ਮਹਿੰਦਰ ਸਿੰਘ ਸਰਨਾ ਦਾ ਇਕ ਮਹਾਂਕਾਵਿ 'ਸਾਕਾ ਜਿਨਿ ਕੀਆ' ਹੈ, ਜੋ ਪਹਿਲੀ ਵਾਰ ਸਤੰਬਰ 1978 ਵਿਚ ਛਪਿਆ। ਸਰਨਾ ਇਕ ਬਹੁ-ਵਿਧਾਈ ਲੇਖਕ ਹੈ, ਜਿਸ ਨੇ ਇਕ ਹੋਰ ਮਹਾਂਕਾਵਿ 'ਚਮਕੌਰ' ਨਾਂਅ ਹੇਠ ਵੀ ਲਿਖਿਆ ਹੈ। 'ਸਾਕਾ ਜਿਨਿ ਕੀਆ' ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ ਦਾ ਕਾਵਿ-ਬਿਰਤਾਂਤ ਹੈ, ਜਿਸ ਨੂੰ ਉਸ ਨੇ 11 ਪ੍ਰਕਰਣਾਂ ਵਿਚ ਵੰਡਿਆ ਹੈ, ਜਿਨ੍ਹਾਂ 'ਚ ਜਨਮ ਸਿੱਖਿਆ, ਮੁੱਢਲੇ ਪ੍ਰਭਾਵ, ਗੁਜਰੀ, ਕਰਤਾਰਪੁਰ ਦਾ ਯੁੱਧ, ਪਿਤਾ ਵਿਛੋੜਾ, ਬਕਾਲਾ, ਪੂਰਬ ਗਮਨ, ਬਾਹਿ ਜਿਨ੍ਹਾ ਦੀ ਪਕੜੀਐ, ਸਿਰ ਦੀਜੈ ਬਾਹਿ ਨਾ ਛੋੜੀਐ ਅਰਥਾਤ ਸਾਰੀਆਂ ਮੁੱਖ ਘਟਨਾਵਾਂ ਆ ਜਾਂਦੀਆਂ ਹਨ। ਪਹਿਲੇ ਦੋ ਪ੍ਰਕਰਣਾਂ ਵਿਚ ਜਨਮ ਤੇ ਸਿੱਖਿਆ ਦੀ ਗੱਲ ਕਰਦਾ ਕਵੀ ਦੱਸਦਾ ਹੈ ਕਿ 14 ਸਾਲ ਦੀ ਉਮਰ ਤੱਕ ਬਾਲਕ ਤੇਗ਼ ਬਹਦਾਰ ਹਰ ਪ੍ਰਕਾਰ ਦੀ ਵਿੱਦਿਆ ਵਿਚ ਨਿਪੁੰਨ ਹੋ ਚੁੱਕੇ ਸਨ। ਉਂਝ ਵੀ ਗੁਰੂ ਘਰ ਦੇ ਤੇ ਸਾਈਂ ਮੀਆਂ ਮੀਰ ਕਾਦਰੀ ਦੇ ਸੰਬੰਧ ਸਾਈਂ ਜੀ ਕੋਲੋਂ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰਖਾਉਣ ਵੇਲੇ ਤੋਂ ਹੀ ਬੜੇ ਸੁਖਾਵੇਂ ਸਨ ਪਰ ਸਰਨਾ ਉਚੇਚੇ ਤੌਰ 'ਤੇ ਉਨ੍ਹਾਂ ਦੀ ਸਿਫ਼ਤ ਕਰਦਾ ਹੈ। ਉਹ ਮੀਆਂ ਮੀਰ ਨੂੰ ਧਰਮਾਂ ਦੇ ਇਤਿਹਾਸ ਵਿਚ ਇਕ ਨਵੀਂ ਰੂਹ ਭਰਨ ਵਾਲੇ ਰਵਾਦਾਰ, ਸਹਿਣਸ਼ੀਲ ਅਤੇ ਕੱਟੜਤਾ ਤੋਂ ਕੋਹਾਂ ਦੂਰ ਮਹਾਂਪੁਰਸ਼ ਮੰਨਦਾ ਹੈ, ਜਿਨ੍ਹਾਂ ਦਾ ਉਦੇਸ਼ ਕੇਵਲ ਤੇ ਕੇਵਲ ਧਾਰਮਿਕ ਇਕਸੁਰਤਾ ਪੈਦਾ ਕਰਨਾ ਸੀ:
ਸਤਿਗੁਰ ਅਰਜਨ ਦੇਵ ਤੇ ਸਾਈਂ ਮੀਆਂ ਮੀਰ।
ਧਰਮਾਂ ਦੇ ਇਤਿਹਾਸ ਵਿਚ ਪਾਇਆ ਨਵਾਂ ਖਮੀਰ।
ਸਭ ਧਰਮਾਂ ਦੀ ਏਕਤਾ ਦਾ ਉੱਚਾ ਉਦੇਸ਼।
ਕੀਤਾ ਵਿਚ ਸੰਸਾਰ ਦੇ ਸਿੱਖ ਗੁਰੂਆਂ ਨੇ ਪੇਸ਼।
ਇਸ ਉੱਚੇ ਉਦੇਸ਼ ਵਿਚ ਮੀਆਂ ਮੀਰ ਦਿਆਲ।
ਹੋ ਕੇ ਪਾਈ ਸਾਂਝ ਸੀ ਸਿੱਖ ਗੁਰੂਆਂ ਦੇ ਨਾਲ।
ਹੈ ਸੀ ਫਿਰਕਾ ਕਾਦਰੀ ਦਾ ਉਹ ਬਾਲਾ ਪੀਰ।
ਵਿਚ ਮੁਰੀਦਾਂ ਵੰਡਦਾ ਬੰਦਗੀ ਦੀ ਅਕਸੀਰ।
ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਕਾਰਜਸ਼ੀਲਤਾ ਅਧਿਆਇ ਪੰਜਵੇਂ 'ਕਰਤਾਰਪੁਰ ਦਾ ਯੁੱਧ' ਤੋਂ ਸ਼ੁਰੂ ਹੁੰਦੀ ਹੈ, ਜਿਸ ਵਿਚ ਉਹ ਤਿਆਗ ਮੱਲ ਤੋਂ ਤੇਗ਼ ਬਹਾਦਰ ਬਣਦੇ ਹਨ। ਬੀਬੀ ਕੌਲਾਂ ਵਾਲਾ ਬਿਰਤਾਂਤ ਬਿਲਕੁਲ ਬੇਲੋੜਾ ਹੈ, ਜਿਸ ਦਾ ਸੰਬੰਧ ਕਿਸੇ ਵੀ ਤਰ੍ਹਾਂ ਗੁਰੂ ਤੇਗ਼ ਬਹਾਦਰ ਜੀ ਨਾਲ ਨਹੀਂ ਜੁੜਦਾ। ਇਕ ਵਿਸ਼ੇਸ਼ ਗੱਲ ਜੋ ਸਰਨਾ ਨੇ ਕੀਤੀ ਹੈ, ਉਹ ਹੈ, ਗੁਰੂ ਸਾਹਿਬ ਦੇ ਬਾਬਾ ਬਕਾਲੇ ਨਿਵਾਸ ਦਰਮਿਆਨ ਬੇਸ਼ੱਕ ਉਹ ਤਪੱਸਿਆ ਵਿਚ ਲੀਨ ਵਿਖਾਏ ਗਏ ਪਰ ਫਿਰ ਵੀ ਕਿਧਰੇ ਉਸ ਨੂੰ ਲਗਦਾ ਹੈ ਕਿ ਭੋਰੇ ਵਿਚ ਬੈਠੇ ਰਹਿਣਾ ਅਤੇ ਦੀਨ ਦੁਨੀਆ ਤੋਂ ਬੇਖ਼ਬਰ ਰਹਿਣਾ ਗੁਰਮਤਿ ਸਿਧਾਂਤ ਨਹੀਂ। ਸਰਨਾ ਦੱਸਦਾ ਹੈ ਕਿ ਭਗਤੀ ਅਰਾਧਨਾ 'ਚ ਲੀਨ ਰਹਿਣ ਦੇ ਬਾਵਜੂਦ ਗੁਰੂ ਜੀ ਹਰ ਅਹੁਰ ਬਾਰੇ ਵਿਚਾਰ ਕਰਦੇ ਰਹੇ। ਉਹ ਔਰੰਗਜ਼ੇਬ ਦੇ ਜ਼ੁਲਮ ਦੇ ਫਲਸਰੂਪ ਪਰਜਾ 'ਚ ਮਚੀ ਹਾਹਾਕਾਰ ਜ਼ਰੂਰ ਸੁਣ ਰਹੇ ਸਨ।
ਭਾਵੇਂ ਤੇਗ ਬਹਾਦਰ ਸਾਹਿਬ ਭੋਰੇ ਅੰਦਰਵਾਰ।
ਦੁਨੀਆ ਤੋਂ ਨਿਰਲੇਪ ਰਹਿ ਭੁੱਲ ਕੇ ਹੋਰ ਵਿਹਾਰ।
ਵੀਹ ਵਰ੍ਹੇ ਬੈਠੇ ਰਹੇ ਕਰਦੇ ਜਪ ਨਿਰੰਕਾਰ।
ਭਾਵੇਂ ਦ੍ਰਿਸ਼ਟਮਾਨ ਤੋਂ ਅਘਰੀ ਮੋੜ ਮੁਹਾਰ।
ਸੁਰਤ ਉਚੇਚੇ ਮੰਡਲੀ ਲਾਉਂਦੀ ਰਹੀ ਉਡਾਰ।
ਵਿਸਰੀ ਜਗ ਦੀ ਨਾ ਮਨੋ ਕਰੁਣਾਮੀ ਨੁਹਾਰ।
ਇਤਿਹਾਸਕਾਰਾਂ ਦਾ ਇਕ ਵਰਗ ਦਸਦਾ ਹੈ ਕਿ ਮੱਖਣ ਸ਼ਾਹ ਲੁਬਾਣੇ ਦੇ 'ਗੁਰੂ ਲਾਧੋ ਰੇ' ਤੋਂ ਪਹਿਲਾਂ ਭਾਈ ਜੇਠਾ, ਭਾਈ ਦਿਆਲਾ, ਦੀਵਾਨ ਦਰਗਹ ਮੱਲ ਅਤੇ ਭਾਈ ਗੜ੍ਹੀਆਂ ਗੁਰੂ ਜੀ ਨੂੰ ਗੁਰਿਆਈ ਸੌਂਪ ਚੁੱਕੇ ਸਨ ਅਤੇ ਬਾਬਾ ਬੁੱਢਾ ਜੀ ਦੇ ਵੰਸ਼ਜ਼ ਬਾਬਾ ਗੁਰਦਿੱਤਾ ਜੀ ਗੁਰਿਆਈ ਦਾ ਟਿੱਕਾ ਲਾ ਕੇ ਸਾਰੀਆਂ ਰਸਮਾਂ ਪੂਰੀਆਂ ਕਰ ਚੁੱਕੇ ਸਨ। ਮੱਖਣ ਸ਼ਾਹ ਲੁਬਾਣੇ ਨੇ ਸੱਚੇ ਤੇ ਅਸਲੀ ਗੁਰੂ ਦੀ ਆਪਣੇ ਢੰਗ ਨਾਲ ਤਸਦੀਕ ਕੀਤੀ ਸੀ। 'ਪੂਰਬ ਗਮਨ' ਵਿਚ ਪੂਰਬੀ ਭਾਰਤ ਦੇ ਪ੍ਰਚਾਰ ਅਧਿਐਨ ਵੀ ਸਾਫ਼-ਸਾਫ਼ ਝਲਕਦਾ ਹੈ। ਅਧਿਆਇ ਦਸਵੇਂ ਵਿਚ ਗੁਰੂ ਜੀ ਦਾ ਸ਼ਹਾਦਤ ਦਾ ਪਿਛੋਕੜ ਸਿਰਜਿਆ ਗਿਆ ਹੈ। ਇਹ ਪਿਛੋਕੜ ਸਿਰਜਦੇ ਵਕਤ ਸਰਨਾ ਨੇ ਬਾਦਸ਼ਾਹ ਔਰੰਗਜ਼ੇਬ ਦੇ ਚਿਤ ਹੋਣ ਵਿਚ ਜੋ ਔਗੁਣਵਾਚਕ ਸ਼ਬਦ ਵਰਤੇ ਹਨ, ਉਹ ਧਿਆਨ ਦੀ ਮੰਗ ਕਰਦੇ ਹਨ:
ਔਰੰਗਜ਼ੇਬੀ ਜ਼ੁਲਮ ਦਾ ਝੁੱਲਾ ਜਦ ਤੂਫ਼ਾਨ।
ਤ੍ਰਾਸ ਤ੍ਰਾਸ ਕਰ ਉੱਠਿਆ ਸਾਰਾ ਹਿੰਦੁਸਤਾਨ।
ਹੈ ਸੀ ਉਹ ਸੁਭਾਅ ਤੋਂ ਅਤਿ ਜ਼ਾਲਮ ਇਨਸਾਨ।
ਅੱਤਿਆਚਾਰੀ, ਬੇਕਿਰਕ ਤੇ ਤਰਸੋਂ ਅਣਜਾਣ।
ਮਾਨੋ ਸੀਨੇ ਓਸ ਦੇ ਦਿਲ ਵਾਲੇ ਅਸਥਾਨ।
ਰੁੱਖੀ ਅਤੇ ਖ਼ਰਦਰੀ ਹੈਸੀ ਇਕ ਚੱਟਾਨ।
ਮਹਿੰਦਰ ਸਿੰਘ ਸਰਨਾ ਇਕ ਹੋਰ ਅਜਿਹੀ ਘਟਨਾ ਦਾ ਜ਼ਿਕਰ ਕਰਦਾ ਹੈ, ਜੋ ਸ਼ਾਇਦ ਇਤਿਹਾਸ ਦੇ ਪੰਨਿਆਂ ਵਿਚ ਤਾਂ ਹੋਵੇ ਪਰ ਕਾਵਿ ਬਿਰਤਾਂਤ ਵਿਚ ਕਿਧਰੇ ਨਹੀਂ ਮਿਲਦੀ ਹੈ। ਅੱਤਿਆਚਾਰ ਅਤੇ ਜਜ਼ੀਏ ਤੋਂ ਤੰਗ ਦਿੱਲੀ ਦੇ ਮੁਖੀਏ ਤੇ ਸਿਰ ਕੱਢ ਸ਼ਹਿਰੀ ਇਕ ਦਿਨ ਸ਼ਾਹੀ ਮਹੱਲ ਦੇ ਹੇਠਾਂ ਇਕੱਠੇ ਹੋ ਕੇ ਫਰਿਆਦ ਕਰਨ ਆਏ। ਫਰਿਆਦੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਖਲੋਤੇ ਰਹੇ ਪਰ ਆਲਮਗੀਰ ਝਰੋਖੇ ਵਿਚ ਨਾ ਆਇਆ। ਜਦ ਉਹ ਨਮਾਜ਼ ਪੜ੍ਹਨ ਲਈ ਮਸਜਿਦ ਵੱਲ ਵਧਿਆ ਤਾਂ ਫਰਿਆਦੀ ਭੀੜ ਹੱਥ ਜੋੜ ਕੇ ਉਸ ਅੱਗੇ ਖਲੋ ਗਈ। ਬਜਾਏ ਫਰਿਆਦ ਸੁਣਨ ਦੇ ਆਲਮਗੀਰ ਨੇ ਭੀੜ ਖਿੰਡਾਉਣ ਲਈ ਤੁਰੰਤ ਹਾਥੀ ਮੰਗਵਾ ਲਏ, ਭੀੜ ਉੱਪਰ ਚਾੜ੍ਹ ਦਿੱਤੇ। ਇਸ ਘਟਨਾ ਤੋਂ ਬਾਅਦ ਤਾਂ ਜਿਵੇਂ ਲੋਕਾਂ ਨੇ ਹਿੰਦੂ ਹੋਣਾ ਇਕ ਅਪਰਾਧ ਮੰਨ ਲਿਆ ਹੋਵੇ। ਮੰਦਰ ਢਾਹ ਕੇ ਮਸੀਤਾਂ ਬਣਾਉਣ ਦੀਆਂ ਦਮਨਕਾਰੀ ਨੀਤੀਆਂ ਉਸ ਨੇ ਜਾਰੀ ਰੱਖੀਆਂ। ਜਿਥੇ ਕਿਤੇ ਸੁਨਹਿਰੀ ਕਲਸ ਸੋਭਦੇ ਸਨ, ਉਥੇ ਮਸੀਤਾਂ ਦੇ ਉੱਚੇ ਉੱਚੇ ਮੀਨਾਰ ਉਸਰਣ ਲੱਗੇ। ਜ਼ੁਲਮ ਦਾ ਸੇਕ ਕਸ਼ਮੀਰ ਤੱਕ ਵੀ ਪਹੁੰਚ ਗਿਆ। ਪੰਡਿਤ ਕਿਰਪਾ ਰਾਮ ਦੀ ਅਗਵਾਈ ਵਿਚ ਕਸ਼ਮੀਰੀ ਪੰਡਿਤ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ ਤੇ ਦੁੱਖੜਾ ਰੋਇਆ। ਗੁਰੂ ਤੇਗ਼ ਬਹਾਦਰ ਜੀ ਨੇ ਉਨ੍ਹਾਂ ਨੂੰ ਧੀਰਜ ਤੋਂ ਕੰਮ ਲੈਣ ਲਈ ਕਿਹਾ। ਉਹ ਸੋਚ ਵਿਚਾਰ ਕਰਕੇ ਇਸ ਸਮੱਸਿਆ ਦਾ ਹੱਲ ਲੱਭਣ ਲੱਗੇ:
ਤੇਗ ਬਹਾਦਰ ਸਤਿਗੁਰੂ ਸੋਚਾਂ ਅੰਦਰ ਲੀਨ।
ਖਿੱਚ ਕੇ ਬੈਠੇ ਆਪਣੀ ਲਿਵ ਦੀ ਤਾਰ ਮਹੀਨ।
ਦੇਸ਼ ਵਿਆਪੀ ਜ਼ੁਲਮ ਤੇ ਕਰਦੇ ਸਨ ਵੀਚਾਰ।
ਜਿਸ ਦਾ ਹਿੰਦੁਸਤਾਨ ਸੀ ਹੋਇਆ ਅੱਜ ਸ਼ਿਕਾਰ।
ਏਨੇ ਨੂੰ ਗੋਬਿੰਦ ਰਾਇ ਆ ਕੇ ਨਾਲ ਪਿਆਰ।
ਬਾਹਾਂ ਦੀ ਗੱਲਵਕੜੀ ਦਾ ਗਲ ਪਾ ਕੇ ਹਾਰ।
ਮੋੜ ਕਿਹਾ ਗੋਬਿੰਦ ਨੇ, ਤੁਹਾਥੋਂ ਵੱਧ ਮਹਾਨ।
ਨੇਤਾ ਮਾਨਵਵਾਦ ਦਾ ਕਿਹੜਾ ਵਿਚ ਜਹਾਨ।
ਜਿਹੜਾ ਔਰੰਗਜ਼ੇਬ ਨੂੰ ਪਾ ਕੇ ਸਿੱਧੇ ਰਾਹ।
ਲਾਹੇ ਮਨੁੱਖਤਾ ਗਲੋਂ ਜਬਰ ਜ਼ੁਲਮ ਦਾ ਫਾਹ।
ਕਿਰਪਾ ਰਾਮ ਨੇ ਉਹੋ ਜਵਾਬ ਲਾਹੌਰ ਦੇ ਸੂਬੇਦਾਰ ਨੂੰ ਜਾ ਦਿੱਤਾ। ਜਵਾਬ ਸੁਣ ਕੇ ਸੂਬੇਦਾਰ ਬਹੁਤ ਖ਼ੁਸ਼ ਹੋਇਆ ਕਿ ਇਕ ਵਿਅਕਤੀ ਨੂੰ ਮੁਸਲਮਾਨ ਬਣਾਉਣ ਨਾਲ 'ਤੇ ਸਾਰੇ ਮੁਸਲਮਾਨ ਬਣ ਜਾਣ ਦਾ ਇਸ ਵਲੋਂ ਸਸਤਾ ਸੌਦਾ ਹੋਰ ਕਿਹੜਾ ਹੋ ਸਕਦਾ ਹੈ? ਔਰੰਗਜ਼ੇਬ ਦਾ ਜੋ ਨਿਸ਼ਾਨਾ ਸੀ, ਉਹ ਸਪੱਸ਼ਟ ਰੂਪ ਵਿਚ ਦੱਸਦਾ ਹੈ:
ਚਾਹਵਾਂ ਆਪਣੇ ਰਾਜ ਵਿਚ ਐਸੀ ਬਹੁਤ ਪਛਾਣ।
ਨਜ਼ਰੀਂ ਆਵਣ ਹਿੰਦ ਵਿਚ ਕੇਵਲ ਮੁਸਲਮਾਨ।
ਇਕੋ ਹੋਵੇ ਦੀਨ ਜੇ ਤੇ ਇਕੋ ਤਹਿਜ਼ੀਬ।
ਦਿਸੇ ਕੋਈ ਗ਼ੈਰ ਨਾ ਦਿਸਣ ਸਭ ਹਬੀਬ।
ਪਹਿਲਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਅਗਲੇ ਦਿਨ ਗੁਰੂ ਸਾਹਿਬ ਨੂੰ ਪੇਸ਼ ਕੀਤਾ ਗਿਆ। ਬਾਦਸ਼ਾਹ ਨੇ ਆਪ ਬਹੁਤ ਲਾਲਚ ਦੇਣ ਦੀ ਗੱਲ ਕਹੀ ਪਰ ਗੁਰੂ ਸਾਹਿਬ ਤਾਂ ਆਪਣੀ ਦੂਰਅੰਦੇਸ਼ੀ ਅੱਖ ਨਾਲ ਮੁਗ਼ਲ ਹਕੂਮਤ ਬਰਬਾਦ ਹੁੰਦੀ ਵੇਖ ਰਹੇ ਸਨ। ਇਸੇ ਲਈ ਉਨ੍ਹਾਂ ਦਾ ਬਾਦਸ਼ਾਹ ਨੂੰ ਜਵਾਬ ਸੀ:
ਸੁਰਤੀ ਦੇ ਕੰਨ ਲਾ ਕੇ ਸੁਣ ਓ ਗਾਫਲਾ।
ਕੂਕੇ ਤੇਰੇ ਸਿਰ ਤੇ ਵਕਤ ਅਖੀਰ ਦਾ।
ਕਿੰਨੇ ਸ਼ਾਹ ਸਿਕੰਦਰ ਏਥੋਂ ਤੁਰ ਗਏ।
ਪਤਾ ਨਹੀਂ ਲਿਖਵਾਇਆ ਕਿਸੇ ਜਗੀਰ ਦਾ।
ਮੁਗਲ ਹਕੂਮਤ ਦੇ ਦਿਨ ਪੁੱਗੇ ਆਣ ਕੇ।
ਬਦਲਣ ਵਾਲਾ ਪਾਸਾ ਇਸ ਤਸਵੀਰ ਦਾ।
ਸ਼ਹੀਦੀ ਪਿੱਛੋਂ ਗੁਰੂ ਜੀ ਦਾ ਸੀਸ ਭਾਈ ਜੈਤਾ ਨੇ ਚੁੱਕ ਲਿਆ ਤੇ ਕੀਰਤਪੁਰ ਸਾਹਿਬ ਪਹੁੰਚ ਗਏ, ਜਿੱਥੇ ਗੁਰੂ ਪਰਿਵਾਰ ਤੇ ਵਾਹੋਦਾਹੀ ਚਲਦੇ ਹੋਏ ਸੰਗਤ ਸੀਸ ਸਮੇਤ ਅਨੰਦਪੁਰ ਸਾਹਿਬ ਗਏ। ਉਧਰ ਧੜ ਦਾ ਸਸਕਾਰ ਲੱਖੀ ਸ਼ਾਹ ਨੇ ਦਿੱਲੀ ਵਿਖੇ ਆਪਣੇ ਘਰ ਕਰ ਦਿੱਤਾ।
ਸਰਨਾ ਨੇ ਆਪਣੇ ਮਹਾਂਕਾਵਿ ਵਿਚ ਛੰਦ ਭਾਵੇਂ ਇਕ ਹੀ ਰੱਖਿਆ ਹੈ ਪਰ ਲੋੜ ਅਨੁਸਾਰ ਭਿੰਨ-ਭਿੰਨ ਰਸ ਵੀ ਪੈਦਾ ਕੀਤੇ ਹਨ। ਵੇਖਣ ਨੂੰ ਭਾਵੇਂ ਕਵਿਤਾ ਸਾਦ-ਮੁਰਾਦੀ ਲਗਦੀ ਹੈ ਪਰ ਕਿਧਰੇ ਦਾਰਸ਼ਨਿਕਤਾ ਵਾਲੀ ਗਹਿਰਾਈ ਵੀ ਹੈ।
-ਮੋਬਾਈਲ : 98889-39808