ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਤਿੰਨ ਸੌ ਪੰਜਾਹ ਸਾਲਾ ਸ਼ਹੀਦੀ ਸ਼ਤਾਬਦੀ ਮਨਾਉਂਦਿਆਂ ਇਹ ਪੰਕਤੀਆਂ ਅਸੀਂ ਕਥਾ, ਕੀਰਤਨ ਤੇ ਅਰਦਾਸ ਰਾਹੀਂ ਰੋਜ਼ਾਨਾ ਹੀ ਸਰਵਣ ਕਰਦੇ ਹਾਂ-
ਤੇਗ ਬਹਾਦਰ ਸਿਮਰਿਐ
ਘਰ ਨਉ ਨਿਧਿ ਆਵੈ ਧਾਇ॥
ਸਭ ਥਾਈਂ ਹੋਇ ਸਹਾਇ॥
ਇਹ ਪੰਥਕ ਅਰਦਾਸ ਦੀ ਪਹਿਲੀ ਪਉੜੀ ਦੀਆਂ ਪੰਕਤੀਆਂ ਹਨ, ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰਚਿਤ ਸ੍ਰੀ ਦਸਮ ਗ੍ਰੰਥ ਦੇ ਪੰਨਾ 119 'ਤੇ ਦਰਜ ਹਨ। ਇਸ ਸੰਬੰਧੀ ਪ੍ਰਮਾਣਿਕ ਹਵਾਲਾ ਹੈ ਕਿ ਜਦ 1699 ਈ. ਦੀ ਵਿਸਾਖੀ ਨੂੰ ਖ਼ਾਲਸਾ ਪੰਥ ਸਾਜਿਆ ਗਿਆ ਤਾਂ ਦਸਵੇਂ ਪਾਤਿਸ਼ਾਹ ਨੇ ਅਰਦਾਸ ਕਰਦਿਆਂ ਇਹ ਪਉੜੀ ਪੜ੍ਹੀ:-
ਪ੍ਰਿਥਮ ਭਗੌਤੀ ਵਾਰ ਜੁ ਪੌੜੀ।
ਪੜ੍ਹ ਪ੍ਰਿਥਮੈ ਆਪ ਸਤਿਗੁਰ ਗੋੜੀ।
ਨੌਂ ਪਤਸਾਹੀਅਨ ਲਯੋ ਧਿਆਇ।
ਅਬ ਦੁਸਮਨ ਪਰ ਹੋਈਂ ਸਹਾਇ। (ਸ੍ਰੀ ਗੁਰੂ ਪੰਥ ਪ੍ਰਕਾਸ਼-ਭਾਈ ਰਤਨ ਸਿੰਘ ਭੰਗੂ)
ਇਸ ਪਉੜੀ ਵਿਚ ਕਲਗੀਧਰ ਪਾਤਿਸ਼ਾਹ ਨੇ ਅਕਾਲ ਪੁਰਖ ਨੂੰ ਧਿਆ ਕੇ ਫਿਰ ਅਕਾਲ ਸਰੂਪ ਨੌਂ ਸਤਿਗੁਰਾਂ ਦੇ ਦੈਵੀ ਸਰੂਪ, ਰੂਹਾਨੀ ਮੰਡਲ, ਨਿਰੰਕਾਰੀ ਪ੍ਰਤਾਪ ਅਤੇ ਬਰਕਤਾਂ ਤੇ ਰਹਿਮਤਾਂ ਦਾ ਹਵਾਲਾ ਦਿੱਤਾ ਹੈ। ਨੌਵੇਂ ਪਾਤਿਸ਼ਾਹ ਸਬੰਧੀ ਪੂਰੀ ਪੰਕਤੀ ਵਿਚ ਕਥਨ ਹੈ ਕਿ ਮੈਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਿਮਰਦਾ ਹਾਂ, ਜਿਨ੍ਹਾਂ ਦੇ ਸਿਮਰਨ ਨਾਲ ਨੌ ਨਿਧਿ (ਨੌ ਖ਼ਜ਼ਾਨੇ) ਪ੍ਰਾਪਤ ਹੁੰਦੇ ਹਨ ਅਤੇ ਸਤਿਗੁਰੂ ਜੀ ਸਭ ਥਾਈਂ ਸਹਾਇਤਾ ਕਰਦੇ ਹਨ। ਹੁਣ ਪਾਠਕ ਜਾਂ ਜਗਿਆਸੂ ਦਾ ਸਵਾਲ ਹੈ ਕਿ ਨੌਂ ਨਿਧਿ ਕੀ ਹਨ? ਗੁਰਬਾਣੀ ਵਿਚ ਅਕਾਲ ਪੁਰਖ ਦਾ ਅੰਮ੍ਰਿਤ ਰੂਪੀ ਨਾਮ ਵੀ ਨੌ ਨਿਧਿ ਸਮਾਨ ਹੈ:
ਨਉ ਨਿਧਿ ਅੰਮ੍ਰਿਤੁ ਪ੍ਰਭੁ ਕਾ ਨਾਮੁ ਅਤੇ ਸਿਮਰਨ ਅਭਿਆਸ ਦੀ ਬਰਕਤ ਦਾ ਵੀ ਵਰਣਨ ਹੈ ਪ੍ਰਭ ਕੈ ਸਿਮਰਨਿ ਰਿਧਿ ਸਿਧਿ ਨਉ ਨਿਧਿ। 'ਸਮ ਅਰਥ ਕੋਸ਼' ਵਿਚ ਨਿਧਿ ਦੇ ਪੰਦਰਾਂ ਦੇ ਕਰੀਬ ਸਮਾਨ ਅਰਥੀ ਸ਼ਬਦ ਹਨ ਜਿਵੇਂ ਖ਼ਜ਼ਾਨਾ, ਕੋਸ਼, ਗੋਲਕ, ਖਜੀਨਾ, ਨਿਧਾਨ, ਨਿਧਾਨਾ, ਨਿਧਿ, ਨਿਧੀ, ਤੁਜਾਰਾ, ਪੋਤ, ਪੋਤਹ, ਪੋਤਾ, ਫੋਤਹ, ਭੰਡਾਰ, ਭੰਡਾਰਾ ਆਦਿ। ਗੁਰਬਾਣੀ ਦੇ ਪ੍ਰਸਿੱਧ ਟੀਕਾਕਾਰ ਪ੍ਰੋ. ਸਾਹਿਬ ਸਿੰਘ ਨੇ ਨੌਂ ਨਿਧਿ ਦਾ ਅਰਥ ਜਗਤ ਦਾ ਸਾਰਾ ਧਨ ਪਦਾਰਥ ਲਿਖਿਆ ਹੈ ਅਤੇ ਦਸਮ ਗ੍ਰੰਥ ਦੇ ਟੀਕਾਕਾਰ ਗਿ: ਨਰੈਣ ਸਿੰਘ ਨੇ ਨੌਂ ਨਿਧਿ ਦਾ ਅਰਥ ਸਭ ਸੰਸਾਰਕ ਸੁੱਖ ਤੇ ਧਨ ਦੌਲਤ ਦੀ ਪ੍ਰਾਪਤੀ ਲਿਖਿਆ ਹੈ।
ਨੌਂ ਨਿਧੀਆਂ ਸੰਬੰਧੀ ਮਹਾਨ ਕੋਸ਼ ਅਤੇ ਸੰਖਿਆ ਕੋਸ਼ ਵਿਚ ਇਉਂ ਵਰਣਨ ਮਿਲਦਾ ਹੈ ਕਿ ਸੰਸਕ੍ਰਿਤ ਆਦਿਕ ਗ੍ਰੰਥਾਂ ਵਿਚ ਨਿਧੀਆਂ ਇਸ ਪ੍ਰਕਾਰ ਹਨ ਪਦਮ, ਮਹਾਂ ਪਦਮ, ਸ਼ੰਖ, ਮਕਰ, ਕੱਛਪ, ਮੁਕੁੰਦ, ਕੁੰਦ, ਨੀਲ, ਵਰਚ ਆਦਿ। ਇਸ ਤੋਂ ਅੱਗੇ ਕੁਝ ਪੁਰਾਤਨ ਵਿਦਵਾਨਾਂ ਨੇ ਨੌਂ ਨਿਧੀਆਂ ਦੇ ਵੱਖ-ਵੱਖ ਗੁਣਾਂ ਤੇ ਬਰਕਤਾਂ ਦੀ ਸੰਖੇਪ ਜਾਣਕਾਰੀ ਇਉਂ ਵੀ ਦਿੱਤੀ ਹੈ: ਪਦਮ ਨਿਧੀ-ਇਸ ਨਿਧੀ ਦੀ ਪ੍ਰਾਪਤੀ ਨਾਲ ਇਨਸਾਨ ਕੋਲ ਸੋਨਾ ਆਦਿ ਧਾਤਾਂ ਦੇ ਭੰਡਾਰ ਹੋਣਗੇ, ਧਰਮ ਸਥਾਨ ਬਣਾਏਗਾ ਤੇ ਅੰਸ ਬੰਸ ਵਧੇਗੀ। ਮਹਾਂ ਪਦਮ ਇਸ ਦੀ ਪ੍ਰਾਪਤੀ ਨਾਲ ਉੱਤਮ ਪੁਰਖਾਂ ਨੂੰ ਦਾਨ ਦੇਵੇਗਾ ਤੇ ਕੀਮਤੀ ਵਸਤਾਂ ਦੀ ਸੌਦਾਗਰੀ ਕਰੇਗਾ। ਸ਼ੰਖ ਨਿਧੀ ਇਸ ਦੀ ਬਰਕਤ ਨਾਲ ਉੱਤਮ ਭੋਜਨ, ਉੱਤਮ ਬਸਤਰ ਤੇ ਨਿੱਜ ਦੀ ਉੱਤਮ ਪਾਲਣਾ ਹੋਵੇਗੀ। ਮਕਰ ਨਿਧੀ- ਇਸ ਨਾਲ ਅਸਤਰ ਤੇ ਸ਼ਸਤਰ ਵਿੱਦਿਆ ਦੀ ਪ੍ਰਾਪਤੀ ਹੋਵੇਗੀ। ਕੱਛਪ ਨਿਧੀ- ਇਸ ਦੀ ਪ੍ਰਾਪਤੀ ਨਾਲ ਧਨ-ਸੰਪਤੀ ਜਮ੍ਹਾਂ ਹੁੰਦੀ ਹੈ ਤੇ ਅੰਨ ਵਸਤੂਆਂ ਦੇ ਭੰਡਾਰ ਭਰੇ ਰਹਿਣਗੇ। ਮੁਕੁੰਦ ਨਿਧੀ ਇਸ ਨਾਲ ਸੰਗੀਤ ਵਿੱਦਿਆ ਦੀ ਪ੍ਰਾਪਤੀ ਹੋਵੇਗੀ ਤੇ ਕਵੀ ਗਵੱਈਏ ਹਰ ਸਮੇਂ ਹਾਜ਼ਰ ਰਹਿਣਗੇ। ਕੁੰਦ ਨਿਧੀ ਇਸ ਦੀ ਕਲਾ ਨਾਲ ਲੰਬੀ ਉਮਰ ਤੇ ਨਿਰੰਤਰ ਤਰੱਕੀ ਮਿਲੇਗੀ। ਨੀਲ ਨਿਧੀ- ਇਸ ਸਦਕਾ ਵਪਾਰ 'ਚ ਵਾਧਾ ਹੋਵੇਗਾ, ਇਨਸਾਨ ਘਣੇ ਜੰਗਲ ਤੇ ਬਾਗ ਲਗਵਾਏਗਾ, ਤਲਾਬਾਂ ਦੀ ਖੁਦਾਈ ਕਰਵਾਏਗਾ ਤੇ ਲੋਕ ਸੇਵਾ ਦੇ ਕਾਰਜ ਕਰੇਗਾ। ਵਰਚ ਨਿਧੀ ਇਹ ਨੌਵੀਂ ਨਿਧਿ ਮਿਸ਼ਰਤ ਨਿਧੀ ਹੈ, ਭਾਵ ਪਹਿਲੀਆਂ ਅੱਠ ਨਿਧੀਆਂ ਦਾ ਸੁਮਿਸ਼ਰਨ ਤੇ ਬਹੁਤ ਦਾਨ ਕਰੇਗਾ, ਪਦਾਰਥਾਂ ਦੇ ਭੰਡਾਰ ਭਰਪੂਰ ਰਹਿਣਗੇ। ਤੱਤਸਾਰ ਇਹ ਨੌ ਨਿਧਿ ਭਾਵ ਨੌਂ ਖ਼ਜ਼ਾਨੇ ਕਰਤਾਰੀ ਤੇ ਸੰਸਾਰੀ ਰਹਿਮਤਾਂ ਤੇ ਬਰਕਤਾਂ ਦਾ ਸੁਮੇਲ ਹਨ। ਇਸ ਸੰਪੂਰਨ ਪੰਕਤੀ ਵਿਚ ਨੌਵੇਂ ਪਾਤਿਸ਼ਾਹ ਦੇ ਅਧਿਆਤਮਿਕ ਮੰਡਲ, ਦੈਵੀ ਕਲਾ ਤੇ ਅਕਾਲ ਅਭੇਦਤਾ ਦੀਆਂ ਅਕਾਲੀ ਰਮਜ਼ਾਂ ਦਾ ਰਹੱਸ ਵੀ ਹੈ। ਨੌਂ ਨਿਧੀਆਂ ਨੂੰ ਹੋਰ ਦੀਰਘਤਾ ਨਾਲ ਸਮਝਣਾ ਹੋਵੇ ਤਾਂ ਨੌਵੇਂ ਸਤਿਗੁਰਾਂ ਦੇ ਰਚਿਤ 57 ਸਲੋਕ ਅਤੇ 15 ਰਾਗਾਂ ਵਿਚ 59 ਸ਼ਬਦਾਂ ਦੇ ਅਕਾਲੀ ਤੇ ਅਨੁਭਵੀ ਸੰਦੇਸ਼ ਦਾ ਅਧਿਐਨ ਤੇ ਚਿੰਤਨ ਵੀ ਜ਼ਰੂਰੀ ਹੈ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਜੀਵਨ ਇਤਿਹਾਸ, ਬੰਦਗੀ, ਤਿਆਗ, ਨਿਰਭਉਤਾ, ਨਿਰਵੈਰਤਾ, ਸਿਰੜ, ਸਿਦਕ ਤੇ ਕੁਰਬਾਨੀ ਅਤੇ ਸਤਿਗੁਰਾਂ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨਾਂ ਦਾ ਆਭਾ ਮੰਡਲ, ਜਲੌਅ ਪ੍ਰਤਾਪ ਸਮੂਹ ਸੰਸਾਰ ਲਈ ਵੱਡੀ ਪ੍ਰੇਰਕ ਸ਼ਕਤੀ ਤੇ ਰੂਹਾਨੀ ਸਬਕ ਹੈ। ਦਸਮ ਪਾਤਿਸ਼ਾਹ ਰਚਿਤ ਇਹ ਪੰਕਤੀਆਂ ਗਾਗਰ ਵਿਚ ਸਾਗਰ ਵਾਲੀ ਸ਼ੈਲੀ ਦਾ ਪ੍ਰਤੱਖ ਰੂਪ ਹਨ। ਇਸ ਤੋਂ ਸੇਧ ਲੈ ਕੇ ਧਰਮੀ ਜੀਵਨ ਤੇ ਸਿਮਰਨ ਦੀ ਬਰਕਤ ਨਾਲ ਜਦ ਵਿਸਮਾਦੀ ਤੇ ਅਨੰਦਮਈ ਅਵਸਥਾ ਹੋਏਗੀ ਤਾਂ ਅਪਾਰ ਬਖਸ਼ਿਸ਼ਾਂ ਦੀ ਪਾਤਰਤਾ ਸਦਕਾ ਫਿਰ ਰਸਨਾ ਸਤਿਗੁਰਾਂ ਦੇ ਅਗੰਮੀ ਮੋਹ ਵਿਚ ਆਪ ਮੁਹਾਰੀ ਗਾਏਗੀ:
ਤੇਗ ਬਹਾਦਰ ਸਿਮਰਿਐ
ਘਰ ਨਉ ਨਿਧਿ ਆਵੈ ਧਾਇ।
-ਮੋਬਾਈਲ : 98159-85559