13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਅਧਿਆਤਮਿਕਤਾ ਤੇ ਮਾਨਸਿਕ ਸਿਹਤ

Ad Position 21
No active advertisement
ਅਜੀਤ ਡੈਸਕ 02-06-2025

ਮਨੁੱਖੀ ਜ਼ਿੰਦਗੀ ਵਿਚ ਖ਼ੁਸ਼ੀ ਤੇ ਗਮੀ ਵਰਗੇ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ। ਮੁਸ਼ਕਿਲ ਤੇ ਚੁਣੌਤੀਪੂਰਨ ਪ੍ਰਸਥਿਤੀਆਂ ਵਿਚ ਮਨੁੱਖ ਆਪਣੇ ਅੰਦਰ ਉੱਠ ਰਹੀਆਂ ਕਈ ਨਾਕਾਰਾਤਮਕ ਭਾਵਨਾਵਾਂ ਤੇ ਵਿਚਾਰਾਂ ਨੂੰ ਸ਼ਾਂਤ ਕਰਨ ਲਈ ਕਈ ਬਾਹਰੀ ਰਸਤੇ ਤਲਾਸ਼ਦਾ ਹੈ। ਇਨ੍ਹਾਂ ਹੀ ਚੁਣੌਤੀਆਂ 'ਚੋਂ ਨਿਕਲਣ ਅਤੇ ਮਨੁੱਖੀ ਜ਼ਿੰਦਗੀ ਨੂੰ ਸਹੀ ਦਿਸ਼ਾ ਦੇਣ ਲਈ ਜਿੰਨੀ ਮਹੱਤਵਪੂਰਨ ਭੂਮਿਕਾ ਸਰੀਰਕ ਸਿਹਤ ਦੀ ਹੈ, ਓਨਾ ਹੀ ਮਹੱਤਵਪੂਰਨ ਤੱਥ ਹੈ ਮਾਨਸਿਕ ਸਿਹਤ। ਜਿੱਥੋਂ ਤੱਕ ਸਾਡੇ ਭਾਰਤੀ ਸਮਾਜ ਦੀ ਗੱਲ ਹੈ, ਇੱਥੇ ਹੁਣ ਤੱਕ ਮਾਨਸਿਕ ਸਿਹਤ ਨੂੰ ਸਰੀਰਕ ਸਿਹਤ ਪੱਖੋਂ ਅਣਗੌਲਿਆ ਕੀਤਾ ਗਿਆ ਹੈ, ਜਿੱਥੋਂ ਤੱਕ ਅਧਿਆਤਮਿਕਤਾ ਤੇ ਮਾਨਸਿਕ ਸਿਹਤ ਦੀ ਗੱਲ ਹੈ ਤਾਂ ਇਨ੍ਹਾਂ ਵਿਚ ਗੂੜ੍ਹਾ ਸੰਬੰਧ ਹੈ।
ਅਧਿਆਤਮਿਕਤਾ ਦਾ ਅਰਥ ਹੈ ਆਪਣੇ ਅੰਦਰ ਤੇ ਬਾਹਰ ਦੇ ਸੰਸਾਰ ਵਿਚ ਅਰਥ ਅਤੇ ਉਦੇਸ਼ ਦੀ ਖੋਜ ਕਰਨਾ। ਇਹ ਇਕ ਪ੍ਰਕਾਰ ਦੀ ਵਿਅਕਤੀਗਤ ਯਾਤਰਾ ਹੈ, ਜੋ ਆਪਣੇ ਅੰਦਰ ਦੇ ਸੱਚ ਤੇ ਆਤਮਾ ਨਾਲ ਜੁੜਨ ਵਿਚ ਮਦਦ ਕਰਦੀ ਹੈ। ਮਾਨਸਿਕ ਸਿਹਤ ਸਾਡੀ ਭਾਵਨਾਤਮਕ ਸਿਹਤ ਤੇ ਸਾਡੇ ਰੋਜ਼ਮਰ੍ਹਾ ਦੇ ਜੀਵਨ ਵਿਚ ਆਉਣ ਵਾਲੀਆਂ ਚੁਣੌਤੀਆਂ ਨਾਲ ਨਜਿੱਠਣ ਦੀ ਸਾਡੀ ਸਮਰੱਥਾ ਵੱਲ ਇਸ਼ਾਰਾ ਕਰਦੀ ਹੈ। ਸਾਡੇ ਵਿਚਾਰ ਚਾਹੇ ਨਾਕਾਰਾਤਮਕ ਹੋਣ ਜਾਂ ਸਕਾਰਾਤਮਕ, ਦੋਵੇਂ ਹੀ ਮਾਨਸਿਕ ਸਿਹਤ ਦੀ ਸ਼੍ਰੇਣੀ ਵਿਚ ਆਉਂਦੇ ਹਨ। ਜਿਵੇਂ-ਜਿਵੇਂ ਮਨੁੱਖ ਪਦਾਰਥਵਾਦੀ ਹੋ ਰਿਹਾ ਹੈ ਤਾਂ ਉਸ ਵਿਚ ਚਿੰਤਾ, ਤਣਾਅ ਵਰਗੇ ਰੋਗ ਵਧ ਰਹੇ ਹਨ। ਅਜਿਹਾ ਨਹੀਂ ਕਿ ਅੱਜ ਦੇ ਇਨਸਾਨ ਕੋਲ ਵਕਤ ਨਹੀਂ ਹੈ। ਅਸਲ ਵਿਚ ਉਸ ਦੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਉਨ੍ਹਾਂ ਕੰਮਾਂ ਨੂੰ ਪਹਿਲ ਹੀ ਨਹੀਂ, ਜਿਹੜੇ ਉਸ ਦੀ ਮਾਨਸਿਕ ਤੇ ਸਰੀਰਕ ਸਿਹਤ ਨੂੰ ਦਰੁਸਤ ਰੱਖਣ ਲਈ ਜ਼ਰੂਰੀ ਹਨ। ਅਧਿਆਤਮਿਕਤਾ ਦਾ ਸੰਬੰਧ ਆਤਮ ਦੇਖਭਾਲ ਨਾਲ ਹੈ, ਜਿਸ ਪ੍ਰਕਾਰ ਰੋਟੀ-ਪਾਣੀ ਸਾਡੀ ਸਰੀਰਕ ਸਿਹਤ ਲਈ ਜ਼ਰੂਰੀ ਹੈ, ਉਸੇ ਤਰ੍ਹਾਂ ਚੰਗਾ ਸੁਣਨਾ, ਚੰਗਾ ਦੇਖਣਾ ਤੇ ਚੰਗਾ ਕਰਨਾ ਸਾਡੀ ਆਤਮਾ ਦੀ ਖ਼ੁਰਾਕ ਹੈ।
ਅਧਿਆਤਮਿਕਤਾ ਦਾ ਸਭ ਤੋਂ ਸਾਕਾਰਾਤਮਕ ਪੱਖ ਇਹੀ ਹੈ ਕਿ ਮਨੁੱਖ ਅਤਿ ਦੀ ਨਿਰਾਸ਼ਾ ਵਿਚ ਵੀ ਉਮੀਦ ਨਹੀਂ ਹਾਰਦਾ। ਅਧਿਆਤਮਕ ਵਿਅਕਤੀ ਹਰ ਸਮੇਂ ਖ਼ੁਦ ਨੂੰ ਇਕ ਵੱਡੀ ਸ਼ਕਤੀ ਨਾਲ ਜੁੜਿਆ ਮਹਿਸੂਸ ਕਰਦਾ ਹੈ। ਨਾ-ਉਮੀਦ ਹੋ ਜਾਣਾ ਹੀ ਡਿਪਰੈਸ਼ਨ ਦਾ ਸਭ ਤੋਂ ਵੱਡਾ ਕਾਰਨ ਹੈ। ਜਦੋਂ ਲੋਕ ਅਧਿਆਤਮਿਕਤਾ ਨੂੰ ਜੀਵਨ ਦਾ ਆਧਾਰ ਬਣਾ ਲੈਂਦੇ ਹਨ ਤਾਂ ਉਹ ਆਪਣੀ ਮਾਨਸਿਕਤਾ ਨੂੰ ਹੋਰ ਵੀ ਗਹਿਰਾ ਕਰ ਸਕਦੇ ਹਨ। ਉਸ ਵਿਚ ਦੂਜਿਆਂ ਨੂੰ ਸੁਣਨਾ, ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਣਾ ਦਇਆ ਤੇ ਮਾਫ਼ੀ ਵਰਗੇ ਗੁਣ ਵਿਕਸਿਤ ਹੋ ਜਾਂਦੇ ਹਨ। ਇਸ ਤੋਂ ਬਿਨਾਂ ਅਧਿਆਤਮਿਕਤਾ ਖ਼ੁਦਕੁਸ਼ੀ ਤੇ ਨਸ਼ੀਲੀ ਦਵਾਈਆਂ ਦੇ ਉਪਯੋਗ ਦੇ ਡਰ ਨੂੰ ਵੀ ਘੱਟ ਕਰਦੀ ਹੈ। ਅਧਿਆਤਮਿਕਤਾ ਅਧੀਨ ਕੁਝ ਅਜਿਹੀਆਂ ਵਿਧੀਆਂ ਆਉਂਦੀਆਂ ਹਨ, ਜੋ ਤਣਾਅ ਤੇ ਡਿਪਰੈਸ਼ਨ ਨੂੰ ਘੱਟ ਕਰਨ ਵਿਚ ਸਹਾਇਕ ਸਿੱਧ ਹੁੰਦੀਆਂ ਹਨ। ਉਨ੍ਹਾਂ 'ਚੋਂ ਇਕ ਵਿਧੀ ਹੈ ਧਿਆਨ। ਮਨੁੱਖੀ ਮਨ ਆਮ ਤੌਰ 'ਤੇ ਜਾਂ ਪਿਛੋਕੜ ਜਾਂ ਫਿਰ ਭਵਿੱਖ ਵਿਚ ਭਟਕ ਰਿਹਾ ਹੁੰਦਾ ਹੈ। ਇਸ ਵਿਚ ਅਸੀਂ ਵਰਤਮਾਨ ਵਿਚ ਚਲ ਰਹੇ ਪਲ 'ਤੇ ਧਿਆਨ ਕੇਂਦ੍ਰਿਤ ਕਰ ਕੇ ਆਪਣੇ ਬੇਲਗਾਮ ਨਾਕਾਰਾਤਮਕ ਵਿਚਾਰਾਂ ਨੂੰ ਕੁਝ ਸਮੇਂ ਲਈ ਲਗਾਮ ਦੇ ਸਕਦੇ ਹਾਂ। ਨਿਰੰਤਰ ਅਭਿਆਸ ਨਾਲ ਇਸ ਦਾ ਸਾਡੀ ਮਾਨਸਿਕਤਾ 'ਤੇ ਡੂੰਘਾ ਪ੍ਰਭਾਵ ਪੈਂਦਾ ਹੈ। ਦੂਜੀ ਵਿਧੀ ਹੈ ਪ੍ਰਾਰਥਨਾ। ਮੁਸ਼ਕਿਲ ਸਮੇਂ ਵਿਚ ਹਰ ਵਿਅਕਤੀ ਕਿਸੇ ਨਾ ਕਿਸੇ ਕਿਸਮ ਦਾ ਸਹਾਰਾ ਭਾਲਦਾ ਹੈ। ਪ੍ਰਾਰਥਨਾ ਵਿਅਕਤੀ ਨੂੰ ਆਸ਼ਾਵਾਦੀ ਬਣਾਉਂਦੀ ਹੈ। ਡੂੰਘੀ ਸੂਝ ਵਾਲਿਆਂ ਲਈ ਇਹ ਮਾਰਗਦਰਸ਼ਕ ਹੋ ਨਿੱਬੜਦੀ ਹੈ। ਇਸ ਤੋਂ ਇਲਾਵਾ ਕੁਦਰਤ ਨਾਲ ਜੁੜਨਾ ਵੀ ਅਧਿਆਤਮਿਕਤਾ ਦਾ ਇਕ ਹਿੱਸਾ ਹੈ। ਇਸ ਪ੍ਰਕਾਰ ਅਧਿਆਤਮਿਕਤਾ ਨਿਰੋਲ ਸਾਡੇ ਜੀਵਨ ਦੇ ਧਾਰਮਿਕ ਪੱਖ 'ਤੇ ਹੀ ਨਹੀਂ, ਸਗੋਂ ਸਮੁੱਚੀ ਮਾਨਸਿਕਤਾ ਨੂੰ ਸੇਧ ਦੇਣ ਵਿਚ ਵੀ ਵੱਡੀ ਭੂਮਿਕਾ ਨਿਭਾਉਂਦੀ ਹੈ, ਬਸ ਜ਼ਰੂਰਤ ਹੈ ਨਿਰੰਤਰ ਅਭਿਆਸ ਦੀ।

-ਸਰਕਾਰੀ ਹਾਈ ਸਕੂਲ, ਸਤੀਏਵਾਲਾ, ਫ਼ਿਰੋਜ਼ਪੁਰ।

Ad Position 22
No active advertisement
ਪਿਛਲੀ ਖ਼ਬਰ ਬਰਸੀ ਸਮਾਗਮ 'ਤੇ ਵਿਸ਼ੇਸ਼-ਨਿਰਮਲ ਆਸ਼ਰਮ ਸੰਤ ਬਾਬਾ ਮਹਾਂ ਸਿੰਘ ਪਿੰਡ ਬੱਸੀਆਂ ਅਗਲੀ ਖ਼ਬਰ ਹੋਇ ਨਿਮਾਨਾ ਜਗਿ ਰਹਹੁ-ਨਿਮਰਤਾ ਮਨੁੱਖੀ ਜੀਵਨ ਦਾ ਅਹਿਮ ਗੁਣ ਹੈ
Ad Position 24