ਸਿੱਖ ਵਿਚਾਰਧਾਰਾ ਵਿਚ ਨਿਮਰਤਾ ਨੂੰ ਮਨੁੱਖੀ ਜੀਵਨ ਦਾ ਅਹਿਮ ਗੁਣ ਮੰਨਿਆ ਗਿਆ ਹੈ। ਇਹ ਨਿਮਰਤਾ ਹੀ ਗੁਰਸਿੱਖੀ ਜੀਵਨ ਦਾ ਆਧਾਰ ਹੈ। ਇਹ ਵੀ ਦੱਸਿਆ ਗਿਆ ਹੈ ਕਿ ਨਿਮਰਤਾ ਕੇਵਲ ਵਿਖਾਵੇ ਦੀ ਨਹੀਂ, ਸਗੋਂ ਮਨੋਂ ਹੋਣੀ ਚਾਹੀਦੀ ਹੈ ਅਤੇ ਇਹ ਤਾਂ ਹੀ ਸੰਭਵ ਹੋ ਸਕਦਾ ਹੈ, ਜਦੋਂ ਮਨੁੱਖ ਆਪਣੇ ਅੰਦਰੋਂ ਹੰਕਾਰ ਹਊਮੈ ਨੂੰ ਖ਼ਤਮ ਕਰ ਦੇਵੇਗਾ। ਇਹੀ ਕਾਰਨ ਹੈ ਕਿ ਗੁਰਬਾਣੀ ਵਿਚ ਹਊਮੈ ਨੂੰ ਮਾਰਨ ਜਾਂ ਤਿਆਗਣ 'ਤੇ ਖ਼ਾਸਾ ਜ਼ੋਰ ਦਿੱੱਤਾ ਗਿਆ ਹੈ ਤਾਂ ਕਿ ਮਨੁੱਖ ਇਸ ਸੰਸਾਰ ਵਿਚ ਨਿਮਾਣਾ ਹੋ ਕੇ ਵਿਚਰੇ ਅਤੇ ਅਜਿਹਾ ਕਰਨ ਨਾਲ ਉਸ ਨੂੰ ਸਮੂਹ ਮਨੁੱਖ ਜਾਤੀ 'ਚ ਪਰਮਾਤਮਾ ਵਿਦਮਾਨ ਦਿਖਾਈ ਦੇਣ ਲੱਗ ਪਵੇਗਾ। ਪੰਚਮ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਫੁਰਮਾਨ ਹੈ:
ਹੋਇ ਨਿਮਾਨਾ ਜਗਿ ਰਹਹੁ ਨਾਨਕ ਨਦਰੀ ਪਾਰਿ॥
ਇਸ ਲਈ ਸਾਨੂੰ ਆਪਣੇ ਅੰਦਰੋਂ ਹਊਮੈ, ਮੈਂ ਜਾਂ ਹੰਕਾਰ ਦੀ ਭਾਵਨਾ ਖ਼ਤਮ ਕਰਨੀ ਹੋਵੇਗੀ। ਇਹ ਹੰਕਾਰ ਕਿਸੇ ਵੀ ਗੱਲ ਦਾ ਹੋ ਸਕਦਾ ਹੈ, ਆਪਣੇ ਗਿਆਨ ਦਾ, ਸੋਝੀ ਦਾ, ਵੱਧ ਕਿਤਾਬਾਂ/ਗ੍ਰੰਥ ਪੜ੍ਹੇ ਹੋਣ ਦਾ, ਸੋਹਣੇ ਹੋਣ ਦਾ, ਆਪਣੇ ਰੁਤਬੇ ਦਾ, ਆਪਣੀ ਜਾਤ-ਬਰਾਦਰੀ ਦਾ ਆਦਿ।
ਰਾਜਾ ਬਿਕ੍ਰਮਾਦਿੱਤ ਦੇ ਜੀਵਨ ਦੀ ਇਕ ਘਟਨਾ ਹੈ। ਇਕ ਵਾਰ ਦੀ ਗੱਲ ਹੈ ਕਿ ਇਕ ਵਿਅਕਤੀ ਇਕ ਰਾਜ-ਭਾਗ 'ਚ ਘੁੰਮਦਾ-ਫਿਰਦੇ ਆਇਆ ਅਤੇ ਰਸਤਾ ਭੁੱਲ ਗਿਆ। ਅਚਾਨਕ ਉਸ ਨੂੰ ਇਕ ਵਿਅਕਤੀ ਦਿਸਿਆ ਜਿਸ ਨੇ ਸਰਕਾਰੀ ਵਰਦੀ ਪਹਿਨੀ ਹੋਈ ਸੀ। ਉਹ ਵਿਅਕਤੀ ਉਸ ਆਦਮੀ ਕੋਲ ਗਿਆ ਤੇ ਪੁੱਛਣ ਲੱਗਾ ਕਿ ਮੈਂ ਪ੍ਰਦੇਸੀ ਹਾਂ ਤੇ ਰਸਤਾ ਭੁੱਲ ਗਿਆ ਹਾਂ। ਉਹ ਅਧਿਕਾਰੀ ਹੰਕਾਰ ਵਿਚ ਆਖਣ ਲੱਗਾ ਕਿ ਤੈਨੂੰ ਦਿੱਸਦਾ ਨਹੀਂ, ਮੈਂ ਸਰਕਾਰੀ ਅਧਿਕਾਰੀ ਹਾਂ, ਲੋਕਾਂ ਨੂੰ ਰਸਤੇ ਦੱਸਣਾ ਮੇਰਾ ਕੰਮ ਨਹੀਂ। ਉਹ ਰਾਹੀ ਨਿਮਰਤਾ ਸਹਿਤ ਆਖਣ ਲੱਗਿਆ ਕਿ ਜੇਕਰ ਕੋਈ ਵੱਡਾ ਸਰਕਾਰੀ ਅਧਿਕਾਰੀ ਵੀ ਕਿਸੇ ਯਾਤਰੀ ਨੂੰ ਰਸਤਾ ਦੱਸ ਦੇਵੇ ਤਾਂ ਇਸ ਵਿਚ ਕੋਈ ਬੁਰਾਈ ਨਹੀਂ ਹੈ। ਖ਼ੈਰ, ਕੀ ਤੁਸੀਂ ਦੱਸ ਸਕਦੇ ਹੋ ਕਿ ਤੁਸੀਂ ਕਿਸ ਅਹੁਦੇ 'ਤੇ ਹੋ ਤਾਂ ਉਸ ਨੇ ਕਿਹਾ ਕਿ ਮੈਂ ਇਕ ਸੈਨਾਪਤੀ ਹਾਂ, ਪਰ ਤੂੰ ਕੌਣ ਏਂ, ਜੋ ਇੰਨੇ ਸਵਾਲ ਪੁੱਛ ਰਿਹਾ ਹੈਂ? ਤਾਂ ਉਹ ਰਾਹੀ ਆਖਣ ਲੱਗਾ ਕਿ ਮੈਂ ਵੀ ਇਕ ਸਰਕਾਰੀ ਅਧਿਕਾਰੀ ਹਾਂ। ਇਹ ਸੁਣ ਕੇ ਸਰਕਾਰੀ ਅਧਿਕਾਰੀ ਦਾ ਹੰਕਾਰ ਕੁਝ ਘਟ ਗਿਆ। ਹੁਣ ਸੈਨਾਪਤੀ ਸਵਾਲ ਪੁੱਛਣ ਲੱਗਿਆ ਕਿ ਕੀ ਤੁਸੀਂ ਸੈਨਿਕ ਹੋ? ਤਾਂ ਰਾਹੀ ਬੋਲਿਆ ਨਹੀਂ। ਜਦ ਅਧਿਕਾਰੀ ਨੇ ਧਿਆਨ ਨਾਲ ਤੱਕਿਆ ਤਾਂ ਪਤਾ ਲੱਗਾ ਕਿ ਉਸ ਦੇ ਸਾਹਮਣੇ ਖ਼ੁਦ ਰਾਜਾ ਵਿਕ੍ਰਮਾਦਿੱਤ ਖੜ੍ਹੇ ਸਨ, ਜੋ ਭੇਸ ਬਦਲ ਕੇ ਆਪਣੀ ਪਰਜਾ ਦਾ ਹਾਲ ਜਾਣਨ ਲਈ ਨਿਕਲੇ ਹੋਏ ਸਨ। ਉਹ ਸਰਕਾਰੀ ਅਧਿਕਾਰੀ ਰਾਜੇ ਦੇ ਪੈਰਾਂ 'ਤੇ ਡਿੱਗ ਪਿਆ ਤੇ ਗਿੜਗੜਾਉਂਦਾ ਹੋਇਆ ਮੁਆਫ਼ੀ ਮੰਗਣ ਲੱਗਾ। ਤਾਂ ਹੀ ਸਿਆਣੇ ਕਹਿੰਦੇ ਹਨ ਕਿ 'ਹੰਕਾਰ ਦਾ ਸਿਰ ਨੀਵਾਂ' ਹੁੰਦਾ ਹੈ। ਇਸ ਲਈ ਸਾਨੂੰ ਕਿਸੇ ਵੀ ਤਰ੍ਹਾਂ ਦੇ ਹੰਕਾਰ ਤੋਂ ਹਮੇਸ਼ਾਂ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਗੁਰੂ ਅਰਜਨ ਦੇਵ ਜੀ ਸਮਝਾਉਂਦੇ ਹਨ:
ਬਡੇ ਬਡੇ ਅਹੰਕਾਰੀਆ ਨਾਨਕ ਗਰਬਿ ਗਲੇ॥
ਇਸ ਹਊਮੇ ਦੇ ਸਿੱਟੇ ਅਤੇ ਪ੍ਰਭਾਵ ਹਮੇਸ਼ਾਂ ਭੈੜੇ ਹੀ ਹੁੰਦੇ ਹਨ। ਪਹਿਲੇ ਪਾਤਿਸ਼ਾਹ ਗੁਰੂ ਨਾਨਕ ਦੇਵ ਜੀ ਨੇ ਸਮਝਾਇਆ ਹੈ ਕਿ ਹਊਮੈ ਤੋਂ ਕਦੇ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ ਕਿਉਂਕਿ ਇਹ ਮਨਮਤ ਜਾਂ ਹਊਮੈ ਝੂਠੀ ਮਿਥਿਆ ਹੈ, ਸੱਚ ਕੇਵਲ ਪਰਮਾਤਮਾ ਹੈ। ਜੋ ਵਿਅਕਤੀ ਆਪਣੀ ਸੁਤੰਤਰ ਸੱਤਾ ਮੰਨਣ ਲੱਗ ਪੈਂਦੇ ਹਨ, ਉਹ ਦਵੈਤ-ਭਾਵ ਕਰਕੇ ਨਸ਼ਟ ਹੋ ਜਾਂਦੇ ਹਨ। ਹਊਮੇ ਤੋਂ ਮੁਕਤ ਹੋ ਕੇ ਸਾਧਨਾ ਉਹੀ ਕਰ ਸਕਦਾ ਹੈ, ਜਿਸ ਦੇ ਭਾਗਾਂ ਵਿਚ ਲਿਖਿਆ ਗਿਆ ਹੈ:
ਹਉਮੈ ਕਰਤਿਆ ਨਹ ਸੁਖੁ ਹੋਇ॥
ਮਨਮਤਿ ਝੂਠੀ ਸਚਾ ਸੋਇ॥
ਸਗਲ ਬਿਗੂਤੇ ਭਾਵੈ ਦੋਇ॥
ਸੋ ਕਮਾਵੈ ਧੁਰਿ ਲਿਖਿਆ ਹੋਇ॥
ਇਸ ਲਈ ਹਊਮੈ ਨੂੰ ਤਿਆਗਣ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ ਅਤੇ ਨਿਮਰ ਭਾਵ ਧਾਰਨ ਕਰਨਾ ਚਾਹੀਦਾ ਹੈ। ਗੁਰਬਾਣੀ ਦਾ ਸੰਦੇਸ਼ ਹੈ ਕਿ
ਆਪਸ ਕਉ ਜੋ ਜਾਣੈ ਨੀਚਾ॥
ਸੋਊ ਗਨੀਐ ਸਭ ਤੇ ਊਚਾ॥
ਭਾਵ ਜਿਹੜਾ ਮਨੁੱਖ ਆਪਣੇ ਆਪ ਨੂੰ ਨੀਵਾਂ ਸਮਝਦਾ ਹੈ, ਉਹੀ ਸਾਰਿਆਂ ਨਾਲੋਂ ਵੱਡਾ ਗਿਣਿਆ ਜਾਂਦਾ ਹੈ।
-ਸੁਲਤਾਨਵਿੰਡ ਰੋਡ, ਅੰਮ੍ਰਿਤਸਰ ਸਾਹਿਬ।