ਇਸ ਸਮੇਂ ਵਿਸ਼ਵ ਬਹੁਤ ਹੀ ਨਾਜ਼ੁਕ ਦੌਰ 'ਚੋਂ ਗੁਜ਼ਰ ਰਿਹਾ ਹੈ। ਇਕ ਪਾਸੇ ਇਸ ਸਦੀ ਨੂੰ ਗਿਆਨ ਤੇ ਸੂਚਨਾ ਦੀ ਸਦੀ ਆਖਿਆ ਜਾਂਦਾ ਹੈ, ਦੂਜੇ ਪਾਸੇ ਸੰਸਾਰ ਦੀ ਅੱਧੀ ਤੋਂ ਵੱਧ ਵਸੋਂ ਦੀ ਪਹੁੰਚ ਤੋਂ ਗਿਆਨ ਤੇ ਸੂਚਨਾ ਬਾਹਰ ਹੈ। ਇਹ ਲੋਕ ਜੀਵਨ ਦੀਆਂ ਮੁਢਲੀਆਂ ਲੋੜਾਂ ਭਾਵ ਰੋਟੀ, ਕੱਪੜਾ ਤੇ ਮਕਾਨ ਨੂੰ ਤਰਸ ਰਹੇ ਹਨ। ਵਿੱਦਿਆ ਪ੍ਰਾਪਤੀ ਬਾਰੇ ਤਾਂ ਇਹ ਸੋਚ ਹੀ ਨਹੀਂ ਸਕਦੇ। ਹਰ ਤਰ੍ਹਾਂ ਦੀਆਂ ਬਿਮਾਰੀਆਂ ਦੀ ਮਾਰ ਇਨ੍ਹਾਂ ਨੂੰ ਝੱਲਣੀ ਪੈਂਦੀ ਹੈ ਕਿਉਂਕਿ ਸਿਹਤ ਸਹੂਲਤਾਂ ਇਨ੍ਹਾਂ ਦੀ ਪਹੁੰਚ ਤੋਂ ਬਾਹਰ ਹਨ। ਤਕੜੇ ਦਾ ਸੱਤੀਂ ਵੀਹੀਂ ਸੌ ਹੋ ਰਿਹਾ ਹੈ। ਜਿੱਥੇ ਇਕ ਪਾਸੇ ਤਾਕਤਵਰ ਤਾਕਤ ਦੇ ਜ਼ੋਰ 'ਤੇ ਸੰਸਾਰ ਨੂੰ ਆਪਣੀ ਮਰਜ਼ੀ ਨਾਲ ਚਲਾਉਣਾ ਚਾਹੁੰਦੇ ਹਨ, ਉੱਥੇ ਧਾਰਮਿਕ ਕਟੜਵਾਦੀ ਸਾਰੇ ਸੰਸਾਰ ਵਿਚ ਧਰਮ ਦੇ ਨਾਂਅ 'ਤੇ ਅੱਤਵਾਦ ਫੈਲਾ ਰਹੇ ਹਨ। ਹਰ ਪਾਸੇ ਉਪਰਾਮਤਾ, ਬੇਚੈਨੀ ਅਤੇ ਮੌਤ ਬਿਖੇਰ ਰਹੇ ਹਨ। ਗਰੀਬ ਲੋਕ ਥੁੜਾਂ ਭਰਿਆ ਜੀਵਨ ਜੀਅ ਰਹੇ ਹਨ, ਪਰ ਅਮੀਰ ਲੋਕ ਬਹੁਤਾਤ ਦੀ ਹਵਸ ਵਿਚ ਝੁਲਸ ਰਹੇ ਹਨ। ਇੰਝ ਚੈਨ ਕਿਸੇ ਨੂੰ ਵੀ ਨਹੀਂ ਹੈ। ਕੁਦਰਤ ਨੇ ਇਸ ਧਰਤੀ ਨੂੰ ਏਨਾ ਮਾਲਾਮਾਲ ਕੀਤਾ ਹੈ ਕਿ ਜੇਕਰ ਕਾਣੀ ਵੰਡ ਨੂੰ ਰੋਕ ਕੇ ਛਕਿਆ ਜਾਵੇ ਤਾਂ ਇਸ ਸੰਸਾਰ 'ਚੋਂ ਭੁੱਖ-ਨੰਗ ਤੇ ਗਰੀਬੀ ਨੂੰ ਸਹਿਜੇ ਹੀ ਦੂਰ ਕੀਤਾ ਜਾ ਸਕਦਾ ਹੈ। ਵਿਗਿਆਨ ਵਿਚ ਹੋਏ ਇਨਕਲਾਬੀ ਵਿਕਾਸ ਦੇ ਬਾਵਜੂਦ ਵੀ ਅੱਜ ਦਾ ਮਨੁੱਖ ਹਉਮੈ, ਈਰਖਾ ਤੇ ਹਵਸ ਦੀ ਜਕੜ ਵਿਚ ਜਕੜਿਆ ਹੋਇਆ ਹੈ। ਇਸੇ ਹਵਸ ਦਾ ਇਹ ਨਤੀਜਾ ਹੈ ਕਿ ਸੰਸਾਰ ਵਿਚਲੇ ਕੁਦਰਤੀ ਵਸੀਲਿਆਂ ਦੀ ਬੇਰਹਿਮੀ ਨਾਲ ਵਰਤੋਂ ਕੀਤੀ ਜਾ ਰਹੀ ਹੈ, ਜਿਸ ਕਰਕੇ ਇਹ ਧਰਤੀ ਤਬਾਹੀ ਵੱਲ ਬੜੀ ਤੇਜ਼ੀ ਨਾਲ ਵਧ ਰਹੀ ਹੈ। ਇਸ ਸਮੇਂ ਸੰਸਾਰ ਨੂੰ ਇਕ ਅਜਿਹੀ ਸੇਧ ਦੀ ਲੋੜ ਹੈ, ਜਿਸ ਸਦਕਾ ਸੰਸਾਰ ਨੂੰ ਤਬਾਹੀ ਦੇ ਰਸਤੇ ਤੋਂ ਮੋੜਿਆ ਜਾ ਸਕੇ। ਇਕ ਅਜਿਹੇ ਜੀਵਨ-ਜਾਚ ਦੀ ਲੋੜ ਹੈ ਤਾਂ ਜੋ ਸੰਸਾਰ 'ਚੋਂ ਨਫ਼ਰਤ ਤੇ ਈਰਖਾ ਦੂਰ ਹੋ ਸਕੇ। ਇਕ ਅਜਿਹੇ ਫ਼ਲਸਫ਼ੇ ਦੀ ਲੋੜ ਹੈ, ਜਿਸ ਰਾਹੀਂ ਹਉਮੈ ਅਤੇ ਲਾਲਸਾ ਦੀ ਥਾਂ ਆਪਸੀ ਪਿਆਰ, ਹਮਦਰਦੀ ਅਤੇ ਮਿਲਵਰਤਣ ਵਿਚ ਵਾਧਾ ਹੋਵੇ। ਇਨ੍ਹਾਂ ਸਭਨਾਂ ਦਾ ਜਵਾਬ ਉਸ ਪਵਿੱਤਰ ਅਤੇ ਅਨੋਖੇ ਗ੍ਰੰਥ ਵਿਚ ਹੈ, ਜਿਸ ਦੀ ਸੰਪਾਦਨਾ ਕੋਈ ਚਾਰ ਸਦੀਆਂ ਪਹਿਲਾਂ ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ।
ਗੁਰੂ ਗ੍ਰੰਥ ਸਾਹਿਬ ਕਿਸੇ ਇਕ ਫਿਰਕੇ, ਮਜ਼੍ਹਬ ਜਾਂ ਪ੍ਰਾਂਤ ਲਈ ਨਹੀਂ, ਸਗੋਂ ਇਸ ਦਾ ਸੰਦੇਸ਼ ਤਾਂ ਸਾਰੀ ਲੋਕਾਈ ਲਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਊਚ-ਨੀਚ ਤੇ ਜਾਤ-ਪਾਤ ਦੇ ਭੇਦਭਾਵ ਨੂੰ ਮਿਟਾ ਕੇ ਸਾਰੇ ਵਰਗਾਂ ਦੇ ਭਗਤਾਂ ਤੇ ਸੰਤਾਂ ਦੀ ਬਾਣੀ ਦਰਜ ਕੀਤੀ ਗਈ ਹੈ। ਇਸ ਮਹਾਨ ਗ੍ਰੰਥ ਵਿਚ ਸਾਰੀ ਲੋਕਾਈ ਲਈ ਅਜਿਹੀ ਜੀਵਨ-ਜਾਚ ਦੀ ਬਖਸ਼ਿਸ਼ ਹੈ, ਜਿਸ ਨੂੰ ਅਪਣਾਇਆ ਇਸ ਸੰਸਾਰ 'ਚੋਂ ਨਫ਼ਰਤ, ਊਚ-ਨੀਚ, ਲੜਾਈ, ਝਗੜੇ ਤੇ ਗਰੀਬੀ ਦਾ ਖ਼ਾਤਮਾ ਹੋ ਸਕਦਾ ਹੈ ਤੇ ਸੰਸਾਰ ਨੂੰ ਸਵਰਗ ਰੂਪ ਪ੍ਰਾਪਤ ਹੋ ਸਕਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਮਹਾਨ ਆਤਮਾਵਾਂ ਨੇ ਉਦੋਂ ਕੀਤੀ, ਜਦੋਂ ਉਹ ਕਾਦਰ ਨਾਲ ਇਕਮਿਕ ਹੁੰਦੇ ਸਨ ਤੇ ਉਸੇ ਦੇ ਆਦੇਸ਼ਾਂ ਨੂੰ ਉਨ੍ਹਾਂ ਨੇ ਮਾਨਵਤਾ ਤੀਕ ਪਹੁੰਚਾਇਆ। ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਬਾਣੀ ਧਰਮ ਅਤੇ ਜਾਤ-ਪਾਤ ਦੇ ਭੇਦਭਾਵ ਤੋਂ ਨਿਰਮਲ ਹੈ।
ਜੇਕਰ ਇਸ ਵਿਚ ਭਗਤ ਜੈ ਦੇਵ ਬ੍ਰਾਹਮਣ ਦੀ ਬਾਣੀ ਹੈ ਤਾਂ ਗੁਰੂ ਰਵਿਦਾਸ ਦੀ ਬਾਣੀ ਵੀ ਦਰਜ ਹੈ। ਜਦੋਂ ਕੋਈ ਵਿਅਕਤੀ ਗੁਰੂ ਗ੍ਰੰਥ ਸਾਹਿਬ ਅੱਗੇ ਸੀਸ ਝੁਕਾਉਂਦਾ ਹੈ ਤਾਂ ਉਹ ਜਾਤ-ਪਾਤ ਤੇ ਊਚ-ਨੀਚ ਨੂੰ ਭੁੱਲ ਸਾਰੀ ਮਾਨਵਤਾ ਅੱਗੇ ਸੀਸ ਝੁਕਾਉਂਦਾ ਹੈ। ਇਸ ਵਿਚ ਕਿਸੇ ਸਥਾਨ ਜਾਂ ਪ੍ਰਾਂਤ ਨੂੰ ਵੀ ਵਿਸ਼ੇਸ਼ਤਾ ਨਹੀਂ ਦਿੱਤੀ ਗਈ, ਸਗੋਂ ਸਮੁੱਚੇ ਦੇਸ਼ ਦੀ ਪ੍ਰਤੀਨਿਧਤਾ ਕੀਤੀ ਗਈ ਹੈ। ਇਸ ਵਿਚ ਮਹਾਰਾਸ਼ਟਰ ਦੇ ਸੰਤ ਨਾਮਦੇਵ ਦੀ ਬਾਣੀ ਵੀ ਹੈ ਤੇ ਦੇਸ਼ ਦੇ ਦੂਜੇ ਪਾਸੇ ਬੰਗਾਲ ਦੇ ਭਗਤ ਜੈ ਦੇਵ ਦੀ ਰਚਨਾ ਵੀ ਸ਼ਾਮਿਲ ਕੀਤੀ ਗਈ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਿਸੇ ਇਕ ਸਮੇਂ ਰਚੀ ਗਈ ਰਚਨਾ ਨਹੀਂ, ਸਗੋਂ ਕਾਲ ਦੀਆਂ ਹੱਦਾਂ ਬੰਨੇ ਟੱਪ 12ਵੀਂ ਤੋਂ ਲੈ ਕੇ 17ਵੀਂ ਸਦੀ ਵਿਚਕਾਰ ਹੋਏ ਗੁਰੂਆਂ, ਸੰਤਾਂ ਤੇ ਭਗਤਾਂ ਦੀ ਬਾਣੀ ਇਸ ਵਿਚ ਦਰਜ ਹੈ। ਇੰਝ ਇਹ ਸਦੀਵੀ ਤੇ ਜੁਗੋ-ਜੁਗ ਅਟਲ ਬਣ ਜਾਂਦੀ ਹੈ। ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਰੱਖ ਕੇ ਉਸ ਨੂੰ ਸਾਰੀ ਲੋਕਾਈ ਦਾ ਮੰਦਰ ਬਣਾਇਆ ਸੀ। ਇਸੇ ਤਰ੍ਹਾਂ ਉਨ੍ਹਾਂ ਨੇ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਦੇ ਸਮੇਂ ਕੇਵਲ ਸਿੱਖ ਗੁਰੂਆਂ ਦੀ ਬਾਣੀ ਹੀ ਦਰਜ ਨਹੀਂ ਕੀਤੀ, ਸਗੋਂ ਇਸ ਵਿਚ ਛੇ ਗੁਰੂਆਂ, 15 ਭਗਤਾਂ, ਚਾਰ ਗੁਰ ਸਿੱਖਾਂ ਤੇ 11 ਭੱਟਾਂ ਦੀ ਬਾਣੀ ਦਰਜ ਕਰਕੇ ਇਸ ਨੂੰ ਸਮੁੱਚੀ ਮਾਨਵਤਾ ਦਾ ਗ੍ਰੰਥ ਬਣਾਇਆ। ਇਸ ਵਿਚ ਕੋਈ ਧਾਰਮਿਕ ਕਰਮ ਕਾਂਡ ਨਹੀਂ ਦੱਸੇ ਗਏ, ਸਗੋਂ ਵਿਖਾਵੇ ਦੇ ਬੰਧਨਾਂ ਤੋਂ ਮੁਕਤ ਹੋ ਕੇ ਸੱਚਾ ਤੇ ਸੁੱਚਾ ਜੀਵਨ ਜਿਊਣ ਦੀ ਪ੍ਰੇਰਨਾ ਦਿੱਤੀ ਗਈ ਹੈ। ਗੁਰੂ ਗ੍ਰੰਥ ਸਾਹਿਬ 'ਚ ਸਰਬੱਤ ਦੇ ਭਲੇ ਅਤੇ ਚੜ੍ਹਦੀ ਕਲਾ ਦਾ ਸੰਦੇਸ਼ ਹੈ। ਸਾਂਝੀਵਾਲਤਾ, ਆਪਸੀ ਪ੍ਰੇਮ, ਸਮਾਜਿਕ ਬਰਾਬਰੀ, ਸੁੱਚੀ ਕਿਰਤ, ਸੱਚ ਅਤੇ ਸ਼ਾਂਤੀ ਦਾ ਉਪਦੇਸ਼ ਪ੍ਰਾਪਤ ਹੁੰਦਾ ਹੈ। ਮਨ ਨੂੰ ਜਿੱਤ, ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ 'ਤੇ ਕਾਬੂ ਪਾਉਣ ਦੀ ਵਿਧੀ ਵੀ ਦੱਸੀ ਗਈ ਹੈ।