14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਮਾਨਵੀ ਹੱਕਾਂ ਦੇ ਪਹਿਰੇਦਾਰ : ਗੁਰੂ ਤੇਗ਼ ਬਹਾਦਰ ਜੀ

Ad Position 21
No active advertisement
ਅਜੀਤ ਡੈਸਕ 25-11-2025

ਸਿੱਖ ਵਿਰਸੇ ਦੇ ਸ਼ਾਨਾਮੱਤੇ ਇਤਿਹਾਸ ਦਾ ਹਰ ਸਫ਼ਾ ਹੀ ਜਬਰ-ਜ਼ੁਲਮ, ਬੇਇਨਸਾਫੀ ਵਿਰੁੱਧ ਅਤੇ ਮਾਨਵੀ ਕਦਰਾਂ ਦੀ ਰਾਖੀ ਲਈ ਗੁਰੂ ਸਾਹਿਬਾਨ ਤੇ ਹੋਰ ਯੋਧਿਆਂ ਵਲੋਂ ਦਿੱਤੀਆਂ ਸ਼ਹਾਦਤਾਂ ਦੇ ਖ਼ੂਨ ਨਾਲ ਰੰਗਿਆ ਹੋਇਆ ਹੈ। ਇਸ ਗੱਲ ਵਿਚ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ ਕਿ ਸਿੱਖ ਗੁਰੂ ਸਾਹਿਬਾਨ ਨੇ ਸਮਾਜ ਨੂੰ ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ ਦਾ ਸੰਦੇਸ਼ ਦਿੱਤਾ ਤੇ ਕੱਟੜਤਾ ਤੋਂ ਰਹਿਤ ਪਹੁੰਚ ਅਪਣਾ ਕੇ ਮਾਨਵੀ ਹੱਕਾਂ ਦੀ ਰਾਖੀ ਕੀਤੀ। ਦੂਜੇ ਧਰਮਾਂ 'ਚ ਜੇਕਰ ਕੋਈ ਸ਼ਹਾਦਤ ਦਿੱਤੀ ਗਈ ਤਾਂ ਇਹ ਕੇਵਲ ਆਪਣੇ ਧਰਮ ਨੂੰ ਬਚਾਉਣ ਲਈ ਹੀ ਸੀ। ਪਰ ਸਿੱਖ ਧਰਮ ਦੀ ਇਹ ਵਿਲੱਖਣਤਾ ਹੈ ਕਿ ਇਸ ਵਿਚ ਲੜੀਆਂ ਗਈਆਂ ਜੰਗਾਂ ਵੀ ਜ਼ੁਲਮੀ ਤੇ ਜਾਬਰ ਹਾਕਮਾਂ ਦੇ ਵਿਰੱਧ ਲੜੀਆਂ ਗਈਆਂ, ਨਾ ਕਿ ਹੋਰ ਹਾਕਮਾਂ ਵਾਂਗ ਆਪਣੇ ਕਿਸੇ ਹਿੱਤ ਦੀ ਪੂਰਤੀ ਲਈ।
ਸਿੱਖ ਧਰਮ ਵਿਚ ਸ਼ਹੀਦੀ ਦਾ ਨਿਵੇਕਲਾ ਸੰਕਲਪ ਹੈ। ਇੱਥੇ ਤਾਂ ਪਹਿਲੀ ਸ਼ਰਤ ਹੀ ਇਹ ਹੈ ਕਿ ਇਸ ਰਾਹ ਤੁਰਨ ਵਾਲੇ ਨੂੰ ਜਬਰ-ਜ਼ੁਲਮ ਦਾ ਦਲੇਰੀ ਨਾਲ ਸਾਹਮਣਾ ਕਰਦਿਆਂ ਆਪਣਾ ਆਪ ਕੁਰਬਾਨ ਕਰਨ ਲਈ ਹਮੇਸ਼ਾਂ ਤਿਆਰ ਰਹਿਣਾ ਚਾਹੀਦਾ ਹੈ। ਗੁਰੂੁ ਨਾਨਕ ਦੇਵ ਜੀ ਇਸ ਸੰਬੰਧੀ ਫੁਰਮਾਨ ਕਰਦੇ ਹਨ:-
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥
ਸ਼ਹਾਦਤਾਂ ਦੇ ਇਤਿਹਾਸ ਵਿਚ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਹਾਨ ਸ਼ਹਾਦਤ ਬਹੁਤ ਨਿਵੇਕਲੀ ਤੇ ਅਹਿਮ ਕਹੀ ਜਾ ਸਕਦੀ ਹੈ। ਮਨੁੱਖੀ ਹੱਕਾਂ 'ਤੇ ਡਾਕਾ ਮਾਰਨ ਵਾਲੇ ਅੱਤਿਆਚਾਰੀ ਹਾਕਮਾਂ ਦੇ ਘਿਨਾਉਣੇ ਜ਼ੁਲਮਾਂ ਨੂੰ ਵੰਗਾਰਨ ਲਈ ਗੁਰੂੁ ਤੇਗ ਬਹਾਦਰ ਜੀ ਨੇ ਖ਼ੁਦ ਚੱਲ ਕੇ ਬੇਰਹਿਮ ਤੇ ਨਿਰਦਈ ਕਾਤਲਾਂ ਦੇ ਦਰਬਾਰ ਵਿਚ ਆਉਣ ਦਾ ਫ਼ੈਸਲਾ ਕੀਤਾ। ਇਹ ਕੋਈ ਛੋਟੀ ਘਟਨਾ ਨਹੀਂ ਸੀ। ਗੁਰੂ ਸਾਹਿਬ ਦੇ ਬੇਮਿਸਾਲ ਹੌਂਸਲੇ, ਹਿੰਮਤ ਤੇ ਸ਼ਾਂਤਮਈ ਰਹਿ ਕੇ ਜਾਬਰ ਹਾਕਮਾਂ ਦੇ ਤਸੀਹੇ ਸਹਿੰਦਿਆਂ ਮਨੁੱਖੀ ਹੱਕਾਂ ਦੇ ਪਹਿਰੇਦਾਰ ਬਣ ਕੇ ਸ਼ਹਾਦਤ ਦਾ ਜਾਮ ਪੀ ਜਾਣਾ ਬਿਨਾਂ ਸ਼ੱਕ ਇਤਿਹਾਸ ਦੀ ਮਿਸਾਲੀ ਘਟਨਾ ਹੈ।
ਗੁਰੂ ਤੇਗ਼ ਬਹਾਦਰ ਜੀ ਦਾ ਜਨਮ 1621 ਈ. ਵਿਚ ਅੰਮ੍ਰਿਤਸਰ ਦੀ ਧਰਤੀ 'ਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਤੇ ਮਾਤਾ ਨਾਨਕੀ ਦੇ ਗ੍ਰਹਿ ਵਿਖੇ ਹੋਇਆ। ਮੀਰੀ-ਪੀਰੀ ਦੇ ਮਾਲਕ ਗੁਰੂੁ ਪਿਤਾ ਦੀ ਛਤਰ-ਛਾਇਆ ਹੇਠ ਗੁਰੂ ਤੇਗ ਬਹਾਦਰ ਜੀ ਨੇ ਹੋਰ ਸਿੱਖਿਆ ਦੇ ਨਾਲ-ਨਾਲ ਸ਼ਸਤਰ ਵਿੱਦਿਆ ਵੀ ਗ੍ਰਹਿਣ ਕੀਤੀ। ਉਹ ਸ਼ਾਂਤ-ਚਿੱਤ, ਸਾਧੂ ਸੁਭਾਅ ਤੇ ਨਾਮ-ਸਿਮਰਨ ਵਿਚ ਲੀਨ ਰਹਿਣ ਵਾਲੀ ਸ਼ਖ਼ਸੀਅਤ ਦੇ ਮਾਲਕ ਸਨ। ਉਨ੍ਹਾਂ ਨੇ ਗੁਰੂ ਹਰਿਗੋਬਿੰਦ ਜੀ ਵਲੋਂ ਕਰਤਾਰਪੁਰ ਵਿਚ ਲੜੀ ਗਈ ਜੰਗ ਸਮੇਂ ਵੀ ਬੇਮਿਸਾਲ ਹੌਸਲੇ ਤੇ ਬਹਾਦਰੀ ਨਾਲ ਤਲਵਾਰ ਦੀ ਵਰਤੋਂ ਕਰਕੇ ਗੁਰੂੁ ਪਿਤਾ ਦਾ ਮਨ ਮੋਹ ਲਿਆ। ਉਨ੍ਹਾਂ ਨੇ ਆਪਣੇ ਪੁੱਤਰ ਦੀ ਵਡਿਆਈ ਕਰਦਿਆਂ ਕਿਹਾ, 'ਤੂੰ ਤਿਆਗ ਮੱਲ ਨਹੀਂ, ਤੂੰ ਤਾਂ ਤੇਗ਼ ਬਹਾਦਰ ਏ।'
ਉਸ ਸਮੇਂ ਹਿੰਦੋਸਤਾਨ 'ਤੇ ਤਅੱਸਬੀ ਹਾਕਮ ਔਰੰਗਜ਼ੇਬ ਦਾ ਰਾਜ ਸੀ। ਆਪਣੇ ਰਾਜ-ਭਾਗ ਪ੍ਰਤੀ ਉਸ ਦੀ ਕਰੂਰ ਮਾਨਸਿਕਤਾ ਦਾ ਪਤਾ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਉਸ ਨੇ ਆਪਣੀ ਗੱਦੀ ਕਾਇਮ ਰੱਖਣ ਲਈ ਆਪਣੇ ਪਿਤਾ ਸ਼ਾਹ ਜਹਾਨ ਤੇ ਤਿੰਨ ਭਰਾਵਾਂ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ। ਕਸ਼ਮੀਰੀ ਪੰਡਤਾਂ ਨੂੰ ਜਬਰੀ ਇਸਲਾਮ ਕਬੂਲ ਕਰਾਉਣ ਲਈ, ਉਨ੍ਹਾਂ 'ਤੇ ਬੇਇੰਤਹਾ ਜ਼ੁਲਮ ਢਾਏ ਗਏ। 1671 ਈ. ਵਿਚ ਔਰੰਗਜ਼ੇਬ ਨੇ ਇਸ ਜ਼ਿੰਮੇਵਾਰੀ ਨੂੰ ਨੇਪਰੇ ਚੜ੍ਹਾਉਣ ਲਈ ਇਫ਼ਤਿਆਰ ਖ਼ਾਨ ਨੂੰ ਕਸ਼ਮੀਰ ਦਾ ਗਵਰਨਰ ਥਾਪ ਕੇ ਕਸ਼ਮੀਰੀ ਪੰਡਤਾਂ 'ਤੇ ਅੱਤਿਆਚਾਰ ਕਰਕੇ ਜਬਰੀ ਧਰਮ ਬਦਲਾਉਣ ਦੀ ਖੁੱਲ੍ਹੀ ਛੁੱਟੀ ਦੇ ਦਿੱਤੀ। ਅਜਿਹੀ ਸਥਿਤੀ ਤੋਂ ਤੰਗ ਆ ਕੇ 1675 ਈ. ਵਿਚ ਪੰਡਤ ਕਿਰਪਾ ਰਾਮ ਦੀ ਅਗਵਾਈ ਵਿਚ ਕਸ਼ਮੀਰੀ ਪੰਡਤਾਂ ਦਾ ਇਕ ਵਫ਼ਦ ਆਪਣੇ ਦੁੱਖਾਂ ਦੀ ਫ਼ਰਿਆਦ ਲੈ ਕੇ ਅਨੰਦਪੁਰ ਸਾਹਿਬ ਵਿਖੇ ਗੁਰੂ ਤੇਗ਼ ਬਹਾਦਰ ਜੀ ਦੇ ਦਰਬਾਰ ਵਿਚ ਹਾਜ਼ਰ ਹੋਇਆ।
ਉਨ੍ਹਾਂ ਨੇ ਗੁਰੂ ਜੀ ਨੂੰ ਕਸ਼ਮੀਰੀ ਪੰਡਤਾਂ 'ਤੇ ਔਰੰਗਜ਼ੇਬ ਵਲੋਂ ਜਬਰੀ ਮੁਸਲਿਮ ਧਰਮ ਅਪਣਾਉਣ ਲਈ ਕੀਤੇ ਜਾ ਰਹੇ ਜ਼ੁਲਮਾਂ ਦੀ ਵਿਥਿਆ ਸੁਣਾਈ। ਜਦੋਂ ਨੌਂ ਸਾਲਾਂ ਦੀ ਉਮਰ ਦੇ ਬਾਲ ਗੋਬਿੰਦ ਰਾਏ ਨੇ ਇਹ ਗੱਲ ਸੁਣੀ ਤਾਂ ਉਨ੍ਹਾਂ ਨੇ ਇਸ ਮਸਲੇ ਦੀ ਗੰਭੀਰਤਾ ਨੂੰ ਸਮਝਦਿਆਂ ਗੁਰੂੁ ਪਿਤਾ ਨੂੰ ਪੁੱਛਿਆ ਕਿ ਜ਼ੁਲਮਾਂ ਦੇ ਸਤਾਏ ਇਨ੍ਹਾਂ ਦੁਖਿਆਰਿਆਂ ਦੀ ਕੀ ਮਦਦ ਕੀਤੀ ਜਾ ਸਕਦੀ ਹੈ। ਗੁਰੂ ਜੀ ਨੇ ਕਿਹਾ ਕਿ ਇਨ੍ਹਾਂ ਦੀ ਸਹਾਇਤਾ ਲਈ ਤਾਂ ਕਿਸੇ ਵੱਡੇ ਮਹਾਂਪੁਰਸ਼ ਦੀ ਕੁਰਬਾਨੀ ਦੀ ਲੋੜ ਹੈ। ਇਹ ਸੁਣ ਕੇ ਬਾਲ ਗੋਬਿੰਦ ਰਾਏ ਨੇ ਕਿਹਾ, 'ਪਿਤਾ ਜੀ ਆਪ ਜੀ ਤੋਂ ਵੱਡਾ ਮਹਾਂਪੁਰਸ਼ ਕੌਣ ਹੋ ਸਕਦਾ ਹੈ? ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਦੇ ਵਫ਼ਦ ਨੂੰ ਉਸ ਸਮੇਂ ਹੀ ਇਹ ਕਹਿ ਦਿੱਤਾ ਕਿ ਔਰੰਗਜ਼ੇਬ ਨੂੰ ਮੇਰੇ ਵਲੋਂ ਸੁਨੇਹਾ ਦੇ ਦਿਓ ਕਿ ਜੇ ਉਹ ਮੈਨੂੰ (ਗੁਰੂ ਤੇਗ਼ ਬਹਾਦਰ ਜੀ) ਇਸਲਾਮ ਧਾਰਨ ਕਰਵਾ ਲਏ ਤਾਂ ਸਮੁੱਚਾ ਹਿੰਦੂ ਸਮਾਜ ਮੁਸਲਿਮ ਬਣ ਜਾਵੇਗਾ।
ਗੁਰੂ ਗਬਿੰਦ ਸਿੰਘ ਜੀ ਨੂੰ ਗੁਰਗੱਦੀ ਸੌਂਪਣ ਉਪਰੰਤ ਗੁਰੂ ਸਾਹਿਬ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਤੇ ਕੁਝ ਹੋਰ ਸਾਥੀਆਂ ਨਾਲ ਕੀਰਤਪੁਰ ਵਿਖੇ ਪਹੁੰਚ ਗਏ, ਜਿੱਥੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਸਰਹੰਦ ਦੇ ਸੂਬੇਦਾਰ ਕੋਲ ਭੇਜਿਆ ਗਿਆ। ਔਰੰਗਜ਼ੇਬ ਦੇ ਹੁਕਮਾਂ 'ਤੇ ਗੁਰੂ ਜੀ ਤੇ ਉਨ੍ਹਾਂ ਦੇ ਤਿੰਨਾਂ ਸਾਥੀਆਂ ਨੂੰ ਲੋਹੇ ਦੇ ਪਿੰਜਰੇ ਵਿਚ ਕੈਦ ਕਰਕੇ ਦਿੱਲੀ ਲਿਆਂਦਾ ਗਿਆ। ਧਰਮ ਬਦਲਣ ਲਈ ਗੁਰੂ ਜੀ ਨੂੰ ਕਈ ਲਾਲਚ ਦਿੱਤੇ ਗਏ। ਜਦੋਂ ਹਾਕਮਾਂ ਦੇ ਅਹਿਲਕਾਰ ਗੁਰੂ ਜੀ ਦੇ ਹੌਸਲੇ ਤੇ ਦ੍ਰਿੜ੍ਹ ਇਰਾਦੇ ਨੂੰ ਤੋੜਨ ਵਿਚ ਕਾਮਯਾਬ ਨਾ ਹੋਏ ਤਾਂ ਉਨ੍ਹਾਂ ਨੂੰ ਅੰਤਾਂ ਦੇ ਤਸੀਹੇ ਦਿੱਤੇ ਗਏ। ਇਸ ਦੇ ਨਾਲ ਹੀ ਕਾਜ਼ੀ ਨੇ ਉਨ੍ਹਾਂ ਦੇ ਨਾਲ ਆਏ ਸਿੱਖਾਂ ਨੂੰ ਬੇਰਹਿਮੀ ਨਾਲ ਭਿਆਨਕ ਤਸੀਹੇ ਦੇ ਕੇ ਸ਼ਹੀਦ ਕਰਨ ਦਾ ਫ਼ਤਵਾ ਜਾਰੀ ਕਰ ਦਿੱਤਾ।
ਸਭ ਤੋਂ ਪਹਿਲਾਂ ਸਿਰਲੱਥ ਯੋਧੇ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ। ਸੱਤਾ ਦੇ ਹੰਕਾਰ ਵਿਚ ਅੰਨ੍ਹੇ ਹੋਏ ਹਾਕਮਾਂ ਨੇ ਭਾਈ ਸਤੀ ਦਾਸ ਜੀ ਨੂੰ ਰੂੰ ਵਿਚ ਲਪੇਟ ਕੇ ਅੱਗ ਦੇ ਹਵਾਲੇ ਕਰਨ ਦਾ ਘਿਨਾਉਣਾ ਕਾਰਾ ਕਰਕੇ ਗੁਰੂ ਜੀ ਦੇ ਇਰਾਦੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਇਸ ਦੇ ਨਾਲ ਹੀ ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਵਿਚ ਬਿਠਾ ਕੇ ਸ਼ਹੀਦ ਕਰ ਦਿੱਤਾ ਗਿਆ। ਮਨਾਂ ਨੂੰ ਵਲੂੰਧਰਨ ਵਾਲੇ ਏਨੇ ਕਹਿਰ ਦੇ ਬਾਵਜੂਦ ਗੁਰੂ ਤੇਗ਼ ਬਹਾਦਰ ਜੀ ਅਡੋਲ ਤੇ ਸ਼ਾਂਤ-ਚਿਤ ਰਹੇ। ਅੰਤ ਕਾਜ਼ੀ ਨੇ ਗੂਰੂ ਜੀ ਦਾ ਸੀਸ ਧੜ ਤੋਂ ਅਲੱਗ ਕਰਨ ਦਾ ਫੁਰਮਾਨ ਜਾਰੀ ਕਰ ਦਿੱਤਾ। ਅੰਤਾਂ ਦਾ ਜਬਰ ਢਾਹੁਣ ਤੋਂ ਬਾਅਦ ਜਲਾਦ ਜਲਾਲੁਦੀਨ ਨੇ ਤਲਵਾਰ ਦੇ ਵਾਰ ਨਾਲ ਗੁਰੂ ਜੀ ਦਾ ਸੀਸ ਵੀ ਧੜ ਤੋਂ ਵੱਖ ਕਰ ਦਿੱਤਾ। ਗੁਰੂ ਤੇਗ਼ ਬਹਾਦਰ ਜੀ ਪ੍ਰਤੀ ਆਪਣੇ ਦਿਲੀ ਸਨੇਹ ਦਾ ਪ੍ਰਗਟਾਵਾ ਕਰਦਿਆਂ ਭਾਈ ਜੈਤਾ ਜੀ (ਭਾਈ ਜੀਵਨ ਸਿੰਘ) ਬਹੁਤ ਹਿੰਮਤ ਤੇ ਦਲੇਰੀ ਨਾਲ ਗੁਰੂੁ ਜੀ ਦਾ ਸੀਸ ਅਨੰਦਪੁਰ ਸਾਹਿਬ ਲੈ ਕੇ ਗਏ। ਗੁਰੂ ਸਾਹਿਬ ਦੇ ਧੜ ਦਾ ਸਸਕਾਰ ਭਾਈ ਲੱਖੀ ਸ਼ਾਹ ਵਣਜਾਰਾ ਨੇ ਆਪਣੇ ਘਰ ਨੂੰ ਅੱਗ ਦੇ ਹਵਾਲੇ ਕਰ ਕੇ ਕਰ ਦਿੱਤਾ।
ਇਸ ਘਟਨਾ ਨਾਲ ਹਰ ਪਾਸੇ ਹਾਹਾਕਾਰ ਮਚ ਗਈ। ਮੁਗ਼ਲ ਹਕੂਮਤ ਦੇ ਇਸ ਅਣਮਨੁੱਖੀ ਤੇ ਵਹਿਸ਼ਿਆਨਾ ਕਾਰੇ ਦੀ ਹਰ ਸੰਵੇਦਨਸ਼ੀਲ ਮਨੁੱਖ ਨੇ ਘੋਰ ਨਿੰਦਿਆ ਕੀਤੀ ਤੇ ਹਕੂਮਤ ਨੂੰ ਲਾਹਣਤਾਂ ਪਾਈਆਂ। ਇਹ ਸ਼ਹਾਦਤ ਦੇ ਕੇ ਗੁਰੂੁ ਸਾਹਿਬ ਨੇ ਸੰਸਾਰ ਨੂੰ ਇਹ ਦਰਸਾ ਦਿੱਤਾ ਕਿ ਧਾਰਮਿਕ ਕੱਟੜਤਾ ਤੇ ਸੱਤਾ ਦਾ ਹੰਕਾਰ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਕਿਹਾ ਜਾ ਸਕਦਾ। ਜਿਸ ਜਨੇਊ ਨੂੰ ਪਾਉਣ ਤੋਂ ਗੁਰੂੁ ਨਾਨਕ ਦੇਵ ਜੀ ਨੇ ਇਨਕਾਰ ਕੀਤਾ ਸੀ, ਉਸੇ ਜਨੇਊ ਦੀ ਰਾਖੀ ਕਰਦਿਆਂ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਸ਼ਹਾਦਤ ਦੇ ਕੇ ਕੱਟੜ ਹਕੂਮਤ ਨੂੰ ਭੈਅ-ਭੀਤ ਕਰ ਦਿੱਤਾ। ਗੁਰੂ ਜੀ ਨੇ ਤਾਂ ਆਪਣੀ ਬਾਣੀ ਵਿਚ ਹੀ ਕਿਹਾ ਸੀ:-
ਭੈ ਕਾਹੂ ਕਉ ਦੇਤ
ਨਹਿ ਨਹਿ ਭੈ ਮਾਨਤ ਆਨ॥
ਕਹੁ ਨਾਨਕ ਸੁਨਿ ਰੇ
ਮਨਾ ਗਿਆਨੀ ਤਾਹਿ ਬਖਾਨਿ॥
ਗੁਰੂ ਤੇਗ਼ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਦੇ ਮਾਨਵੀ ਹੱਕਾਂ ਦੀ ਰਾਖੀ ਲਈ ਉਨ੍ਹਾਂ ਨਾਲ ਜਿਹੜਾ ਅਹਿਦ ਕੀਤਾ ਸੀ, ਆਪਣਾ ਆਪ ਕੁਰਬਾਨ ਕਰਕੇ ਉਸ ਨੂੰ ਨਿਭਾਇਆ ਤੇ ਇਤਿਹਾਸ ਸਿਰਜ ਦਿੱਤਾ। ਇਸ ਸ਼ਹੀਦੀ ਬਿਰਤਾਂਤ ਬਾਰੇ ਗੁਰੂ ਗੋਬਿੰਦ ਸਿੰਘ ਜੀ ਨੇ ਬਚਿੱਤਰ ਨਾਟਕ ਵਿਚ ਇੰਝ ਵਰਣਨ ਕੀਤਾ ਹੈ:-
ਤਿਲਕ ਜੰਞੂ ਰਾਖਾ ਪ੍ਰਭ ਤਾ ਕਾ॥
ਕੀਨੋ ਬਡੋ ਕਲੂ ਮਹਿ ਸਾਕਾ॥
ਸਾਧਨ ਹੇਤਿ ਇਤੀ ਜਿਨਿ ਕਰੀ॥
ਸੀਸੁ ਦੀਆ ਪਰ ਸੀ ਨ ਉਚਰੀ॥
ਧਰਮ ਹੇਤਿ ਸਾਕਾ ਜਿਨਿ ਕੀਆ॥
ਸੀਸੁ ਦੀਆ ਪਰ ਸਿਰਰੁ ਨ ਦੀਆ॥
ਕਿਸੇ ਦੂਜੇ ਧਰਮ ਦੀ ਰੱਖਿਆ ਲਈ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਮਾਨਵਤਾ ਨੂੰ ਬਚਾਉਣ ਦੀ ਬੇਮਿਸਾਲ ਤੇ ਵਿਲੱਖਣ ਗਾਥਾ ਹੈ। ਅਕਸਰ ਹੀ ਗੁਰੂ ਜੀ ਨੂੰ 'ਹਿੰਦ ਦੀ ਚਾਦਰ' ਕਹਿ ਕੇ ਸਤਿਕਾਰਿਆ ਜਾਂਦਾ ਹੈ। ਪਰ ਗੁਰੂ ਤੇਗ਼ ਬਹਾਦਰ ਜੀ ਨੇ ਆਪਣੀ ਕੁਰਬਾਨੀ ਦੇ ਕੇ ਸਮਾਜ ਨੂੰ ਬਹੁਤ ਸਾਰਥਿਕ ਸੁਨੇਹਾ ਦਿੱਤਾ ਸੀ ਕਿ ਧਰਮ ਪ੍ਰਤੀ ਜਨੂੰਨ ਤੇ ਕੱਟੜਤਾ ਮਾਨਵਤਾ ਲਈ ਸਰਾਪ ਹੈ। ਗੁਰੂ ਤੇਗ ਬਹਾਦਰ ਜੀ ਸੱਚੇ ਅਰਥਾਂ ਵਿਚ ਮਾਨਵਤਾ ਦੀ ਚਾਦਰ ਸਨ। ਅਜੋਕੇ ਸਮਿਆਂ ਵਿਚ ਮਾਨਵੀ ਹੱਕਾਂ ਲਈ ਸੰਸਾਰ ਭਰ ਵਿਚ ਚਰਚਾ ਹੁੰਦੀ ਹੈ। ਪਰ ਗੁਰੂ ਤੇਗ਼ ਬਹਾਦਰ ਜੀ ਨੇ ਮਨੁੱਖੀ ਹੱਕਾਂ ਦੀ ਖ਼ਾਤਰ ਖ਼ੁਦ ਕਾਤਲ ਦੇ ਦਰਬਾਰ ਵਿਚ ਹਾਜ਼ਰ ਹੋ ਕੇ ਸ਼ਹਾਦਤ ਦੇ ਦਿੱਤੀ ਤੇ ਸਮੁੱਚੇ ਸੰਸਾਰ ਨੂੰ ਆਪਣੇ ਧਰਮਾਂ ਤੇ ਸੌੜੇ ਵਿਚਾਰਾਂ ਤੋਂ ਉੱਪਰ ਉੱਠ ਕੇ ਮਾਨਵਤਾ ਦੀ ਰਾਖੀ ਕਰਨ ਦਾ ਸੰਦੇਸ਼ ਦਿੱਤਾ।

-ਮੋਬਾ: 9815356086

Ad Position 22
No active advertisement
ਪਿਛਲੀ ਖ਼ਬਰ ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ ਅਗਲੀ ਖ਼ਬਰ ਨੀਤੀਆਂ ਅਤੇ ਯੋਜਨਾਵਾਂ ਉਦੋਂ ਠੁੱਸ ਹੋ ਜਾਂਦੀਆਂ ਹਨ, ਜਦੋਂ ਉਨ੍ਹਾਂ 'ਤੇ ਅਮਲ ਕਰਵਾਉਣ ਵਾਲਿਆਂ ਦਾ ਆਪਣਾ ਵਿਵਹਾਰ ਨੀਤੀਆਂ...
Ad Position 24