਥੇ ਦੇ ਸਾਰੇ ਸਿੱਖਾਂ ਨੂੰ ਗ੍ਰਿਫ਼ਤਾਰ ਕਰ ਲਿਆ ਪਰ ਉਨ੍ਹਾਂ ਨੂੰ ਦੂਜੇ ਹੀ ਦਿਨ ਛੱਡ ਦਿੱਤਾ। ਇਸ ਤਰ੍ਹਾਂ ਸਿੱਖਾਂ ਦੇ ਜਥੇ ਲਗਾਤਾਰ ਜਾਂਦੇ ਰਹੇ। ਫਿਰ 4 ਸਤੰਬਰ, 1923 ਈ: ਨੂੰ ਸ਼੍ਰੋਮਣੀ ਕਮੇਟੀ ਨੇ ਸਾਰਾ ਅੰਦੋਲਨ ਆਪਣੇ ਹੱਥਾਂ ਵਿਚ ਲੈ ਲਿਆ ਤੇ 11 ਸਤੰਬਰ, 1923 ਨੂੰ 11 ਸਿੱਖਾਂ ਦਾ ਜਥਾ ਜੈਤੋ ਭੇਜਿਆ ਗਿਆ। ਫਿਰ ਜਥਿਆ ਵਿਚ ਸਿੱਖਾਂ ਦੀ ਗਿਣਤੀ ਨੂੰ ਵਧਾ ਕੇ 102 ਸਿੱਖਾਂ ਦਾ ਜਥਾ 14 ਸਤੰਬਰ, 1923 ਈ: ਨੂੰ ਗੁਰਦੁਆਰਾ ਸ੍ਰੀ ਗੰਗਸਰ ਜੈਤੋ ਪਹੁੰਚ ਗਿਆ ਅਤੇ ਦੁਬਾਰਾ ਅਖੰਡ ਪਾਠ ਆਰੰਭ ਕੀਤਾ। ਪੁਲਿਸ ਨੇ ਫਿਰ 30 ਅਕਾਲੀ ਆਗੂਆਂ ਤੇ ਪਾਠੀ ਸਿੰਘਾਂ ਨੂੰ ਪਾਠ ਕਰਨ ਦੌਰਾਨ ਗ੍ਰਿਫ਼ਤਾਰ ਕਰ ਲਿਆ।
ਸ਼੍ਰੋਮਣੀ ਕਮੇਟੀ ਵਲੋਂ ਮੋਰਚੇ ਨੂੰ ਲਗਾਤਾਰ ਚਲਦਾ ਰੱਖਣ ਲਈ 15 ਸਤੰਬਰ, 1923 ਈ: ਤੋਂ ਲਗਾਤਾਰ 25-25 ਸਿੰਘਾਂ ਦਾ ਜਥਾ ਰੋਜ਼ ਜਾਣ ਲੱਗਾ ਤੇ ਇਹ ਸੰਘਰਸ਼ ਲਗਾਤਾਰ 7 ਮਹੀਨੇ ਚੱਲਦਾ ਰਿਹਾ। ਉੱਧਰ ਸਰਕਾਰ ਵੀ ਆਪਣਾ ਰੁਖ਼ ਸਖ਼ਤ ਕਰਦੀ ਗਈ ਅਤੇ 14 ਅਕਤੂਬਰ, 1923 ਈ: ਨੂੰ ਸਰਕਾਰ ਨੇ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੋਹਾਂ ਨੂੰ ਗ਼ੈਰ-ਕਾਨੂੰਨੀ ਐਲਾਨ ਦਿੱਤਾ। ਡਾ. ਜਸਬੀਰ ਸਿੰਘ ਸਾਬਰ ਅੱਗੇ ਲਿਖਦੇ ਹਨ ਕਿ ਫਿਰ 9 ਫਰਵਰੀ, 1924 ਨੂੰ 500 ਸਿੱਖਾਂ ਦਾ ਸ਼ਹੀਦੀ ਜਥਾ ਭੇਜਣ ਦਾ ਫ਼ੈਸਲਾ ਹੋਇਆ, ਜੋ ਅਕਾਲ ਤਖ਼ਤ ਸਾਹਿਬ ਤੋਂ ਰਵਾਨਾ ਹੋ ਕੇ 21 ਫਰਵਰੀ ਨੂੰ ਜੈਤੋ ਪਹੁੰਚ ਗਿਆ। ਇਸ ਜਥੇ ਨਾਲ ਅੰਗਰੇਜ਼ੀ ਅਖ਼ਬਾਰਾਂ ਦੇ ਕਈ ਨੁਮਾਇੰਦੇ ਵੀ ਸਨ।
ਪਰ ਹੁਣ ਹਾਲਾਤ ਹੋਰ ਖ਼ਰਾਬ ਹੋ ਗਏ ਸਨ। 21 ਫਰਵਰੀ, 1924 ਨੂੰ ਪੁਲਿਸ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਲਗਭਗ 100 ਸਿੰਘ ਸ਼ਹੀਦ ਹੋ ਗਿਆ ਤੇ 200 ਤੋਂ ਵੱਧ ਜ਼ਖ਼ਮੀ ਹੋਏ। ਸਰਕਾਰ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਜਥੇ ਦੇ ਸਿੱਖ ਹਥਿਆਰਬੰਦ ਸਨ। ਇਸ ਜ਼ੁਲਮ ਖ਼ਿਲਾਫ਼ ਸਿੱਖ ਕਦੋਂ ਚੁੱਪ ਕਰਕੇ ਬੈਠਣ ਵਾਲੇ ਸਨ। ਇਹੀ ਕਾਰਨ ਸੀ ਕਿ ਮੋਰਚਾ ਦਿਨ ਪ੍ਰਤੀ ਦਿਨ ਸਰਗਰਮ ਹੁੰਦਾ ਗਿਆ ਤੇ ਇਸ ਜ਼ੁਲਮ ਦੀ ਚਾਰੇ ਪਾਸੇ ਤੋਂ ਨਿੰਦਾ ਹੋਈ। ਇਸੇ ਸੰਬੰਧ ਵਿਚ 2 ਮਾਰਚ, 1924 ਨੂੰ ਕਲਕੱਤਾ ਵਿਖੇ ਇਕ ਵੱਡਾ ਜਲਸਾ ਹੋਇਆ, ਜਿਸ 'ਚ ਸਰਕਾਰ ਦੇ ਜ਼ੁਲਮਾਂ ਦੀ ਰੱਜ ਕੇ ਨਿੰਦਾ ਕੀਤੀ ਗਈ।
ਸਰਕਾਰੀ ਜ਼ੁਲਮ ਤੇ ਜਬਰ ਦੇ ਵਿਰੁੱਧ ਅਕਾਲੀਆਂ ਦੇ ਹੌਸਲੇ ਹੋਰ ਵੀ ਵਧ ਗਏ ਤੇ ਹੋਰ ਜਥਾ ਭੇਜਣ ਦੀਆਂ ਤਿਆਰੀਆਂ ਆਰੰਭ ਦਿੱਤੀਆਂ। ਦੂਜੇ ਜਾਣ ਵਾਲੇ ਜਥੇ ਵਿਚ ਸਿੱਖਾਂ ਦੀ ਗਿਣਤੀ ਪਹਿਲੇ ਜਥੇ ਨਾਲੋਂ ਵੀ ਕਿਤੇ ਵੱਧ ਸੀ। ਜਿਉਂ ਹੀ ਦੂਜਾ ਜਥਾ ਜੈਤੋ ਪਹੁੰਚਿਆ ਤਾਂ ਉਸ ਸਮੇਂ ਅੰਗਰੇਜ਼ ਅਧਿਕਾਰੀ ਮਿਸਟਰ-ਜਾਨਸਟਨ ਫ਼ੌਜ ਦੀ ਵੱਡੀ ਟੁਕੜੀ ਨਾਲ ਪਹਿਲਾਂ ਹੀ ਹਾਜ਼ਰ ਸੀ। ਸ੍ਰੀ ਮਾਲਵੀਆ ਨੇ ਮਿਸਟਰ ਜਾਨਸਟਨ ਨਾਲ ਗੱਲ ਕਰਦੇ ਹੋਏ ਕਿਹਾ ਕਿ ਜਥਾ ਬਿਲਕੁਲ ਨਿਹੱਥਾ ਹੈ ਤੇ ਤੁਸੀਂ ਨਿਹੱਥਿਆਂ 'ਤੇ ਗੋਲੀ ਨਹੀਂ ਚਲਾ ਸਕਦੇ ਤਾਂ ਉਸ ਅਫ਼ਸਰ ਨੇ ਨਿਹੱਥੇ ਸਿੱਖਾਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਗੋਲੀ ਨਹੀਂ ਚਲਾਈ। ਹਾਲਾਤ ਨਾ ਵਿਗੜਨ ਇਸ ਗੱਲ ਨੂੰ ਮੁੱਖ ਰੱਖਦਿਆਂ ਮਿਸਟਰ ਜਾਨਸਟਨ ਨੇ 50-50 ਦੇ ਜਥੇ ਨੂੰ ਅਖੰਡ ਪਾਠ ਕਰਨ ਦੀ ਆਗਿਆ ਦੇ ਦਿੱਤੀ ਪਰ ਸ਼੍ਰੋਮਣੀ ਕਮੇਟੀ ਆਪਣੀ ਧਾਰਮਿਕ ਗਤੀਵਿਧੀਆਂ ਲਈ ਪੂਰੀ ਆਜ਼ਾਦੀ ਚਾਹੁੰਦੀ ਸੀ ਤੇ ਉਸ ਨੇ ਜਥੇ ਭੇਜਣੇ ਲਗਾਤਾਰ ਜਾਰੀ ਰੱਖੇ।
ਇਸੇ ਲੜੀ ਵਿਚ ਤੀਜਾ ਜਥਾ 22 ਮਾਰਚ, ਚੌਥਾ 27 ਮਾਰਚ, ਪੰਜਵਾਂ ਜਥਾ 12 ਅਪ੍ਰੈਲ ਨੂੰ ਅਤੇ ਇਸੇ ਤਰ੍ਹਾਂ 27 ਅਪ੍ਰੈਲ ਤੱਕ ਇਹੀ ਸਿਲਸਿਲਾ ਬਣਿਆ ਰਿਹਾ। ਅੰਤ ਵਿਚ ਅੰਗਰੇਜ਼ ਸਰਕਾਰ ਨੇ ਆਪਣੀ ਹਾਰ ਮੰਨਦੇ ਹੋਏ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਤੇ ਅਖੰਡ ਪਾਠ ਕਰਵਾਉਣ 'ਤੇ ਲਗਾਈ ਪਾਬੰਦੀ ਹਟਾ ਲਈ। ਇਹ ਘਟਨਾ 21 ਜੁਲਾਈ, 1925 ਈ: ਦੀ ਹੈ। ਫਿਰ ਸਿੱਖਾਂ ਨੇ ਮਿਲ ਕੇ ਇੱਥੇ ਅਖੰਡ ਪਾਠ ਸ਼ੁਰੂ ਕੀਤੇ ਤੇ 7 ਅਗਸਤ, 1925 ਈ: ਨੂੰ 101 ਸੀ ਅਖੰਡ ਪਾਠ ਸਾਹਿਬ ਦੀ ਸਮਾਪਤੀ ਨਾਲ, ਜੈਤੋ ਦਾ ਮੋਰਚਾ ਵੀ ਸਮਾਪਤ ਹੋ ਗਿਆ ਅਤੇ ਇਸ ਤਰ੍ਹਾਂ ਇਕ ਵੱਡੇ ਸੰਘਰਸ਼ ਦਾ ਅੰਤ ਹੋਇਆ। ਭਾਵੇਂ ਇਹ ਮੋਰਚਾ ਬੜਾ ਲੰਬਾ ਸਮਾਂ ਚੱਲਿਆ ਪਰ ਇਸ ਨਾਲ ਪੰਜਾਬੀਆਂ ਅਤੇ ਸਿੱਖਾਂ ਨੂੰ ਇਕ ਵੱਡੀ ਫ਼ਤਹਿ ਪ੍ਰਾਪਤ ਹੋਈ।

-ਮਕਾਨ ਨੰ: 3098, ਸੈਕਟਰ 37ਡੀ, ਚੰਡੀਗੜ੍ਹ।
ਮੋਬਾਈਲ : 987645222

Ad Position 22
No active advertisement
ਪਿਛਲੀ ਖ਼ਬਰ ਛੇਵੇਂ ਪਾਤਿਸ਼ਾਹ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪਿੰਡ ਰਕਬਾ ਅਗਲੀ ਖ਼ਬਰ ਯਾਤਰਾ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ
Ad Position 24