ਅੱਜ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਨਹੀਂ ਬਲਕਿ ਸਮਾਜ ਤੇ ਸਿਆਸਤ ਪ੍ਰਤੀ ਉਸਾਰੂ ਪਹੁੰਚ ਰੱਖਣ ਵਾਲਾ ਹਰ ਵਿਅਕਤੀ ਜ਼ਰੂਰ ਇਹ ਸੋਚ ਰਿਹਾ ਹੋਵੇਗਾ ਕਿ ਪੰਜਾਬ ਨੂੰ ਅਜਿਹੇ ਹੀ ਸੰਕਟਾਂ ਤੇ ਹਨ੍ਹੇਰੇ ਵਿਚੋਂ ਸ ਪ੍ਰਕਾਸ਼ ਸਿੰਘ ਬਾਦਲ ਨੇ ਜਿਸ ਪਹੁੰਚ ਨੂੰ ਆਪਣਾ ਕੇ ਬਾਹਰ ਕੱਢਿਆ ਸੀ, ਅੱਜ ਦੇ ਹਾਲਾਤ ਵਿਚ ਉਸ ਪਹੁੰਚ ਦੀ ਪ੍ਰਸੰਗਤਾ ਕਿਵੇਂ ਬਣਾਈ ਜਾਏ। ਸ. ਬਾਦਲ ਦੇ ਵਿਰੋਧੀ ਵੀ ਇਸ ਗੱਲ ਤੋਂ ਇਨਕਾਰੀ ਨਹੀਂ ਹਨ ਤੇ ਨਾ ਹੋ ਸਕਦੇ ਹਨ ਕਿ ਲਹੂ-ਲੁਹਾਨ ਹੋਏ ਪੰਜਾਬ ਨੂੰ ਉਨ੍ਹਾਂ ਨੇ ਕਿਵੇਂ ਸੰਭਾਲਿਆ ਤੇ ਲਗਭਗ ਵੀਹ ਵਰ੍ਹੇ ਅਮਨ, ਸਮਾਜਿਕ ਤੇ ਸਿਆਸੀ ਸਹਿਜ ਅਤੇ ਸਥਿਰਤਾ ਦਾ ਮਹੌਲ ਦਿੱਤਾ। ਇਹ ਗੱਲ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ ਕਿ ਕੱਟ ਵੱਢ ਅਤੇ ਆਪਸੀ ਨਫ਼ਰਤਾਂ ਵਾਲੇ ਕਾਲੇ ਦੌਰ ਸਾਹਮਣੇ ਹਥਿਆਰ ਸੁੱਟ ਕੇ ਇਸ ਨੂੰ ਆਪਣੀ ਹੋਣੀ ਮੰਨ ਚੁੱਕੇ ਪੰਜਾਬ ਵਿਚ ਸਰਦਾਰ ਬਾਦਲ ਨੇ ਕਿਵੇਂ ਮੁੜ ਪੰਥਕ ਚੜ੍ਹਦੀ ਕਲਾ ਅਤੇ ਰਵਾਇਤੀ ਪੰਜਾਬੀਅਤ ਵਾਲੇ ਪਿਆਰ ਤੇ ਖੇੜਿਆਂ ਵਾਲੇ ਦੌਰ ਦੀ ਵਾਪਸੀ ਕਾਰਵਾਈ। ਸਿਆਸੀ ਜਾਂ ਵਿਚਾਰਧਾਰਕ ਮੱਤਭੇਦਾਂ ਨੂੰ ਉਨ੍ਹਾਂ ਦਾ ਬਣਦਾ ਲੋਕ ਅਸਥਾਨ ਦੇ ਕੇ ਉਨ੍ਹਾਂ ਨੇ ਇਸ ਦਾ ਨਿੱਜੀ ਨਫ਼ਰਤ, ਦੁਸ਼ਮਣੀ ਤੇ ਟਕਰਾਓ ਨਾਲੋਂ ਨਿਖੇੜਾ ਕਿਵੇਂ ਕੀਤਾ? ਸੰਘੀ ਭਾਵਨਾ ਦੀ ਸੁਰ ਕਿਵੇਂ ਉਨ੍ਹਾਂ ਮੱਧਮ ਨਹੀਂ ਪੈਣ ਦਿੱਤੀ, ਭਾਵੇਂ ਕਿ ਇਸ ਖੇਤਰ ਵਿਚ ਪ੍ਰਾਪਤੀ ਥੋੜੀ ਮਾਯੂਸਕੁੰਨ ਹੀ ਰਹੀ।
ਸਰਦਾਰ ਬਾਦਲ ਦੀ ਪੰਜਾਬ ਨੂੰ ਕੀ ਦੇਣ ਹੈ? ਇਹ ਸਵਾਲ ਪੰਜਾਬ ਤੇ ਦੇਸ਼ ਨੂੰ ਦਰਪੇਸ਼ ਔਕੜਾਂ ਨੂੰ ਸਮਝਣ ਲਈ ਜ਼ਰੂਰੀ ਹੈ। ਇਸ ਬਾਰੇ ਅਲੱਗ ਅਲੱਗ ਸਿਆਸੀ ਹਿਤਾਂ ਤੇ ਵਫ਼ਾਦਾਰੀਆਂ ਨੂੰ ਤਰਜੀਹ ਦੇਣ ਵਾਲੇ ਲੋਕ ਅਲੱਗ ਰਾਏ ਰੱਖ ਸਕਦੇ ਹਨ। ਮੈਨੂੰ ਖਿਆਲ ਆ ਰਿਹਾ ਹੈ ਕਿ ਇਸ ਬੇਜੋੜ ਅਕਾਲੀ ਆਗੂ ਦੇ ਆਖ਼ਰੀ ਦੁਖਦਾਈ ਦਿਨਾਂ ਵਿਚ ਕੁਝ ਲੋਕ ਆਪਣੇ ਸਿਆਸੀ ਹਿਤਾਂ ਜਾਂ ਨਿੱਜੀ ਜਾਂ ਵਿਚਾਰਧਾਰਕ ਵਫਾਦਰੀਆਂ ਨੂੰ ਨਿਰਪੱਖ ਆਲੋਚਨਾ ਦਾ ਨਾਂਅ ਦੇ ਕੇ ਸਰਦਾਰ ਬਾਦਲ ਦੀ ਵਿਰੋਧਤਾ ਕਰਨ ਲਈ ਨੀਵੇਂ, ਅਸੱਭਿਆ ਅਤੇ ਅਸ਼ਲੀਲ ਪੱਧਰ ਤੱਕ ਜਾਂਦੇ ਰਹੇ। ਇਹ ਗੱਲ ਮੈਨੂੰ ਹਮੇਸ਼ਾ ਪੀੜਾ ਦਿੰਦੀ ਰਹੀ ਹੈ ਕਿ ਇਕ ਅਜਿਹੇ ਆਗੂ ਦੀ ਵਿਰੋਧਤਾ ਵਿਚ ਇਸ ਬੌਧਿਕ ਲੱਚਰਤਾ ਨੂੰ ਵੀ ਜਾਇਜ਼ ਕਰਾਰ ਦਿੱਤਾ ਗਿਆ ਜਿਸ ਆਗੂ ਨੇ ਆਪਣੇ ਸਿਆਸੀ ਵਿਰੋਧੀਆਂ ਬਾਰੇ ਕਦੇ ਭੀ ਸੱਭਿਅਕ ਮਿਆਰ ਤੋਂ ਡਿੱਗੀ ਹੋਏ ਸ਼ਬਦਾਵਲੀ ਨਹੀਂ ਸੀ ਵਰਤੀ। ਸਿਆਸੀ ਤੇ ਵਿਚਾਰਧਾਰਕ ਵਿਰੋਧ ਨੂੰ ਸਿਆਸੀ ਤੇ ਵਿਚਾਰਧਾਰਕ ਪੱਧਰ 'ਤੇ ਮਾਤ ਦਿੱਤੀ ਤੇ ਇਸ ਤੋਂ ਬਾਅਦ ਵੀ ਆਪਣੇ ਕੱਟੜ ਤੋਂ ਕੱਟੜ ਵਿਰੋਧੀ ਨੂੰ ਬੇਇੱਜ਼ਤ ਜਾਂ ਜ਼ਲੀਲ ਨਹੀਂ ਕੀਤਾ।
ਇਹ ਸ਼ੈਲੀ ਉਨ੍ਹਾਂ ਦੀ ਖਾਸ ਪਹਿਚਾਣ ਰਹੀ ਕਿ ਜੇ ਕਿਸੇ ਨੇ ਸਿਆਸੀ ਵਿਰੋਧਤਾ ਕਰਨ ਲਈ ਹੱਥ ਅੱਗੇ ਵਧਾਇਆ ਤਾਂ ਸਰਦਾਰ ਬਾਦਲ ਨੇ ਉਸ ਦਾ ਜਵਾਬ ਇੱਕ ਨਿੱਘੀ ਮੁਸਕਰਾਹਟ ਤੇ ਦੋਸਤਾਨਾ ਹੱਥ ਮਿਲਾ ਕੇ ਦਿੱਤਾ। ਪੰਜਾਬ ਅਤੇ ਦੇਸ਼ ਦੀ ਇਹ ਤ੍ਰਾਸਦੀ ਹੈ ਕਿ ਅੱਜ ਦੇ ਲੀਡਰ ਇਨ੍ਹਾਂ ਗੁਣਾਂ ਨੂੰ ਕਮਜ਼ੋਰੀ ਸਮਝਦੇ ਹਨ।
ਅੱਜਕਲ੍ਹ ਮੈਂ ਵੇਖਦਾ ਹਾਂ ਕਿ ਕੁਝ ਲੋਕ ਸਰਦਾਰ ਬਾਦਲ ਤੇ ਜਥੇਦਾਰ ਟੌਹੜਾ ਦੇ ਆਪਸੀ ਰਿਸ਼ਤਿਆਂ ਬਾਰੇ ਬੇਹੱਦ ਹਲਕੀਆਂ ਤੇ ਨਿਰਾਧਾਰ ਕਹਾਣੀਆਂ ਘੜ ਕੇ ਨਾਮਣਾ ਖੱਟਣ ਵਿਚ ਲੱਗੇ ਹੋਏ ਹਨ। ਉਨ੍ਹਾਂ ਦੇ ਰਾਗ ਦੀ ਕੇਂਦਰੀ ਧੁਨ ਹੀ ਬੇਸੁਰੀ ਹੈ ਕਿਉਂਕਿ ਉਹ ਭੁੱਲ ਜਾਂਦੇ ਹਨ ਕਿ ਇੱਕ ਪੂਰਾ ਯੁੱਗ ਇਹ ਦੋ ਆਗੂ ਆਪਣੇ ਨਿੱਜੀ ਤੇ ਸਿਆਸੀ ਰਿਸ਼ਤਿਆਂ ਨੂੰ ਬੇਹੱਦ ਸੂਖ਼ਮਤਾ ਨਾਲ ਸੰਭਾਲਦੇ ਰਹੇ। ਇਹ ਇੱਕ ਦੂਜੇ ਦੇ ਸਭ ਤੋਂ ਵੱਡੇ ਆਲੋਚਕ ਵੀ ਰਹੇ, ਵਿਰੋਧੀ ਵੀ ਰਹੇ ਪਰ ਇਸ ਦੇ ਨਾਲ ਨਾਲ, ਇਹ ਹੀ ਦੋ ਆਗੂ ਪੰਥ ਤੇ ਪੰਜਾਬ ਨੂੰ ਬਣੀ ਹਰ ਭੀੜ ਵਿੱਚੋਂ ਕੱਢਣ ਲਈ ਇੱਕ ਦੂਜੇ ਨਾਲ ਮਿਲ ਕੇ ਹੰਭਲੇ ਵੀ ਮਾਰਦੇ ਰਹੇ।
ਇਵੇਂ ਜਾਪਦਾ ਹੈ ਕਿ ਵੱਖ-ਵੱਖ ਸਫ਼ਾਂ ਵਿਚ ਬੈਠੇ ਇਨ੍ਹਾਂ ਦੋ ਆਗੂਆਂ ਦੇ ਆਲੋਚਕ ਸਿਖਰ ਦੁਪਹਿਰੇ ਹੀ ਯਾਦਾਸ਼ਤ ਗੁਆ ਬੈਠਣ ਦੇ ਮਰੀਜ਼ ਹੋ ਚੁੱਕੇ ਹਨ, ਕਿਉਂਕਿ ਉਹ ਭੁੱਲ ਜਾਂਦੇ ਹਨ ਕਿ ਜਦੋਂ ਤੋਂ ਸਰਦਾਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ, ਉਸ ਤੋਂ ਬਾਅਦ ਟੌਹੜਾ ਸਾਹਿਬ ਜਿੰਨੀ ਵਾਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ, ਉਹ ਸਰਦਾਰ ਬਾਦਲ ਦੀ ਰਜ਼ਾਮੰਦੀ ਨਾਲ ਹੀ ਬਣੇ ਸਨ।
ਇਸ ਤਰ੍ਹਾਂ ਦੀ ਨੀਵੀਂ ਸਿਆਸੀ ਆਲੋਚਨਾ ਨਾ ਟੌਹੜਾ ਸਾਹਿਬ ਨੂੰ ਵੱਡਾ ਸਾਬਿਤ ਕਰਦੀ ਹੈ ਨਾ ਬਾਦਲ ਸਾਹਿਬ ਨੂੰ ਛੋਟਾ। ਇਹ ਦੋਵੇਂ ਲੀਡਰ ਇਸ ਸਦੀ ਦੇ ਬੇਜੋੜ ਕੱਦਾਵਰ ਲੀਡਰ ਸਨ। ਹਾਂ, ਪੰਥਿਕ ਲੋਕਰਾਜੀ ਸਿਆਸੀ ਖੇਤਰ ਵਿਚ ਸਰਦਾਰ ਬਾਦਲ ਜਥੇਦਾਰ ਟੌਹੜਾ ਤੋਂ ਕੋਹਾਂ ਅੱਗੇ ਰਹੇ। ਟੌਹੜਾ ਸਾਹਿਬ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਅਕਾਲੀ ਦਲ ਦੀ ਪਾਰਟੀ ਪੱਧਰ ਤੇ ਸਿਖਰਲੀ ਲੀਡਰਸ਼ਿਪ ਦਾ ਹਿੱਸਾ ਹੋਣ ਦੇ ਬਾਵਜੂਦ ਸਰਦਾਰ ਬਾਦਲ ਦੀ ਪਾਰਟੀ, ਸ਼੍ਰੋਮਣੀ ਕਮੇਟੀ ਅਤੇ ਸਰਕਾਰ 'ਤੇ ਪਕੜ ਮੁਕੰਮਲ ਰਹੀ। ਪਰ ਇਨ੍ਹਾਂ ਦੋਵਾਂ ਆਗੂਆਂ ਨੂੰ ਇੱਕ ਦੂਜੇ ਦੇ ਬਦਲ ਵਜੋਂ ਪੇਸ਼ ਕਰਨ ਦੀ ਥਾਂ ਇਕ-ਦੂਜੇ ਦੇ ਪੂਰਕ ਵਜੋਂ ਵੇਖਿਆ ਜਾਏ ਤਾਂ ਇਨ੍ਹਾਂ ਦੋਵਾਂ ਨਾਲ ਇਨਸਾਫ ਹੁੰਦਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਪਹਿਲੀ ਸਰਕਾਰ ਸਮੇਂ ਜਥੇਦਾਰ ਟੌਹੜਾ ਸ. ਬਾਦਲ ਲਈ ਫੌਲਾਦੀ ਢਾਲ ਬਣੇ। ਸਰਦਾਰ ਬਾਦਲ ਨੇ ਜਥੇਦਾਰ ਟੌਹੜਾ ਨੂੰ ਉਨ੍ਹਾਂ ਦੇ ਅੰਤਮ ਦੌਰ ਵਿਚ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾ ਕੇ ਜਥੇਦਾਰ ਸਾਹਿਬ ਨੂੰ ਪੰਥਕ ਸਿਆਸਤ ਵਿਚ ਫਿਰ ਤੋਂ ਸਥਾਪਤ ਕਰ ਦਿੱਤਾ ਸੀ।
ਇਨ੍ਹਾਂ ਦੋਵਾਂ ਆਗੂਆਂ ਦੇ ਰਿਸ਼ਤਿਆਂ ਦੀ ਧੁੱਪ ਛਾਂ ਵਿੱਚੋਂ ਪੰਥਕ ਸਿਆਸਤ, ਪੰਜਾਬ ਤੇ ਦੇਸ਼ ਦੀ ਸਿਆਸਤ ਲਈ ਨਿੱਗਰ ਸੇਧ ਮਿਲਦੀ ਹੈ । ਇਨ੍ਹਾਂ ਦੇ ਰਿਸ਼ਤੇ ਇਸ ਗੱਲ ਦੀ ਮਿਸਾਲ ਹਨ ਕਿ ਸਿਆਸੀ ਵਿਰੋਧ ਤੇ ਨੁਕਤਾਚੀਨੀ ਕਰਨ ਲਈ ਲੋਕ ਰਾਜੀ ਮਰਿਆਦਾ ਦੀ ਉਲੰਘਣਾ ਕਰਨਾ ਜ਼ਰੂਰੀ ਨਹੀਂ। ਅੱਜ ਕੱਲ ਵੀ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਧੜਿਆਂ ਨੂੰ ਇਸ ਤੋਂ ਸਿੱਖਣ ਦੀ ਲੋੜ ਹੈ।
ਸਰਦਾਰ ਬਾਦਲ ਦਾ ਜਨਮ ਦਿਨ ਮਨਾਉਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੋਏਗਾ ਕਿ ਜਿਨ੍ਹਾਂ ਜਮਹੂਰੀ ਲੀਹਾਂ 'ਤੇ ਕਾਇਮ ਰਹਿੰਦਿਆਂ ਉਨ੍ਹਾਂ ਨੇ ਸ. ਦਵਿੰਦਰਪਾਲ ਸਿੰਘ ਭੁੱਲਰ, ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਸਤਲੁਜ ਯਮੁਨਾ ਨਹਿਰ ਦੇ ਮਸਲੇ ਤੇ ਸੁਪਰੀਮ ਕੋਰਟ ਦੇ ਹੁਕਮ ਨੂੰ ਨਕਾਰ ਕੇ ਪੰਥ ਅਤੇ ਪੰਜਾਬ ਦੇ ਹਿਤਾਂ 'ਤੇ ਪਹਿਰਾ ਦਿੱਤਾ ਸੀ, ਉਸੇ ਮਜ਼ਬੂਤ ਪਰ ਦੂਰਅੰਦੇਸ਼ ਪਹੁੰਚ ਨਾਲ ਇਸ ਵਕਤ ਪੰਜਾਬ ਤੇ ਦੇਸ਼ ਵਿਚ ਸੰਘੀ ਅਤੇ ਲੋਕ ਰਾਜੀ ਕਦਰਾਂ ਕੀਮਤਾਂ ਨੂੰ ਦਰਪੇਸ਼ ਖ਼ਤਰਿਆਂ ਦਾ ਸਾਹਮਣਾ ਕਰਨ ਲਈ ਦੂਰਗਾਮੀ ਨੀਤੀ ਤੇ ਰਣਨੀਤੀ ਅਪਣਾਈ ਜਾਏ। ਇਸ ਲਈ ਅਮਨ ਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਦਿਆਂ ਪੰਜਾਬ ਦੇ ਹਿਤਾਂ ਦੀ ਪਹਿਰੇਦਾਰੀ ਵੀ ਕੀਤੀ ਜਾਏ ਤੇ ਮਨੁੱਖੀ ਅਧਿਕਾਰਾਂ, ਰਾਜਾਂ ਨੂੰ ਵੱਧ ਅਧਿਕਾਰ ਅਤੇ ਲੋਕ ਰਾਜੀ ਤੇ ਸੰਵਿਧਾਨਕ ਸੰਸਥਾਵਾਂ ਦੀ ਆਜ਼ਾਦਾਨਾ ਹੋਂਦ ਨੂੰ ਬਚਾਉਣ ਲਈ ਵੀ ਹੰਭਲੇ ਜਾਰੀ ਰੱਖਣੇ ਬੇਹੱਦ ਜ਼ਰੂਰੀ ਹਨ। ਇਸੇ ਵਿਚ ਘੱਟਗਿਣਤੀਆਂ ਅਤੇ ਗਰੀਬ, ਪਛੜੇ ਤੇ ਦਲਿਤ ਵਰਗ ਦੇ ਹਿਤਾਂ ਦੀ ਰਾਖੀ ਵੀ ਸ਼੍ਰੋਮਣੀ ਅਕਾਲੀ ਦਲ ਦਾ ਸਰਗਰਮ ਏਜੰਡਾ ਰਹਿਣਾ ਚਾਹੀਦਾ ਹੈ। ਸੰਘੀ ਢਾਂਚੇ (ਫੈਡਰਲਿਜ਼ਮ) ਦੀ ਰਾਖੀ ਨਾਲ ਹੀ ਇਨ੍ਹਾਂ ਮਸਲਿਆਂ ਵਿਚੋਂ ਬਹੁਤਿਆਂ ਦੇ ਹੱਲ ਆਪਣੇ ਆਪ ਨਿਕਲ ਆਉਣਗੇ।
ਮੋਬਾਈਲ : 8968777112