ਅਸੀਂ ਇਕ ਮਹਾਨ ਹਸਤੀ ਤੇ ਆਧੁਨਿਕ ਮੁਨੱਖੀ ਸਮਾਜ ਨੂੰ ਦਿਸ਼ਾ ਨਿਰਧਾਰਤ ਕਰਨ ਵਾਲੀ ਪ੍ਰਗਤੀਸ਼ੀਲ ਉਪਾਵਾਂ ਦੇ ਮੋਢੀ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ 70ਵਾਂ ਮਹਾਂਪ੍ਰੀਨਿਰਵਾਣ ਦਿਵਸ ਮਨਾਇਆ ਹੈ। ਇਕ ਵਕੀਲ, ਅਰਥਸ਼ਾਸਤਰੀ, ਦਾਰਸ਼ਨਿਕ, ਸਮਾਜ ਸੁਧਾਰਕ ਅਤੇ ਸਭ ਤੋਂ ਵੱਧ ਇਕ ਰਾਸ਼ਟਰ ਨਿਰਮਾਤਾ ਦੇ ਤੌਰ 'ਤੇ ਉਨ੍ਹਾਂ ਦੇ ਅਣਥੱਕ ਯਤਨਾਂ ਨੇ ਆਧੁਨਿਕ ਭਾਰਤ ਦੀ ਨੀਂਹ ਰੱਖੀ ਸੀ। ਉਨ੍ਹਾਂ ਨੇ ਸਿਰਫ਼ ਭਾਰਤ ਦੇ ਸੰਵਿਧਾਨ ਦਾ ਖਰੜਾ ਹੀ ਨਹੀਂ ਬਣਾਇਆ, ਸਗੋਂ ਉਨ੍ਹਾਂ ਨੇ ਇਕ ਅਜਿਹਾ ਸਮਾਵੇਸ਼ੀ ਤੇ ਸਸ਼ਕਤ ਰਾਸ਼ਟਰ ਦਾ ਭਵਿੱਖ ਖਾਕਾ ਵੀ ਪੇਸ਼ ਕੀਤਾ। ਜਿੱਥੇ ਹਰ ਨਾਗਰਿਕ ਦੇ ਮਾਣ ਦੀ ਰੱਖਿਆ ਹੋਵੇ ਤੇ ਸਾਰਿਆਂ ਨੂੰ ਸਨਮਾਨ ਦੇ ਮੌਕੇ ਹਾਸਲ ਹੋਣ, ਇਨ੍ਹਾਂ ਬੁਨਿਆਦੀ ਕਦਰਾਂ-ਕੀਮਤਾਂ ਤੋਂ ਪ੍ਰੇਰਿਤ ਹੋ ਕੇ ਮੋਦੀ ਸਰਕਾਰ ਨੇ ਜਨਤਕ ਭਲਾਈ ਤੇ ਸੁਸ਼ਾਸਨ ਨੂੰ ਉਤਸ਼ਾਹਿਤ ਕਰਨ ਵਾਲੀਆਂ ਕਈ ਪਹਿਲਕਦਮੀਆਂ ਕੀਤੀਆਂ ਹਨ।
27 ਨਵੰਬਰ 2025 ਨੂੰ ਪੈਰਿਸ ਵਿਚ ਯੂਨੈਸਕੋ ਹੈੱਡਕੁਆਰਟਰ ਵਿਖੇ ਭਾਰਤੀ ਸੰਵਿਧਾਨ ਦੀ 75ਵੀਂ ਵਰ੍ਹੇਗੰਢ ਦੇ ਮੌਕੇ ਪੂਰੀ ਦੁਨੀਆ ਬਾਬਾ ਸਾਹਿਬ ਦੀ ਮੂਰਤੀ ਦੇ ਉਦਘਾਟਨ ਦੀ ਗਵਾਹ ਬਣੀ। ਦੁਨੀਆ ਭਰ ਦੇ ਪਤਵੰਤਿਆਂ ਸਾਹਮਣੇ ਇਹ ਮੂਰਤੀ ਨਾ ਸਿਰਫ਼ ਭਾਰਤ ਦੇ ਇਕ ਨੇਤਾ ਪ੍ਰਤੀ ਸ਼ਰਧਾਂਜਲੀ ਵਜੋਂ, ਸਗੋਂ ਨਿਆਂ ਦੇ ਇਕ ਵਿਸ਼ਵਵਿਆਪੀ ਪ੍ਰਤੀਕ ਵਜੋਂ ਖੜ੍ਹੀ ਹੈ। ਤਖ਼ਤੀ 'ਤੇ 'ਭਾਰਤੀ ਸੰਵਿਧਾਨ ਦਾ ਸ਼ਿਲਪਕਾਰ' ਲਿਖਿਆ ਹੋਇਆ ਹੈ, ਫਿਰ ਵੀ ਇਹ ਸ਼ਬਦ ਉਸ ਸ਼ਖ਼ਸ ਦੀ ਵਿਰਾਸਤ ਨੂੰ ਪੂਰੀ ਤਰ੍ਹਾਂ ਨਾਲ ਬਿਆਨ ਨਹੀਂ ਕਰ ਪਾਉਂਦੇ, ਜਿਸ ਨੇ ਨਾ ਸਿਰਫ਼ ਭਾਰਤੀ ਸੰਵਿਧਾਨ ਦਾ ਖ਼ਾਕਾ ਤਿਆਰ ਕੀਤਾ, ਸਗੋਂ ਇਕ ਪੂਰੇ ਰਾਸ਼ਟਰ ਨੂੰ ਰੂਪ ਦੇਣ ਵਿਚ ਮਦਦ ਕੀਤੀ। ਆਪਣੀ ਸਾਰੀ ਜ਼ਿੰਦਗੀ ਵਿਚ ਬਾਬਾ ਸਾਹਿਬ ਨੇ ਮਜ਼ਦੂਰਾਂ ਦੇ ਅਧਿਕਾਰ ਤੇ ਉਨ੍ਹਾਂ ਦੀ ਭਲਾਈ ਦੀ ਵਕਾਲਤ ਕਰਦੇ ਹੋਏ ਨਿਆਂ ਲਈ ਸੰਘਰਸ਼ ਕੀਤਾ। ਗੋਲਮੇਜ਼ ਕਾਨਫਰੰਸ 'ਚ ਦਲਿਤ ਵਰਗਾਂ ਦੇ ਪ੍ਰਤੀਨਿਧੀ ਵਜੋਂ ਉਨ੍ਹਾਂ ਨੇ ਜੀਵਨ ਗੁਜ਼ਾਰਾ ਮਜ਼ਦੂਰੀ, ਕੰਮ ਕਰਨ ਦੀ ਉਚਿਤ ਸਥਿਤੀਆਂ, ਦੱਬੇ-ਕੁਚਲੇ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲਿਆਂ ਸਮਾਜਿਕ ਬੁਰਾਈਆਂ ਦੇ ਖ਼ਾਤਮੇ ਦੀ ਪੁਰਜ਼ੋਰ ਵਕਾਲਤ ਕੀਤੀ। ਉਨ੍ਹਾਂ ਨੇ ਨਿੱਜੀ ਤੌਰ 'ਤੇ ਮਜ਼ਦੂਰਾਂ ਤੇ ਦਲਿਤਾਂ ਦੀ ਪੀੜਾ ਨੂੰ ਦੇਖਿਆ ਸੀ।
ਉਨ੍ਹਾਂ ਨੇ ਆਮ ਜਨਤਾ ਨੂੰ ਇਕਜੁੱਟ ਕੀਤਾ ਤੇ 1936 'ਚ ਬੇਜ਼ਮੀਨੇ ਲੋਕਾਂ, ਗਰੀਬ ਕਿਰਾਏਦਾਰਾਂ, ਕਿਸਾਨਾਂ ਅਤੇ ਮਜ਼ਦੂਰਾਂ ਦੀ ਭਲਾਈ ਲਈ ਇਕ ਵਿਆਪਕ ਪ੍ਰੋਗਰਾਮ ਦੇ ਨਾਲ ਸੁਤੰਤਰ ਲੇਬਰ ਪਾਰਟੀ ਦੀ ਸਥਾਪਨਾ ਕੀਤੀ। 17 ਸਤੰਬਰ 1937 ਨੂੰ ਬੰਬਈ ਵਿਧਾਨ ਸਭਾ ਦੇ ਪੁਣੇ ਸੈਸ਼ਨ ਦੌਰਾਨ ਉਨ੍ਹਾਂ ਨੇ ਕੋਂਕਣ ਵਿਚ 'ਖੋਟੀ' ਜ਼ਮੀਨ ਕਾਰਜਕਾਲ ਪ੍ਰਣਾਲੀ ਨੂੰ ਖ਼ਤਮ ਕਰਨ ਲਈ ਇਕ ਬਿੱਲ ਪੇਸ਼ ਕੀਤਾ। 1938 'ਚ ਉਨ੍ਹਾਂ ਨੇ ਬੰਬਈ ਦੇ ਕੌਂਸਲ ਹਾਲ ਤੱਕ ਕਿਸਾਨਾਂ ਦੇ ਮਾਰਚ ਦੀ ਅਗਵਾਈ ਕੀਤੀ ਅਤੇ ਕਿਸਾਨਾਂ, ਮਜ਼ਦੂਰਾਂ ਤੇ ਬੇਜ਼ਮੀਨਿਆਂ ਦੇ ਪ੍ਰਸਿੱਧ ਨੇਤਾ ਬਣ ਗਏ। ਉਹ ਖੇਤੀਬਾੜੀ ਖੇਤਰ ਨਾਲ ਸੰਬੰਧਿਤ ਬੰਧੂਆ ਮਜ਼ਦੂਰੀ ਨੂੰ ਖਤਮ ਕਰਨ ਲਈ ਬਿੱਲ ਪੇਸ਼ ਕਰਨ ਵਾਲੇ ਪਹਿਲੇ ਭਾਰਤੀ ਵਿਧਾਇਕ ਸਨ। ਉਨ੍ਹਾਂ ਨੇ ਉਦਯੋਗਿਕ ਵਿਵਾਦ ਬਿੱਲ 1937 ਦਾ ਵੀ ਸਖ਼ਤ ਵਿਰੋਧ ਕੀਤਾ, ਕਿਉਂਕਿ ਇਸ ਵਿਚ ਮਜ਼ਦੂਰਾਂ ਦੇ ਹੜਤਾਲ ਕਰਨ ਦੇ ਅਧਿਕਾਰ 'ਚ ਕਟੌਤੀ ਕੀਤੀ ਗਈ ਸੀ।
ਡਾ. ਅੰਬੇਡਕਰ ਨੇ ਕਮਿਊਨਿਸਟਾਂ ਦੀ ਅਗਵਾਈ ਵਾਲੇ ਮਜ਼ਦੂਰ ਅੰਦੋਲਨ ਦਾ ਵਿਰੋਧ ਕੀਤਾ ਸੀ। ਉਨ੍ਹਾਂ ਨੇ ਉਤਪਾਦਨ ਦੇ ਸਾਰੇ ਸਾਧਨਾਂ ਨੂੰ ਕੰਟਰੋਲ ਕਰਨ ਦੇ ਮਾਰਕਸ ਦੇ ਤਾਨਾਸ਼ਾਹੀ ਦ੍ਰਿਸ਼ਟੀਕੋਣ ਨੂੰ ਰੱਦ ਕਰ ਦਿੱਤਾ ਸੀ। ਉਹ ਮਾਰਕਸ ਦੇ ਇਸ ਵਿਚਾਰ ਨਾਲ ਅਸਹਿਮਤ ਸਨ ਕਿ ਨਿੱਜੀ ਜਾਇਦਾਦ ਨੂੰ ਖ਼ਤਮ ਕਰਨ ਨਾਲ ਗਰੀਬੀ ਅਤੇ ਪੀੜਾ ਖ਼ਤਮ ਹੋ ਜਾਵੇਗੀ। ਆਪਣੇ ਲੇਖ 'ਬੁੱਧ ਜਾਂ ਕਾਰਲ ਮਾਰਕਸ' ਵਿਚ ਉਹ ਲਿਖਦੇ ਹਨ, 'ਕੀ ਕਮਿਊਨਿਸਟ ਇਹ ਕਹਿ ਸਕਦੇ ਹਨ ਕਿ ਆਪਣੇ ਕੀਮਤੀ ਉਦੇਸ਼ ਨੂੰ ਪ੍ਰਾਪਤ ਕਰਨ ਵਿਚ ਉਨ੍ਹਾਂ ਨੇ ਹੋਰ ਕੀਮਤੀ ਉਦੇਸ਼ਾਂ ਨੂੰ ਤਬਾਹ ਨਹੀਂ ਕੀਤਾ ਹੈ? ਉਨ੍ਹਾਂ ਨੇ ਨਿੱਜੀ ਜਾਇਦਾਦ ਨੂੰ ਤਬਾਹ ਕਰ ਦਿੱਤਾ ਹੈ। ਇਹ ਮੰਨਦੇ ਹੋਏ ਕਿ ਇਹ ਇਕ ਕੀਮਤੀ ਉਦੇਸ਼ ਹੈ। ਆਪਣੇ ਉਦੇਸ਼ ਨੂੰ ਪ੍ਰਾਪਤ ਕਰਨ ਲਈ ਉਨ੍ਹਾਂ ਨੇ ਕਿੰਨੇ ਲੋਕਾਂ ਨੂੰ ਮਾਰਿਆ ਹੈ। ਕੀ ਮਨੁੱਖੀ ਜੀਵਨ ਦੀ ਕੋਈ ਕੀਮਤ ਨਹੀਂ ਹੈ? ਕੀ ਉਹ ਮਾਲਕ ਦੀ ਜਾਨ ਲਏ ਬਿਨਾਂ ਜਾਇਦਾਦ ਨਹੀਂ ਲੈ ਸਕਦੇ ਸਨ?' ਸੰਵਿਧਾਨ ਦਾ ਖ਼ਾਕਾ ਤਿਆਰ ਕਰਦੇ ਸਮੇਂ ਡਾ. ਅੰਬੇਡਕਰ ਨੇ ਇਕਸਾਰ ਕਾਨੂੰਨ ਤੇ ਅੰਤਰਰਾਸ਼ਟਰੀ ਮਾਪਦੰਡਾਂ ਦੇ ਨਾਲ ਅਨੁਕੂਲਤਾ ਨੂੰ ਯਕੀਨੀ ਬਣਾਉਣ ਲਈ ਕਿਰਤ ਨੂੰ ਸਮਕਾਲੀ ਸੂਚੀ ਵਿਚ ਰੱਖਿਆ। ਉਨ੍ਹਾਂ ਦੀ ਦੂਰਅੰਦੇਸ਼ ਸੋਚ ਨੇ ਸੰਵਿਧਾਨ 'ਚ ਬੰਧੂਆ ਮਜ਼ਦੂਰੀ ਨੂੰ ਗ਼ੈਰ-ਕਾਨੂੰਨੀ ਐਲਾਨ ਕੇ ਉਸ ਨੂੰ ਸਮਾਪਤ ਕੀਤਾ।
ਸਾਡੇ ਦੂਰਦਰਸ਼ੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੁਆਰਾ ਦਿੱਤੇ ਗਏ 'ਸੁਧਾਰ, ਪ੍ਰਦਰਸ਼ਨ ਤੇ ਤਬਦੀਲੀ' (Reform, Perform and "ransform) ਮੰਤਰ ਤੋਂ ਪ੍ਰੇਰਿਤ ਹੋ ਕੇ ਅਤੇ ਡਾ. ਅੰਬੇਡਕਰ ਦੀਆਂ ਕਦਰਾਂ-ਕੀਮਤਾਂ ਦਾ ਪਾਲਣ ਕਰਦੇ ਹੋਏ ਸਾਡੀ ਸਰਕਾਰ ਨੇ ਚਾਰ ਵਿਆਪਕ ਕਿਰਤ ਕੋਡ- ਮਜ਼ਦੂਰੀ, ਉਦਯੋਗਿਕ ਸੰਬੰਧ, ਸਮਾਜਿਕ ਸੁਰੱਖਿਆ ਤੇ ਭਲਾਈ ਅਤੇ ਕਿੱਤਾਮੁਖੀ ਸੁਰੱਖਿਆ, ਸਿਹਤ ਅਤੇ ਕੰਮ ਕਰਨ ਦੀਆਂ ਸਥਿਤੀਆਂ ਲਾਗੂ ਕੀਤੇ ਹਨ। ਇਨ੍ਹਾਂ ਸੁਧਾਰਾਂ ਦਾ ਉਦੇਸ਼ ਸਰਵਵਿਆਪਕ ਸਮਾਜਿਕ ਸੁਰੱਖਿਆ ਨੂੰ ਯਕੀਨੀ ਬਣਾਉਣਾ, ਕਾਮਿਆਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ, ਉਤਪਾਦਕਤਾ ਨੂੰ ਵਧਾਉਣਾ, ਨੌਕਰੀਆਂ ਪੈਦਾ ਕਰਨਾ ਅਤੇ ਸਾਲ 2047 ਤੱਕ 'ਵਿਕਸਿਤ ਭਾਰਤ' ਦੀ ਦਿਸ਼ਾ 'ਚ ਭਾਰਤ ਦੀ ਆਰਥਿਕ ਖੁਸ਼ਹਾਲੀ ਨੂੰ ਮਜ਼ਬੂਤ ਕਰਨਾ ਹੈ। 'ਸ਼੍ਰਮੇਵ ਜਯਤੇ' ਦੀ ਸਥਾਈ ਭਾਵਨਾ ਨਾਲ ਸੇਧਿਤ ਹੋ ਕੇ ਅਸੀਂ ਰਾਸ਼ਟਰ ਨਿਰਮਾਣ 'ਚ ਮਜ਼ਦੂਰਾਂ ਦੇ ਅਣਗਿਣਤ ਯੋਗਦਾਨ ਦਾ ਸਨਮਾਨ ਕਰਦੇ ਹਾਂ। ਪੂਜਨੀਕ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦਾ ਮਹਾਂਪ੍ਰੀਨਿਰਵਾਣ ਦਿਵਸ ਸਾਨੂੰ ਇਸ ਮਹਾਨ ਰਾਸ਼ਟਰ ਨਿਰਮਾਤਾ ਦੇ ਦ੍ਰਿਸ਼ਟੀਕੋਣ ਅਤੇ ਕਾਰਜਾਂ 'ਤੇ ਵਿਚਾਰ ਕਰਨ ਦਾ ਇਕ ਢੁਕਵਾਂ ਮੌਕਾ ਪ੍ਰਦਾਨ ਕਰਦਾ ਹੈ। ਉਨ੍ਹਾਂ ਦੇ ਆਦਰਸ਼ ਸਾਨੂੰ ਹਮੇਸ਼ਾ ਰਾਸ਼ਟਰ ਦੀ ਵਿਕਾਸ ਯਾਤਰਾ ਨੂੰ ਤੇਜ਼ ਕਰਨ ਤੇ ਸਾਲ 2047 ਤੱਕ 'ਵਿਕਸਿਤ ਭਾਰਤ' ਦੇ ਟੀਚੇ ਨੂੰ ਹਾਸਲ ਕਰਨ ਲਈ ਹਮੇਸ਼ਾ ਪ੍ਰੇਰਿਤ ਕਰਦੇ ਰਹਿਣਗੇ।
-ਕੇਂਦਰੀ ਕਾਨੂੰਨ ਤੇ ਨਿਆਂ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸੰਸਦੀ ਮਾਮਲੇ ਮੰਤਰੀ, ਭਾਰਤ ਸਰਕਾਰ।
ਡਾ. ਭੀਮਰਾਓ ਅੰਬੇਡਕਰ-ਮਜ਼ਦੂਰ ਆਗੂ ਤੋਂ ਸੰਵਿਧਾਨ ਨਿਰਮਾਤਾ ਤੱਕ
ਅਜੀਤ ਡੈਸਕ
08-12-2025