05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਸਿੱਖ ਪੰਥ ਦਾ ਅਨਮੋਲ ਹੀਰਾ ਸੀ ਗੁਰਮੀਤ ਸਿੰਘ ਮੁਕਤਸਰ

Ad Position 21
repet_subhas-goyals [Copy P29]
ਅਜੀਤ ਡੈਸਕ 08-12-2025

ਸਿੱਖ ਪੰਥ ਦਾ ਨਿਧੜਕ ਨੇਤਾ, ਲਿਖਾਰੀ, ਉੱਚ-ਕੋਟੀ ਦਾ ਬੁਲਾਰਾ, ਆਲ ਇੰਡੀਆ ਸਿੱਖ ਸਟੂਡੈਂਟ ਫੈੱਡਰੇਸ਼ਨ ਦੇ ਮੋਢੀਆਂ ਵਿਚੋਂ ਇਕ ਗੁਰਮੀਤ ਸਿੰਘ 'ਬਰਾੜ' ਦਾ ਜਨਮ 24 ਅਕਤੂਬਰ, 1928 ਈ. ਪਿਤਾ ਸ. ਅਜੀਤ ਸਿੰਘ ਅਤੇ ਮਾਤਾ ਬੀਬੀ ਗੁਲਾਬ ਕੌਰ ਕੋਟਫੱਤਾ ਦੇ ਗ੍ਰਹਿ ਮੁਕਤਸਰ ਸਾਹਿਬ ਵਿਖੇ ਹੋਇਆ। ਉਨ੍ਹਾਂ ਨੇ ਬਰਜਿੰਦਰਾ ਕਾਲਜ ਫ਼ਰੀਦਕੋਟ ਤੋਂ ਬੀ.ਏ. ਕਰਕੇ ਦਿੱਲੀ ਯੂਨੀਵਰਸਿਟੀ ਤੋਂ 1954 ਈ. 'ਚ ਲਾਅ ਦੀ ਡਿਗਰੀ ਪ੍ਰਾਪਤ ਕੀਤੀ। ਉਹ ਵਿਦਿਆਰਥੀ ਜੀਵਨ ਸਮੇਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੈਂਬਰ ਬਣੇ ਅਤੇ ਬਹੁਤ ਛੇਤੀ ਹੀ ਵਿਦਿਆਰਥੀਆਂ ਦੇ ਹਰਮਨ-ਪਿਆਰੇ ਨੇਤਾ ਬਣ ਗਏ। ਜਿਸ ਸਮੇਂ ਡਾ. ਜਸਵੰਤ ਸਿੰਘ ਨੇਕੀ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਪਹਿਲਾ ਗੁਰਮਤਿ ਟ੍ਰੇਨਿੰਗ ਕੈਂਪ ਅਕਤੂਬਰ 1949 ਈ. ਨੂੰ ਪਾਉਂਟਾ ਸਾਹਿਬ ਵਿਖੇ ਲਗਾਇਆ ਤਾਂ ਗੁਰਮੀਤ ਸਿੰਘ ਮੁਕਤਸਰ ਉਸ ਕੈਂਪ ਦੇ ਇਕ ਸਿੱਖਿਆਰਥੀ ਸਨ। ਇਸ ਤੋਂ ਬਾਅਦ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ਗੁਰਮਤਿ ਟ੍ਰੇਨਿੰਗ ਕੈਂਪਾਂ ਦੀ ਰਵਾਇਤ ਤੁਰ ਪਈ। ਪਾਉਂਟਾ ਸਾਹਿਬ ਕੈਂਪ ਵਿਚ ਤਿਆਰ ਹੋਏ ਪ੍ਰਬੰਧਕਾਂ ਨੇ ਫੈਡਰੇਸ਼ਨ ਦੀਆਂ ਅਨੇਕਾਂ ਨਵੀਆਂ ਸ਼ਾਖਾਵਾਂ ਪੰਜਾਬ ਅਤੇ ਪੰਜਾਬ ਤੋਂ ਬਾਹਰ ਕਾਇਮ ਕੀਤੀਆਂ। ਪਾਉਂਟਾ ਸਾਹਿਬ 40 ਸਿੱਖਿਆਰਥੀਆਂ ਨੇ ਭਾਗ ਲਿਆ ਅਤੇ ਉਸ ਕੈਂਪ ਦੇ ਸਾਰੇ ਸਿੱਖਿਆਰਥੀਆਂ ਨੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਨਾਮਣਾ ਖੱਟਿਆ। ਜਦੋਂ ਮਾਸਟਰ ਤਾਰਾ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਵਰਕਿੰਗ ਕਮੇਟੀ ਚੁਣੀ ਤਾਂ ਉਸ ਵਿਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਚਾਰ ਮੈਂਬਰ ਲਏ ਗਏ, ਜਿਨ੍ਹਾਂ ਵਿਚ ਸ. ਸਰੂਪ ਸਿੰਘ, ਸ. ਅਮਰ ਸਿੰਘ ਅੰਬਾਲਵੀ, ਸ. ਗੁਰਮੀਤ ਸਿੰਘ ਅਤੇ ਡਾ. ਜਸਵੰਤ ਸਿੰਘ ਨੇਕੀ ਸਨ।
ਸ. ਗੁਰਮੀਤ ਸਿੰਘ 1951-52 ਵਿਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਬਣੇ ਅਤੇ 1951 ਤੋਂ 1955 ਤੱਕ ਸ਼੍ਰੋਮਣੀ ਅਕਾਲੀ ਦਲ ਦੀ ਕਾਰਜਕਾਰਨੀ ਦੇ ਮੈਂਬਰ ਅਤੇ ਸਲਾਹਕਾਰ ਰਹੇ। ਸ. ਗੁਰਮੀਤ ਸਿੰਘ 1954-56 ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਬਣੇ।
ਇਲਾਕੇ ਵਿਚ ਗੁਰਮੀਤ ਸਿੰਘ ਦੇ ਰਾਜਨੀਤਕ ਜੀਵਨ ਦਾ ਆਰੰਭ 1954 ਈ. ਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਾਲ ਹੋਇਆ। ਉਨ੍ਹਾਂ ਨੇ ਇਲਾਕੇ ਦੇ ਬਹੁਤ ਵੱਡੇ ਸਰਮਾਏਦਾਰ ਹਰਚਰਨ ਸਿੰਘ 'ਬਰਾੜ' ਨੂੰ ਅਕਾਲੀ ਦਲ ਦੇ ਇਕ ਛੋਟੇ ਜਿਹੇ ਵਰਕਰ ਸੰਪੂਰਨ ਸਿੰਘ ਬੜਿੰਗ ਤੋਂ ਗੁਰਦੁਆਰਾ ਚੋਣਾਂ ਵਿਚ ਕਰਾਰੀ ਹਾਰ ਦਿਵਾਈ। ਸ. ਗੁਰਮੀਤ ਸਿੰਘ ਪਹਿਲੀ ਵਾਰ 1960 ਈ. ਨੂੰ ਹਲਕਾ ਬਾਘਾਪੁਰਾਣਾ ਤੋਂ ਵਿਧਾਇਕ ਚੁਣੇ ਗਏ। 1962, 1967 ਅਤੇ 1969 ਈ. 'ਚ ਉਹ ਮਲੋਟ ਹਲਕੇ ਤੋਂ ਵਿਧਾਇਕ ਚੁਣੇ ਗਏ। 1965-66 ਵਿਚ ਉਹ ਸਿੰਜਾਈ ਤੇ ਵਿਕਾਸ ਦੇ ਡਿਪਟੀ ਮੰਤਰੀ 1967 ਈ. ਨੂੰ ਸਾਂਝੇ ਫਰੰਟ ਵਿਚ ਪੀ.ਡਬਲਿਊ.ਡੀ. ਵਿਭਾਗ ਦੇ ਮੰਤਰੀ, 1970 ਵਿਚ ਫੂਡ ਐਂਡ ਸਪਲਾਈ ਮੰਤਰੀ, 1969 ਈ. ਨੂੰ ਅਕਾਲੀ ਪਾਰਟੀ ਦੇ ਚੀਫ਼ ਵਿਪ ਬਣੇ। ਇਸੇ ਤਰ੍ਹਾਂ 1969-70 ਵਿਚ ਚੀਫ਼ ਪਾਰਲੀਮੈਂਟਰੀ ਸਕੱਤਰ ਬਣੇ।
ਸੰਨ 1971 ਈ. ਦੀਆਂ ਆਮ ਚੋਣਾਂ ਸਮੇਂ ਸ੍ਰੀ ਮੁਕਤਸਰ ਸਾਹਿਬ ਹਲਕੇ ਦੇ ਦੋ ਵੱਡੇ ਸਿਆਸੀ ਸਰਮਾਏਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਹਰਚਰਨ ਸਿੰਘ ਬਰਾੜ ਦਾ ਸਮਝੌਤਾ ਹੋ ਗਿਆ ਤਾਂ ਇਕ ਸਾਜਿਸ਼ ਅਧੀਨ ਉਨ੍ਹਾਂ ਵਲੋਂ ਯੋਜਨਾ ਬਣਾ ਕੇ ਗੁਰਮੀਤ ਸਿੰਘ ਨੂੰ ਹਰਾਇਆ ਗਿਆ। ਇਹੀ ਘਟਨਾ 1977 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ੍ਰੀ ਮੁਕਤਸਰ ਸਾਹਿਬ ਵਿਚ ਵਾਪਰੀ। ਇਹ ਚੋਣਾਂ ਐਮਰਜੈਂਸੀ ਤੋਂ ਬਾਅਦ ਲੜੀਆਂ ਜਾ ਰਹੀਆਂ ਸਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿਚ ਲਹਿਰ ਚੱਲ ਰਹੀ ਸੀ, ਜਿਸ ਦੌਰਾਨ ਆਮ ਵਰਕਰ ਵਿਧਾਇਕ ਬਣ ਗਏ ਪਰ ਇਕ ਪੰਥਕ ਬੁਲਾਰੇ, ਪੰਥ ਦੇ ਹੀਰੇ ਨੂੰ ਜਾਣ ਬੁੱਝ ਕੇ ਹਰਾਇਆ ਗਿਆ।
ਸ. ਗੁਰਮੀਤ ਸਿੰਘ ਨੇ ਸਾਰੀ ਉਮਰ ਸਿੱਖੀ ਦੀਆਂ ਸ਼ਾਨਦਾਰ ਰਵਾਇਤਾਂ ਨੂੰ ਅਪਣਾਇਆ ਅਤੇ ਪ੍ਰਚਾਰਿਆ। ਉਨ੍ਹਾਂ ਦੇ ਅੰਦਰਲੀ ਵਿਦਵਤਾ ਉਨ੍ਹਾਂ ਦੀਆਂ ਲਿਖਤਾਂ, ਬੋਲੀ ਅਤੇ ਸ਼ਖ਼ਸੀਅਤ ਤੋਂ ਹੀ ਪ੍ਰਤੱਖ ਨਜ਼ਰ ਆਉਂਦੀ ਸੀ। ਜਿਸ ਪੰਥਕ ਇਕੱਠ ਵਿਚ ਉਨ੍ਹਾਂ ਦਾ ਭਾਸ਼ਨ ਹੁੰਦਾ ਸੀ ਤਾਂ ਲੋਕਾਂ ਦੀ ਮੰਗ ਹੁੰਦੀ ਸੀ ਕਿ ਉਨ੍ਹਾਂ ਨੂੰ ਵੱਧ ਤੋਂ ਵੱਧ ਸਮਾਂ ਦਿੱਤਾ ਜਾਵੇ। ਪੰਥਕ ਸੇਵਾ ਉਨ੍ਹਾਂ ਦੇ ਰੋਮ-ਰੋਮ ਵਿਚ ਰਚੀ ਹੋਈ ਸੀ। ਸ. ਗੁਰਮੀਤ ਸਿੰਘ ਨੇ ਹਜ਼ਾਰਾਂ ਨੌਜਵਾਨਾਂ ਨੂੰ ਨਿਰਾਸ਼ਤਾ ਦੇ ਹਨੇਰੇ ਵਿਚੋਂ ਕੱਢ ਕੇ ਸਵੈ-ਭਰੋਸੇ, ਚੰਗੇਰਾ ਜੀਵਨ ਤੇ ਸਿੱਖੀ ਅਸੂਲਾਂ ਲਈ ਸੰਘਰਸ਼ ਕਰਨ ਦੀ ਪ੍ਰੇਰਨਾ ਦਿੱਤੀ। ਉਹ ਸਿੱਖ ਪੰਥ ਦੀ ਚਲਦੀ-ਫਿਰਦੀ ਸਿੱਖ ਯੂਨੀਵਰਸਿਟੀ ਸਨ। ਉਨ੍ਹਾਂ ਨੇ ਅਕਾਲੀ ਮੋਰਚਿਆਂ ਵਿਚ ਜੇਲ੍ਹਾਂ ਵੀ ਕੱਟੀਆਂ ਅਤੇ ਹਰ ਤਰ੍ਹਾਂ ਦੀ ਕੁਰਬਾਨੀ ਦਿੱਤੀ।
ਉਹ ਆਪਣੀ ਪਾਰਟੀ ਦੇ ਵਫ਼ਾਦਾਰ ਸਿਪਾਹੀ ਸਨ। ਇਕ ਵਾਰ ਜਦੋਂ ਪੰਥਕ ਉਮੀਦਵਾਰ ਦੇ ਹੱਕ ਵਿਚ ਸ੍ਰੀ ਮੁਕਤਸਰ ਸਾਹਿਬ ਜਲਸੇ ਵਿਖੇ ਭਾਸ਼ਨ ਦੇ ਰਹੇ ਸਨ ਤਾਂ ਉਨ੍ਹਾਂ ਨੂੰ ਹਲਕਾ ਜਿਹਾ ਦਿਲ ਦਾ ਦੌਰਾ ਪੈਣ 'ਤੇ ਅੰਮ੍ਰਿਤਸਰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਅਖੀਰ ਪੰਥ ਦਰਦੀ, ਉੱਚੀ ਸੋਚ ਦੇ ਮਾਲਕ, ਸ. ਗੁਰਮੀਤ ਸਿੰਘ ਬਰਾੜ (ਪਿਤਾ ਸ. ਜਗਮੀਤ ਸਿੰਘ ਬਰਾੜ) 5 ਦਸੰਬਰ, 1977 ਈ. ਨੂੰ ਇਸ ਸੰਸਾਰ ਤੋਂ ਕੂਚ ਕਰ ਗਏ।

-ਬਠਿੰਡਾ।
ਮੋਬਾਈਲ : 98155-33725

Ad Position 22
No active advertisement
ਪਿਛਲੀ ਖ਼ਬਰ ਗੁਰੂ ਤੇਗ਼ ਬਹਾਦਰ ਸਾਹਿਬ ਦੀਆਂ ਯਾਤਰਾਵਾਂ ਅਗਲੀ ਖ਼ਬਰ ਮਹਾਨ ਯੋਧੇ ਸਨ ਭਾਈ ਜੈਤਾ ਜੀ
Ad Position 24