14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਸ਼ਹਾਦਤ ਦੇ ਲਹੂ-ਰੱਤੜੇ ਛਿਨ ਦਾ ਦ੍ਰਿਸ਼ ਵਰਨਣ

Ad Position 21
No active advertisement
ਅਜੀਤ ਡੈਸਕ 25-11-2025

ਨਵੰਬਰ ਦੀ ਮੱਠੀ-ਮੱਠੀ ਠੰਢ ਉਤਰ ਆਈ ਸੀ। ਪੂਰਬੋਂ ਦਿੱਲੀ ਸ਼ਹਿਰ ਹਿੰਦੁਸਤਾਨ ਦੀ ਰਾਜਧਾਨੀ 'ਤੇ ਸੂਰਜ ਹਟਕੋਰੇ ਭਰ ਰਿਹਾ ਸੀ, ਕੋਈ ਸਾਕਾ ਹੋਣ ਵਾਲਾ ਸੀ। ਨਿਰਦਈ ਬਾਦਸ਼ਾਹ ਔਰੰਗਜ਼ੇਬ ਦੇ ਜ਼ੁਲਮ ਦਾ ਖ਼ੌਫ਼ ਪਹਿਰਾ ਦੇ ਰਿਹਾ ਸੀ। ਆਖ਼ਰ 11 ਨਵੰਬਰ 1675 ਦਾ ਦਿਨ ਚੜ੍ਹ ਆਇਆ ਸੀ। ਕਸ਼ਮੀਰੀ ਪੰਡਤ ਕਿਰਪਾ ਰਾਮ ਦੀ ਧੜਕਣ ਵਧ ਰਹੀ ਸੀ, ਉਸ ਨੂੰ ਦਿੱਲੀ ਦੇ ਮੁਗਲਈ ਫੁਰਮਾਨ ਨੇ ਚਿੰਤਤ ਕਰ ਰੱਖਿਆ ਸੀ। ਇਕ ਦਿਨ ਪਹਿਲਾਂ ਗੁਰੂ ਤੇਗ਼ ਬਹਾਦਰ ਜੀ ਦੇ ਨੂਰੀ ਨੈਣਾਂ ਨੇ ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰੇ ਜਾਣ ਦੀ ਅਦੁੱਤੀ ਕੁਰਬਾਨੀ ਨੂੰ ਨਿਹਾਰਿਆ, ਧੰਨ ਸਿਦਕ ਤੇ ਸਿਰੜ। ਭਾਈ ਦਿਆਲਾ ਜੀ ਨੂੰ ਦੇਗੇ 'ਚ ਉਬਲਦਿਆਂ ਤੱਕਦਿਆਂ ਮਿੱਠਾ ਭਾਣਾ ਮੰਨਣ ਲਈ ਅਸੀਸ ਦਿੱਤੀ। ਭਾਈ ਸਤੀ ਦਾਸ ਜੀ ਨੂੰ ਰੂੰ 'ਚ ਲਪੇਟੇ ਦੀ ਬਲਦੀ ਅਗਨ ਤੱਕਦਿਆਂ ਸ਼ਾਂਤ-ਚਿੱਤ ਰਹਿਣ ਦਾ ਕ੍ਰਿਸ਼ਮਾ ਤੱਕਿਆ। ਗੁਰੂ ਜੀ ਦੇ ਮਰਜੀਵੜੇ ਜ਼ਾਲਮ ਦੇ ਤਸੀਹਿਆਂ ਅੱਗੇ ਨਾ ਝੁਕੇ, ਕਰਮ-ਧਰਮ ਦੀ ਪ੍ਰੀਖਿਆ 'ਤੇ ਪੂਰੇ ਉਤਰੇ। ਜੱਲਾਦ ਕੰਬਦੇ ਰਹੇ ਤੇ ਸਿੱਖ ਇਤਿਹਾਸ ਸਿਰਜਦੇ ਰਹੇ। ਗੁਰੂ ਜੀ ਕੈਦ ਪਿੰਜਰੇ 'ਚੋਂ ਨੂਰੀ ਕਿਰਨਾਂ ਵਰੋਸਾਉਂਦੇ ਰਹੇ। ਧਰਤ ਲਹੂ-ਰੱਤੜੀ ਹੋ ਗਈ ਪਰ ਧਰਮ ਜਿੱਤ ਗਿਆ ਤੇ ਚੁਫੇਰੇ ਸੁੰਨ ਪਸਰ ਗਈ।
ਸ਼ਾਹੀ ਫੁਰਮਾਨ ਹੋਇਆ, ਕਲਮਾਂ ਪੜ੍ਹੋ ਜਾਂ ਕਰਾਮਾਤ ਵਿਖਾਓ, ਨਹੀਂ ਤਾਂ ਮੌਤ ਕਬੂਲੋ। ਸੁਵੱਖਤੇ-ਸੁਵੱਖਤੇ ਨੌਵੀਂ ਪਾਤਸ਼ਾਹੀ ਨੇ ਖੂਹੀ ਦੇ ਜਲ ਨਾਲ ਦੇਹੀ ਸਵੱਛ ਕੀਤੀ, ਜਾਪ ਕੀਤਾ, ਸਫ਼ੇਦ ਬਸਤਰ ਪਹਿਨੇ। ਭਾਈ ਜੈਤਾ ਜੀ ਨੇ ਸੇਵਾ ਨਿਭਾਈ। ਗੁਰੂ ਜੀ ਦਾ ਚਿਹਰਾ ਜਗਮਗਾਇਆ। ਅੰਬਰ ਨੇ ਝੁਕ ਕੇ ਗੁਰੂ ਜੀ ਦੇ ਸੀਸ 'ਤੇ ਓਡਣ ਕੀਤਾ। ਠੰਢੀ ਪੌਣ ਦੇ ਬੁੱਲਿਆਂ ਨੇ ਅੰਤਿਮ ਵਾਰ ਗੁਰੂ ਜੀ ਦੀ ਓਢੀ ਚਾਦਰ ਦੀ ਛੋਹ ਮਾਣੀ। ਧਰਤ ਨੇ ਗੁਰੂ ਜੀ ਦੇ ਕਦਮਾਂ ਨੂੰ ਨਮਨ ਕੀਤਾ। ਕੈਦ ਕੀਤੇ ਪਿੰਜਰੇ 'ਚ ਲੱਗੇ ਤਿੱਖੇ ਕਿੱਲ ਗੁਰੂ ਜੀ ਦੀ ਜ਼ਖ਼ਮੀ ਦੇਹੀ ਤੋਂ ਸ਼ਰਮਸਾਰ ਹੋ ਰਹੇ ਸਨ। ਨਿਸਚਿਤ ਥਾਂ ਚਾਂਦਨੀ ਚੌਕ ਥੜ੍ਹਾ ਤਿਆਰ ਕੀਤਾ ਗਿਆ। ਜੱਲਾਦ ਨੂੰ ਤਲਵਾਰ ਤਿੱਖੀ ਤੋਂ ਤਿੱਖੀ ਫੜਨ ਦਾ ਹੁਕਮ ਹੋਇਆ। ਸ਼ਾਂਤੀ ਦੇ ਪੁੰਜ ਪਰ ਤੇਗ਼ ਦੇ ਬਲੀ ਗੁਰੂ ਜੀ ਵਿਸਮਾਦੀ ਰੰਗ 'ਚ ਲੀਨ, ਥੜ੍ਹੇ 'ਤੇ ਬਿਰਾਜਮਾਨ ਹੋ ਗਏ। ਸਮਾਂ ਕਹਿਰ-ਪਹਿਰ ਵਾਲਾ ਹੁਭਕੀਆਂ ਲੈ ਰਿਹਾ ਸੀ। ਸ਼ਾਹੀ ਹੁਕਮ ਦੀ ਬੱਧੀ ਖ਼ਲਕਤ, ਚਾਂਦਨੀ ਚੌਕ ਦੁਆਲੇ ਇਕ ਭੀੜ ਬਣੀ ਸਭ ਕੁਝ ਤੱਕਣ ਲਈ ਮਜਬੂਰ ਸੀ। ਕੀ ਹੋਣ ਵਾਲਾ, ਕਿਸੇ ਨੂੰ ਅੰਤਿਮ ਛਿਨਾਂ ਦਾ ਕੋਈ ਕਿਆਸ ਨਹੀਂ ਸੀ। ਖ਼ਾਮੋਸ਼ੀ ਸੀ, ਇਕ ਦਹਿਲ ਸੀ ਤੇ ਦਿਨ ਸੁੰਨ ਸੀ।
ਗੁਰੂ ਜੀ ਨੂੰ ਅੰਤਿਮ ਫ਼ੈਸਲਾ ਮੰਨਣ ਲਈ ਐਲਾਨ ਹੋਇਆ। ਗੁਰੂ ਜੀ ਨਾਮ ਸਿਮਰਨ 'ਚ ਗੜੁੰਦ ਭੈ-ਰਹਿਤ ਅਵਸਥਾ 'ਚ ਪੁੱਜੇ ਹੋਏ ਸਨ। ਆਖ਼ਰ ਕਾਜ਼ੀ ਵਹਾਬ ਉੱਲਾ ਨੇ ਫ਼ਤਵਾ ਪੜ੍ਹਿਆ। ਜੱਲਾਦ ਜਲਾਲ-ਉਦ-ਦੀਨ ਦੋਵੇਂ ਹੱਥਾਂ ਨਾਲ ਤਲਵਾਰ ਫੜ ਗੁਰੂ ਜੀ ਦੇ ਨੇੜੇ ਗਿਆ ਤੇ ਕਾਜ਼ੀ ਦੇ ਇਸ਼ਾਰੇ ਦੀ ਪਾਲਣਾ ਕੀਤੀ। ਇਸ ਦੇ ਨਾਲ ਹੀ ਮੰਨੋ ਧਰਤ ਨੂੰ ਕੰਬਣੀ ਆ ਗਈ, ਸੂਰਜ ਕਾਲੇ-ਸਿਆਹ ਬੱਦਲਾਂ ਵਿਚ ਲੁਕ ਗਿਆ, ਲੋਕਾਈ ਦੀਆਂ ਅੱਖਾਂ ਕੁਝ ਨਾ ਤੱਕ ਸਕੀਆਂ, ਇਕ ਟੱਕ ਦੀ ਆਵਾਜ਼ ਅੰਬਰਾਂ ਤੱਕ ਗੂੰਜ ਗਈ ਅਤੇ ਨੂਰਾਨੀ ਸੀਸ ਧੜ ਤੋਂ ਵੱਖ ਹੋਇਆ, ਅਦਿੱਖ ਹੋ ਗਿਆ। ਗੁਰੂ ਜੀ ਦਾ ਅਨਿਨ ਸੇਵਕ ਯੋਧਾ ਭਾਈ ਜੈਤਾ ਜੀ ਨੂਰੀ ਸੀਸ ਆਪਣੇ ਹੱਥਾਂ 'ਚ ਬੁਚਕ ਕੇ ਅਲੋਪ ਹੋ ਗਿਆ। ਆਪਣੇ ਸੀਨੇ ਦੀ ਅਕੀਦਤ ਨਾਲ ਗੁਰੂ ਜੀ ਦੇ ਸੀਸ ਨੂੰ ਸਾਂਭਣ ਦੀ ਅਲੌਕਿਕਤਾ ਕਰ ਵਿਖਾਈ ਤੇ ਸ੍ਰੀ ਅਨੰਦਪੁਰ ਸਾਹਿਬ ਦੇ ਪੈਂਡੇ ਭੱਜ ਤੁਰਿਆ। ਹਨੇਰੀ ਝੱਖੜ ਨੇ ਖਲਬਲੀ ਮਚਾ ਦਿੱਤੀ। ਗੁਰੂ ਘਰ ਦਾ ਸਿਦਕਵਾਨ ਤੇ ਸ਼ਰਧਾਵਾਨ ਭਾਈ ਲੱਖੀ ਸ਼ਾਹ (ਵਣਜਾਰਾ) ਆਪਣੇ ਗੱਡਿਆਂ 'ਚ ਰੂੰ ਦੇ ਲਦਾਨ 'ਚ ਗੁਰੂ ਜੀ ਦੀ ਪਵਿੱਤਰ ਧੜ ਨੂੰ ਸੰਭਾਲਦਿਆਂ ਤੁਰੰਤ ਆਪਣੇ ਘਰ ਰਕਾਬ ਗੰਜ ਨੂੰ ਹੋ ਤੁਰਿਆ। ਨਿੱਡਰ ਭਾਈ ਨਗਾਈਆ ਨੇ ਗੁਰੂ ਜੀ ਦੇ ਧੜ ਨੂੰ ਸਤਿਕਾਰਦਿਆਂ ਦੇਰੀ ਨਾ ਲਾਈ। ਖ਼ਲਕਤ 'ਚ ਭੱਜ ਦੌੜ ਮਚ ਗਈ। ਦਿੱਲੀ 'ਚ ਕਹਿਰ ਦਾ ਦ੍ਰਿਸ਼ ਸਮਝ ਤੋਂ ਬਾਹਰ ਵੈਣ ਪਾਉਣ ਲੱਗਾ। ਥੜ੍ਹਾ ਲਹੂ ਨਾਲ ਰੰਗਿਆ ਗਿਆ। ਕੁਝ ਵੀ ਦ੍ਰਿਸ਼ਟਮਾਨ ਨਹੀਂ ਸੀ। ਮੁਗਲਈ ਫ਼ਤਵਾ ਹਾਰ ਗਿਆ ਤੇ ਧਰਮ ਜਿੱਤ ਗਿਆ। ਗੁਰੂ ਜੀ ਦੀ ਦੇਹੀ ਦੇ ਟੁਕੜੇ-ਟੁਕੜੇ ਕਰ ਕੇ ਖਿਲਾਰਨ ਦਾ ਸ਼ਾਹੀ ਫੁਰਮਾਨ ਹਾਰ ਗਿਆ। ਲੋਕਾਈ ਭੱਜ ਉੱਠੀ, ਧਰਤੀ ਦੀ ਹੂਕ ਅੰਬਰਾਂ ਦੇ ਕਲੇਜੇ ਤੀਕ ਪੁੱਜ ਗਈ ਤੇ ਅੰਬਰ ਨੇ ਜੈ-ਜੈ ਕੀਤੀ। ਧਰਤੀ ਨੇ ਹਟਕੋਰਾ ਭਰਦਿਆਂ ਚਿੱਟੇ ਦੁਪੱਟੇ ਨਾਲ ਹੰਝੂ ਪੂੰਜੇ। ਦਿੱਲੀ 'ਚ ਵਾਪਰੇ ਇਸ ਮਨੁੱਖੀ ਹੱਕਾਂ ਦੇ ਰਹਿਬਰ ਨੇ ਅਲੌਕਿਕ ਕ੍ਰਿਸ਼ਮਾ ਕਰ ਵਿਖਾਇਆ। ਝੱਖੜ ਝੁੱਲਿਆ, ਦਿਨ ਦਿਹਾੜੇ ਬਿਜਲੀ ਕੜਕੀ। ਕੁਦਰਤ ਦਾ ਇਹ ਕਰਾਮਾਤੀ ਵਰਤਾਰਾ ਔਰੰਗਜ਼ੇਬ ਨੂੰ ਬੇਚੈਨ ਕਰ ਗਿਆ, ਜੋ ਉਸ ਸੋਚਿਆ ਤੇ ਚਾਹਿਆ ਸੀ ਉਹ ਤਾਂ ਹੋ ਨਾ ਸਕਿਆ। ਗੁਰੂ ਜੀ ਦੀ ਇਹ ਅਦੁੱਤੀ ਤੇ ਲਾਸਾਨੀ ਸ਼ਹਾਦਤ ਇਤਿਹਾਸ ਦੇ ਪੰਨਿਆਂ 'ਤੇ ਸਦੀਵੀ ਸਮਿਆਂ ਲਈ ਸੁਨਹਿਰੀ ਅੱਖਰਾਂ ਵਿਚ ਲਿਖੀ ਗਈ।
ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਅਜੋਕੇ ਸਮਿਆਂ 'ਚ ਮਾਨਵਤਾ ਦੇ ਹੱਕਾਂ ਦੀ ਰਖਵਾਲੀ ਲਈ ਇਕ ਆਦਰਸ਼ ਬਣ ਕੇ ਲਟ-ਲਟ ਬਲ ਰਹੀ ਹੈ। ਆਓ, ਇਸ ਜੋਤ ਦੇ ਪੈਰੋਕਾਰ ਬਣੀਏ, ਹੱਕ ਸੱਚ ਦੇ ਮਰਜੀਵੜੇ ਬਣੀਏ। ਗੁਰੂ ਜੀ ਨੂੰ ਇਹੋ ਅਸਲ ਸ਼ਰਧਾਂਜਲੀ ਹੋਵੇਗੀ। ਧਰਮ ਦੇ ਰੱਖਿਅਕ ਗੁਰੂ ਤੇਗ਼ ਬਹਾਦਰ ਜੀ ਨੂੰ ਅਕੀਦਤ ਕਰਨਾ ਹਿੰਦ ਵਾਸੀਆਂ ਦਾ ਫ਼ਰਜ਼ ਹੈ।
ਤਿਲਕ ਜੰਞੂ ਰਾਖਾ ਪ੍ਰਭ ਤਾ ਕਾ
ਕੀਨੋ ਬਡੋ ਕਲੂ ਮਹਿ ਸਾਕਾ॥

-ਮੋਬਾ: 98151-23900

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਪੰਜਾਬ ਦਾ ਅਗਲੀ ਖ਼ਬਰ ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ
Ad Position 24