05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਮਹਾਨ ਯੋਧੇ ਸਨ ਭਾਈ ਜੈਤਾ ਜੀ

Ad Position 21
repet_subhas-goyals [Copy P29]
ਅਜੀਤ ਡੈਸਕ 08-12-2025

ਭਾਈ ਜੈਤਾ ਜੀ (ਭਾਈ ਜੀਵਨ ਸਿੰਘ) ਦੀ ਜਨਮ ਮਿਤੀ ਬਾਰੇ ਵੱਖੋ-ਵੱਖ ਵਿਦਵਾਨਾਂ ਦੇ ਆਪਣੇ-ਆਪਣੇ ਤੱਥ ਹਨ, ਹਾਲਾਂਕਿ ਜ਼ਿਆਦਾਤਰ ਵਿਦਵਾਨ ਉਨ੍ਹਾਂ ਦਾ ਜਨਮ 13 ਦਸੰਬਰ 1661 ਈ: ਨੂੰ ਦਰੁਸਤ ਦੱਸਦੇ ਹਨ। ਇਸੇ ਤਰ੍ਹਾਂ ਉਨ੍ਹਾਂ ਦੇ ਜਨਮ ਸਥਾਨ ਬਾਰੇ ਵੀ ਮਤਭੇਦ ਹੈ, ਬਹੁਤੇ ਪਟਨਾ ਸਾਹਿਬ ਮੰਨਦੇ ਹਨ ਤੇ ਕਈ ਪਿੰਡ ਗੱਗੋ ਮਾਹਲ, ਨੇੜੇ ਰਮਦਾਸ (ਅੰਮ੍ਰਿਤਸਰ ਸਾਹਿਬ) ਉਲੀਕਦੇ ਹਨ। ਉਨ੍ਹਾਂ ਦੇ ਪਿਤਾ ਦਾ ਨਾਂਅ ਭਾਈ ਸਦਾ ਨੰਦ, ਮਾਤਾ ਦਾ ਨਾਂਅ ਪ੍ਰੇਮੀ, ਦਾਦੇ ਦਾ ਨਾਂਅ ਭਾਈ ਕਲਿਆਣਾ ਸੀ (ਜੋ ਬਾਬਾ ਬੁੱਢਾ ਜੀ ਦੇ ਸਮਕਾਲੀ ਸਨ) ਅਤੇ ਭਰਾ ਦਾ ਨਾਂਅ ਭਾਈ ਸੰਗਤ ਸਿੰਘ ਸੀ। ਉਨ੍ਹਾਂ ਦੀ ਪਤਨੀ ਦਾ ਨਾਂਅ ਰਾਜ ਕੌਰ ਤੇ ਪੁੱਤਰਾਂ ਦੇ ਨਾਂਅ ਗੁਰਦਿਆਲ ਸਿੰਘ, ਗੁਲਜ਼ਾਰ ਸਿੰਘ, ਸੁੱਖਾ ਸਿੰਘ ਤੇ ਸੇਵਾ ਸਿੰਘ ਸੀ।
ਉਨ੍ਹਾਂ ਦੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸੇਵਾ ਬਚਪਨ ਤੋਂ ਹੀ ਕਰਦੇ ਆ ਰਹੇ ਸਨ। ਜਦੋਂ ਗੁਰੂ ਤੇਗ ਬਹਾਦਰ ਜੀ ਨੇ ਬਾਬਾ ਬਕਾਲਾ ਵਿਖੇ ਭਗਤੀ ਕੀਤੀ ਤਾਂ ਭਾਈ ਸਦਾਨੰਦ ਜੀ ਨੇ ਪਹਿਰੇਦਾਰ ਵਜੋਂ ਸੇਵਾ ਨਿਭਾਈ ਸੀ। ਇਸ ਤਰ੍ਹਾਂ ਉਹ ਪਟਨਾ ਸਾਹਿਬ, ਢਾਕਾ ਵੱਖ-ਵੱਖ ਯਾਤਰਾਵਾਂ ਦੌਰਾਨ ਵੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਰਹੇ। ਭਾਈ ਜੈਤਾ ਤੇ ਭਾਈ ਸੰਗਤ ਜੀ ਨੇ ਗੁਰਬਾਣੀ, ਵਿੱਦਿਆ, ਤਲਵਾਰਬਾਜ਼ੀ, ਘੋੜਸਵਾਰੀ, ਬੰਦੂਕਬਾਜ਼ੀ ਆਦਿ ਗੁਰੂ ਘਰ 'ਚੋਂ ਹੀ ਸਿੱਖੀ। ਜਦੋਂ ਦਿੱਲੀ ਦੇ ਚਾਂਦਨੀ ਚੌਕ 'ਚ ਨੌਵੇਂ ਪਾਤਿਸ਼ਾਹ ਨੂੰ ਸ਼ਹੀਦ ਕੀਤਾ ਗਿਆ ਤਾਂ ਭਾਈ ਜੀਵਨ ਸਿੰਘ ਮੁਗ਼ਲਾਂ ਦੇ ਸਖ਼ਤ ਪਹਿਰੇ ਦੇ ਬਾਵਜੂਦ ਗੁਰੂ ਜੀ ਦਾ ਸੀਸ ਚੁੱਕੇ ਕੇ ਅਨੰਦਪੁਰ ਸਾਹਿਬ ਲਈ ਰਵਾਨਾ ਹੋ ਗਏ। ਵਿਦਵਾਨਾਂ ਦਾ ਵਿਚਾਰ ਹੈ ਕਿ ਕਿਸੇ ਜਰਨੈਲ ਦੀ ਬਹਾਦਰੀ ਨੂੰ ਕੇਵਲ ਇਸ ਪੈਮਾਨੇ 'ਤੇ ਨਹੀਂ ਦੇਖਣਾ ਚਾਹੀਦਾ ਕਿ ਉਸ ਨੇ ਕਿੰਨੀ ਲੰਮੀ ਪੈਦਲ ਯਾਤਰਾ ਕੀਤੀ, ਸਗੋਂ ਇਹ ਵੇਖਣਾ ਵੀ ਜ਼ਰੂਰੀ ਹੁੰਦਾ ਹੈ ਕਿ ਉਸ ਨੇ ਇਹ ਮੰਜ਼ਿਲ ਤੈਅ ਕਰਨ ਵਿਚ ਕਿੰਨੀਆਂ ਰੁਕਾਵਟਾਂ ਨੂੰ ਪਾਰ ਕੀਤਾ। ਭਾਈ ਜੀਵਨ ਸਿੰਘ ਜੀ ਨੇ ਗੁਰੂ ਜੀ ਦਾ ਸੀਸ ਬਾਲ ਗੋਬਿੰਦ ਰਾਏ (ਗੁਰੂ ਗੋਬਿੰਦ ਸਿੰਘ ਜੀ) ਨੂੰ ਭੇਟ ਕੀਤਾ। ਗੁਰੂ ਜੀ ਨੇ ਭਾਈ ਜੈਤਾ ਜੀ ਨੂੰ ਆਪਣੇ ਗਲ਼ ਲਾ ਕੇ 'ਰੰਘਰੇਟੇ ਗੁਰੂ ਕੇ ਬੇਟੇ' ਕਿਹਾ। ਖ਼ਾਲਸਾ ਪੰਥ ਦੀ ਸਥਾਪਨਾ ਮੌਕੇ ਭਾਈ ਜੈਤਾ ਤੋਂ ਉਹ ਭਾਈ ਜੀਵਨ ਸਿੰਘ ਬਣ ਗਏ। ਭਾਈ ਜੀਵਨ ਸਿੰਘ ਜਿੱਥੇ ਮਹਾਨ ਜਰਨੈਲ ਸਨ, ਉੱਥੇ ਉਹ ਉੱਚ ਕੋਟੀ ਦੇ ਕਵੀ ਵੀ ਸਨ। ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ ਭਾਈ ਜੀਵਨ ਸਿੰਘ ਤੇ ਉਨ੍ਹਾਂ ਦਾ ਪਰਿਵਾਰ ਸਾਰਾ ਜੀਵਨ ਗੁਰੂ ਜੀ ਦੇ ਨਾਲ ਰਿਹਾ। ਭਾਈ ਜੀਵਨ ਸਿੰਘ ਨੇ ਭੰਗਾਣੀ, ਨਦੌਣ, ਹੁਸੈਨੀ, ਲੋਹਗੜ੍ਹ, ਨਿਰਮੋਹਗੜ੍ਹ', ਬਜਰੂੜ, ਅਨੰਦਪੁਰ, ਚਮਕੌਰ ਦੀਆਂ 14 ਲੜਾਈਆਂ 'ਚ ਹਿੱਸਾ ਲਿਆ। ਅਨੰਦਪੁਰ ਸਾਹਿਬ ਦੀ ਲੜਾਈ ਸਮੇਂ ਜਦੋਂ ਗੁਰੂ ਜੀ ਨੂੰ ਅਨੰਦਪੁਰ ਸਾਹਿਬ ਕਿਲ੍ਹਾ ਛੱਡਣਾ ਪਿਆ ਤਾਂ ਭਾਈ ਜੀਵਨ ਸਿੰਘ ਗੁਰੂ ਜੀ ਦੇ ਨਾਲ ਸਨ। ਸਰਸਾ ਨਦੀ ਪਾਰ ਕਰਕੇ ਜਦੋਂ ਗੁਰੂ ਸਾਹਿਬ ਚਮਕੌਰ ਦੀ ਗੜ੍ਹੀ ਪਹੁੰਚੇ ਤਾਂ ਭਾਈ ਜੀਵਨ ਸਿੰਘ ਆਪਣੇ ਭਰਾ ਭਾਈ ਸੰਗਤ ਸਿੰਘ ਸਮੇਤ ਗੁਰੂ ਜੀ ਦੇ ਨਾਲ ਸਨ। ਗੁਰੂ ਜੀ ਨੇ ਸਿੰਘਾਂ ਦੀਆਂ ਵੱਖ-ਵੱਖ ਜਗ੍ਹਾ ਡਿਊਟੀਆਂ ਲਾ ਦਿੱਤੀਆਂ। ਭਾਈ ਕੋਠਾ ਸਿੰਘ, ਭਾਈ ਮਦਨ ਸਿੰਘ (ਦੋਵੇਂ ਮਜ਼੍ਹਬੀ ਸਿੱਖ) ਨੂੰ ਗੜ੍ਹੀ ਦੇ ਦਰਵਾਜ਼ੇ 'ਤੇ ਨਿਯਤ ਕੀਤਾ ਗਿਆ। ਭਾਈ ਜੀਵਨ ਸਿੰਘ ਦੀ ਡਿਊਟੀ ਨਗਾਰੇ ਅਤੇ ਬੰਦੂਕ ਚਲਾਉਣ 'ਤੇ ਲਾਈ ਗਈ। ਭਾਈ ਜੀਵਨ ਸਿੰਘ ਨੇ ਨਗਾਰੇ 'ਤੇ ਚੋਟ ਲਾ ਕੇ ਸਿੱਖ ਯੋਧਿਆਂ ਨੂੰ ਹੱਲਾਸ਼ੇਰੀ ਦਿੱਤੀ ਤੇ ਮੁਗ਼ਲ ਫੌਜਾਂ ਨੂੰ ਵੰਗਾਰ ਦਿੱਤੀ। ਮੁਗ਼ਲ ਫੌਜਾਂ ਗੜ੍ਹੀ ਵੱਲ ਵਧ ਰਹੀਆਂ ਸਨ ਅਤੇ ਗੁਰੂ ਦੇ ਸਿੰਘ ਮੁਗ਼ਲ ਫੌਜਾਂ ਦੀਆਂ ਲੋਥਾਂ ਦੇ ਅੰਬਾਰ ਲਾ ਰਹੇ ਸਨ। ਦੁਸ਼ਮਣਾਂ ਵਿਚ ਹਾਹਾਕਾਰ ਮਚ ਗਈ। ਮੁਗ਼ਲ ਫੌਜ ਸਮਝ ਰਹੀ ਸੀ ਕਿ ਪਤਾ ਨਹੀਂ ਹਜ਼ਾਰਾਂ ਹੀ ਸਿੰਘ ਗੜ੍ਹੀ ਵਿਚ ਹਨ, ਪਰ ਗੁਰੂ ਦੇ ਕੁਝ ਕੁ ਬਹਾਦਰ ਸਿੰਘ ਹੀ ਲੜਾਈ ਵਿਚ ਆਪਣੀ ਬਹਾਦਰੀ ਵਿਖਾ ਰਹੇ ਸਨ। ਭਾਈ ਮਦਨ ਸਿੰਘ, ਕੋਠਾ ਸਿੰਘ ਬਹਾਦਰੀ ਨਾਲ ਦਰਵਾਜ਼ਿਆਂ 'ਤੇ ਲੜ ਰਹੇ ਸਨ । ਭਾਈ ਜੀਵਨ ਸਿੰਘ ਗੜ੍ਹੀ ਦੀ ਉੱਚੀ ਜਗ੍ਹਾ 'ਤੇ ਬੈਠ ਦੋ ਬੰਦੂਕਾਂ ਨਾਲ ਮੁਗ਼ਲਾਂ 'ਤੇ ਗੋਲੀਆਂ ਚਲਾ ਰਹੇ ਸਨ।
ਚਮਕੌਰ ਦੀ ਗੜ੍ਹੀ ਵਿਚ ਜਦੋਂ ਬਹੁਤ ਸਾਰੇ ਸਿੰਘ ਸ਼ਹੀਦ ਹੋ ਗਏ ਅਤੇ ਕੁਝ ਕੁ ਸਿੰਘ ਰਹਿ ਗਏ ਤਾਂ ਪੰਜ ਸਿੰਘਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਹ ਗੜ੍ਹੀ ਛੱਡ ਜਾਣ। ਗੁਰੂ ਜੀ ਨੇ ਪਹਿਲਾਂ ਇਨਕਾਰ ਕੀਤਾ ਪਰ ਆਖਰ ਗੁਰੂ ਜੀ ਨੂੰ ਪੰਜਾਂ ਸਿੰਘਾਂ ਦਾ ਹੁਕਮ ਮੰਨਣਾ ਪਿਆ। ਗੁਰੂ ਜੀ ਦੇ ਗੜ੍ਹੀ ਛੱਡਣ ਉਪਰੰਤ ਭਾਈ ਜੀਵਨ ਸਿੰਘ, ਭਾਈ ਸੰਗਤ ਸਿੰਘ, ਭਾਈ ਸੰਤ ਸਿੰਘ, ਭਾਈ ਰਾਮ ਸਿੰਘ, ਭਾਈ ਕੇਹਰ ਸਿੰਘ ਹੋਰ ਸਿੰਘ ਇੱਥੇ ਹੀ ਰਹੇ। ਜ਼ਿਕਰਯੋਗ ਹੈ ਕਿ ਜਦੋਂ ਮੁਗ਼ਲ ਫ਼ੌਜਾਂ ਨੇ ਅਨੰਦਗੜ੍ਹ ਕਿਲ੍ਹੇ ਨੂੰ ਲਗਭਗ 9 ਮਹੀਨੇ ਘੇਰਾ ਪਾਈ ਰੱਖਿਆ ਤੇ ਬਾਹਰੋਂ ਰਾਸ਼ਨ ਆਦਿ ਬੰਦ ਹੋਣ ਕਾਰਨ ਭੁੱਖ ਨਾ ਸਹਾਰਦੇ ਹੋਏ ਮਾਝੇ ਦੇ 40 ਸਿੰਘ ਮਹਾਂ ਸਿੰਘ ਦੀ ਅਗਵਾਈ 'ਚ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇ ਗਏ ਸਨ। ਉਸ ਸਮੇਂ ਭਾਈ ਜੀਵਨ ਸਿੰਘ ਪਰਿਵਾਰ ਸਮੇਤ ਹੋਰ ਸਿੰਘਾਂ ਨਾਲ ਡਟੇ ਰਹੇ। ਭਾਈ ਜੀਵਨ ਸਿੰਘ ਕਾਫ਼ੀ ਦੇਰ ਬੰਦੂਕ ਚਲਾਉਂਦੇ ਰਹੇ, ਪਰ ਜਦੋਂ ਜ਼ਿਆਦਾ ਸਿੰਘ ਸ਼ਹੀਦ ਹੋ ਗਏ ਤਾਂ ਉਹ ਗੜ੍ਹੀ ਦਾ ਦਰਵਾਜ਼ਾ ਖੋਲ੍ਹ ਕੇ ਕਿਰਪਾਨ ਲੈ ਕੇ ਦੁਸ਼ਮਣਾਂ 'ਤੇ ਟੁੱਟ ਪਏ। ਉਹ ਅਨੇਕਾਂ ਵੈਰੀਆਂ ਦਾ ਘਾਣ ਕਰਦੇ ਹੋਏ 7 ਦਸੰਬਰ 1704 ਈ. ਨੂੰ ਸ਼ਹੀਦੀ ਪ੍ਰਾਪਤ ਕਰ ਗਏ। ਕਈ ਵਿਦਵਾਨ ਉਨ੍ਹਾਂ ਦੇ ਸ਼ਹੀਦ ਹੋਣ ਦੀਆਂ ਹੋਰ ਮਿਤੀਆਂ ਵੀ ਦੱਸਦੇ ਹਨ। ਇਸ ਤਰ੍ਹਾਂ ਭਾਈ ਜੀਵਨ ਸਿੰਘ ਨੇ ਆਪਣੇ ਗੁਰੂ ਦਾ ਹੁਕਮ ਮੰਨ ਕੇ ਗੁਰੂ ਦੇ ਬਚਨ ਨੂੰ ਪੂਰਾ ਕੀਤਾ ਅਤੇ ਸਿੱਖ ਇਤਿਹਾਸ ਨੂੰ ਰੌਸ਼ਨ ਕੀਤਾ। ਰਹਿੰਦੀ ਦੁਨੀਆ ਤੱਕ ਉੁਸ ਮਹਾਨ ਯੋਧੇ ਦਾ ਨਾਂਅ ਸੁਨਹਿਰੀ ਅੱਖਰਾਂ 'ਚ ਉੱਕਰਿਆ ਰਹੇਗਾ।

-ਪਟਿਆਲਾ। ਮੋਬਾ : 99888-61313

Ad Position 22
No active advertisement
ਪਿਛਲੀ ਖ਼ਬਰ ਸਿੱਖ ਪੰਥ ਦਾ ਅਨਮੋਲ ਹੀਰਾ ਸੀ ਗੁਰਮੀਤ ਸਿੰਘ ਮੁਕਤਸਰ ਅਗਲੀ ਖ਼ਬਰ ਵਿਸ਼ਵ ਲਈ ਚਾਨਣ ਮੁਨਾਰਾ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ
Ad Position 24