(ਲੜੀ ਜੋੜਨ ਲਈ ਪਿਛਲੇ ਸੋਮਵਾਰ ਦਾ ਅੰਕ ਦੇਖੋ)
ਇਸ ਤਰ੍ਹਾਂ ਦੇ ਹਾਲਾਤਾਂ ਵਿਚ ਗੁਰੂ ਸਾਹਿਬ ਬਿਆਸ ਤੋਂ ਲੈ ਕੇ ਬ੍ਰਹਮ ਪੁੱਤਰਾ ਤੱਕ ਨਿਰਭੈਤਾ ਤੇ ਦ੍ਰਿੜ੍ਹਤਾ ਦਾ ਸੰਦੇਸ਼ ਦਿੰਦੇ ਥਾਂ-ਥਾਂ ਪਹੁੰਚੇ। ਅਜਿਹੇ ਸਮੇਂ ਜਦੋਂ ਕਿ ਬਾਦਸ਼ਾਹ ਗ਼ੈਰ-ਮੁਸਲਮਾਨਾਂ ਦੇ ਮੰਦਰ, ਵਿਦਿਅਕ ਕੇਂਦਰ ਤੇ ਹਰ ਰਸਮ ਰਿਵਾਜ ਨੂੰ ਮੇਟਣ ਉਤੇ ਤੁਲਿਆ ਹੋਵੇ ਤੇ ਕੋਈ ਬਾਹੁੜੀ ਕਰਨ ਵਾਲਾ ਨਾ ਹੋਵੇ ਤਾਂ ਗੁਰੂ ਸਾਹਿਬ ਦਾ ਥਾਂ-ਥਾਂ ਪਹੁੰਚ ਕੇ ਲੋਕਾਂ ਨੂੰ ਹੌਸਲਾ ਦੇਣਾ ਇਕ ਖਾਸ ਅਰਥ ਰੱਖਦਾ ਸੀ। ਇਹੋ ਗੱਲ ਔਰੰਗਜ਼ੇਬ ਦੇ ਮਨ ਨੂੰ ਜ਼ਿਆਦਾ ਪ੍ਰੇਸ਼ਾਨ ਕਰ ਰਹੀ ਸੀ ਕਿ ਸ਼ਾਹੀ ਫੁਰਮਾਨ ਦੇ ਸਾਹਮਣੇ ਕੌਣ ਰੋਕ ਬਣ ਰਿਹਾ ਹੈ ਤੇ ਕੌਣ ਜਨਤਾ ਨੂੰ ਨਿਰਭੈ ਹੋਣ ਦਾ ਸਬਕ ਪੜ੍ਹਾ ਰਿਹਾ ਹੈ। ਗੁਰੂ ਦਾ ਸੰਦੇਸ਼ ਸੀ:
ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨ॥
ਕਹੁ ਨਾਨਕ ਸੁਨ ਰੇ ਮਨਾ ਗਿਆਨੀ ਤਾਹਿ ਬਖਾਨ॥
ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ (ਭੱਟ ਵਹੀਆਂ ਦੇ ਆਧਾਰ 'ਤੇ) ਗੁਰੂ ਬਣਨ ਤੋਂ ਪਹਿਲਾਂ ਇਹ ਯਾਤਰਾ ਕੀਤੀ। ਗੁਰਿਆਈ ਮਿਲਣ ਪਿਛੋਂ ਗੁਰੂ ਸਾਹਿਬ ਨੇ ਪੂਰਬ ਦੇ ਦੇਸ਼ਾਂ ਦਾ ਦੌਰਾ ਕੀਤਾ। ਇਹ ਜ਼ਰੂਰ ਅਨੰਦਪੁਰ ਸਾਹਿਬ ਤੋਂ ਆਰੰਭ ਹੋਇਆ ਤੇ ਗੁਰੂ ਸਾਹਿਬ ਪਟਨਾ, ਢਾਕਾ, ਆਸਾਮ ਆਦਿ ਦੂਰ-ਦੂਰ ਦੇ ਅਸਥਾਨਾਂ ਤੋਂ ਹੋ ਕੇ ਅਨੰਦਪੁਰ ਸਾਹਿਬ ਵਾਪਸ ਪਰਤੇ।
ਗੁਰੂ ਸਾਹਿਬ ਦਾ ਅਖੀਰਲਾ ਲੰਮਾ ਸਫਰ ਮਾਲਵਾ ਦੇਸ਼ ਦਾ ਰਟਨ ਸੀ।
ਗੁਰੂ ਤੇਗ਼ ਬਹਾਦਰ ਜੀ ਅਨੰਦਪੁਰ ਸਾਹਿਬ ਤੋਂ ਚੱਲ ਕੇ ਕੀਰਤਪੁਰ, ਦਾਦੂ ਮਾਜਰਾ, ਨੋਲੱਖਾ, ਉਗਾਣੀ, ਟਹਲਪੁਰ ਇਥੋਂ ਗੁਰੂ ਜੀ ਸੈਫ਼ ਖਾਂ ਕੋਲ ਆਏ, ਨਗਰ ਸੈਫਾਬਾਦ, ਮੌਜੂਦਾ ਬਹਾਦਰਗੜ੍ਹ (ਪਟਿਆਲਾ ਦੇ ਨੇੜੇ) ਇਥੋਂ ਗੁਰੂ ਜੀ ਦੱਖਣ ਵੱਲ ਜਾਂਦੇ ਹੋਏ ਕੈਥਲ, ਪਿਹੋਵਾ ਤੋਂ ਬਾਰਨੇ ਪਹੁੰਚੇ। ਇਥੋਂ ਕੁਰੂਕਸ਼ੇਤਰ, ਬਣੀ ਬੱਦਰਪੁਰ, ਕੜਾਮਾਨਕਪੁਰ, ਮਥਰਾ, ਆਗਰੇ ਤੋਂ ਏਟਵਾ, ਪਰਯਾਗ (ਅੱਜਕਲ੍ਹ ਇਲਾਹਾਬਾਦ), ਗੁਰੂ ਜੀ ਇਥੋਂ ਮਿਰਜ਼ਾਪੁਰ ਪਹੁੰਚੇ, ਇਥੋਂ ਬਨਾਰਸ ਪਹੁੰਚੇ, ਬਨਾਰਸ ਦੀ ਸੰਗਤ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਪ੍ਰਸਿੱਧ ਸੀ। ਗੁਰੂ ਸਾਹਿਬ ਜਦੋਂ ਬਨਾਰਸ ਆਏ ਤਾਂ ਗੁਰੂ ਸਾਹਿਬ ਨੇ ਰਾਜਪੂਤਾਂ ਵਾਲਾ ਚੋਲਾ ਪਾਇਆ ਹੋਇਆ ਸੀ। ਗੁਰੂ ਜੀ ਦਾ ਇਹ ਚੋਲਾ ਗੁਰਦੁਆਰਾ ਵੱਡੀ ਸੰਗਤ ਵਿਚ ਮੌਜੂਦ ਹੈ। ਭਾਈ ਕਾਨ੍ਹ ਸਿੰਘ ਅਨੁਸਾਰ ਗੁਰੂ ਜੀ ਇਥੇ ਸੱਤ ਮਹੀਨੇ ਤੇਰਾਂ ਦਿਨ ਠਹਿਰੇ। ਬਨਾਰਸ ਤੋਂ ਗੁਰੂ ਜੀ ਅੱਗੇ ਚੱਲ ਪਏ ਅਤੇ ਅੱਗੇ ਜਾ ਕੇ ਡੇਰਾ ਸਸਰਾਮ ਕੀਤਾ। ਸਸਰਾਮ ਤੋਂ ਗੁਰੂ ਜੀ ਯੁੱਧ ਗਯਾ ਤੇ ਫਿਰ ਇਥੋਂ ਚੱਲ ਕੇ ਪਟਨੇ ਪਹੁੰਚੇ।
ਪਟਨਾ ਤੋਂ ਗੁਰੂ ਸਾਹਿਬ ਗੰਗਾ ਨਦੀ ਦੇ ਨਾਲ ਪੂਰਬ ਨੂੰ ਤੁਰ ਪਏ ਅਤੇ ਪਹਿਲਾ ਪੜਾਅ ਬਾਢ ਸਥਾਨ 'ਤੇ ਕੀਤਾ, ਇਥੋਂ ਮੁੰਗੇਰ, ਭਾਗਲਪੁਰ, ਕੰਤ ਨਗਰ, ਮਾਲਦਾ, ਮਕਸੂਦਾਬਾਦ (ਢਾਕਾ), ਢਾਕੇ ਤੋਂ ਗੁਰੂ ਜੀ ਸੋਨ ਦੀਵ, ਚਿਟਾਗਾਂਗ, ਸਿਲਹਿਟ 'ਤੇ ਵੀ ਗਏ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਵਲੋਂ ਢਾਕੇ ਤੋਂ ਪਟਨੇ ਦੀ ਸੰਗਤ ਨੂੰ ਭੇਜੇ ਗਏ ਇਕ ਹੁਕਮਨਾਮ ਤੋਂ ਪਤਾ ਲਗਦਾ ਹੈ ਕਿ ਗੁਰੂ ਜੀ ਢਾਕੇ ਤੋਂ ਅੱਗੇ ਹੋਰ ਸਥਾਨਾਂ 'ਤੇ ਵੀ ਗਏ ਅਤੇ ਹਰ ਇਕ ਥਾਂ ਸਿੱਖ ਸੰਗਤ ਨੂੰ ਦੁਬਾਰਾ ਜਥੇਬੰਦ ਕੀਤਾ।
ਗੁਰੂ ਜੀ ਬੰਗਾਲ ਤੋਂ ਆਸਾਮ ਵੱਲ ਤੁਰ ਪਏ। ਧੂਬੜੀ ਨਗਰ ਜੋ ਆਸਾਮ ਵਿਚ ਬ੍ਰਹਮਪੁੱਤਰ ਨਦੀ ਦੇ ਨੇੜੇ ਹੈ, ਗੁਰੂ ਸਾਹਿਬ ਇਥੇ 1723 ਬਿ. ਨੂੰ ਆਏ ਸਨ। ਉਸ ਵੇਲੇ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਰਾਜਾ ਰਾਮ ਸਿੰਘ ਨੂੰ ਕਾਮਰੂਪ (ਆਸਾਮ) ਦੇ ਰਾਜਾ ਪ੍ਰਣਪਾਲ ਉੱਪਰ ਚੜ੍ਹਾਈ ਕਰਨ ਦਾ ਹੁਕਮ ਦਿੱਤਾ ਹੋਇਆ ਸੀ। ਪਰ ਇਸ ਇਲਾਕੇ ਵਿਚ ਕਥਿਤ ਜਾਦੂ ਦਾ ਜ਼ੋਰ, ਪਹਾੜ 'ਤੇ ਸੰਘਣੇ ਜੰਗਲਾਂ ਕਰਕੇ ਕੋਈ ਹਮਲਾਵਰ ਹਮਲਾ ਕਰਨ ਤੋਂ ਝਿਜਕਦਾ ਸੀ। ਰਾਜਾ ਰਾਮ ਸਿੰਘ ਆਪਣੀ ਫ਼ੌਜ ਨਾਲ ਇਥੇ ਆਉਣ ਤੋਂ ਪਹਿਲਾਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਮਿਲਿਆ ਅਤੇ ਉਸ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਉਸ ਨਾਲ ਆਸਾਮ ਚੱਲਣ। ਗੁਰੂ ਤੇਗ਼ ਬਹਾਦਰ ਜੀ ਨੇ ਉਸ ਦੀ ਬੇਨਤੀ ਪ੍ਰਵਾਨ ਕੀਤੀ ਅਤੇ ਉਹ ਇਥੇ ਕਾਮਰੂਪ ਦੇ ਇਲਾਕੇ ਵਿਚ ਢਾਕੇ ਤੋਂ ਪਹੁੰਚੇ। ਸਥਾਨਕ ਰਵਾਇਤ ਅਨੁਸਾਰ ਜਾਦੂਗਰਨੀ ਧੋਬਣ ਨੇ ਆਪਣੇ ਜਾਦੂ ਦੀ ਤਾਕਤ ਵਿਖਾਈ ਅਤੇ ਕਈ ਵਾਰ ਕੀਤੇ ਪਰ ਸਭ ਅਸਫਲ ਰਹੇ। ਅਖ਼ੀਰ ਉਹ ਗੁਰੂ ਤੇਗ਼ ਬਹਾਦਰ ਜੀ ਦੀ ਸ਼ਰਨ ਆ ਗਈ ਅਤੇ ਜ਼ਿੰਦਗੀ ਦਾ ਸਹੀ ਮਕਸਦ ਸਮਝਿਆ। ਗੁਰੂ ਜੀ ਦੋਵਾਂ ਵਿਰੋਧੀ ਫ਼ੌਜਾਂ ਵਿਚ ਸੁਲਾਹ ਕਰਵਾ ਦਿੱਤੀ ਅਤੇ ਇਸ ਤਰ੍ਹਾਂ ਭਾਰੀ ਖ਼ੂਨ ਖਰਾਬਾ ਹੋਣ ਤੋਂ ਬਚ ਗਿਆ। ਗੁਰੂ ਤੇਗ਼ ਬਹਾਦਰ ਸਾਹਿਬ ਜੀ ਕੁਝ ਸਮਾਂ ਆਸਾਮ ਰਹੇ ਤੇ ਫਿਰ ਪਟਨਾ ਸਾਹਿਬ ਤੋਂ ਹੁੰਦੇ ਹੋਏ ਵਾਪਸ ਆਨੰਦਪੁਰ ਸਾਹਿਬ ਪਹੁੰਚ ਗਏ।
(ਬਾਕੀ ਅਗਲੇ ਸੋਮਵਾਰ ਦੇ ਅੰਕ 'ਚ)
ਗੁਰੂ ਤੇਗ਼ ਬਹਾਦਰ ਸਾਹਿਬ ਦੀਆਂ ਯਾਤਰਾਵਾਂ
ਅਜੀਤ ਡੈਸਕ
08-12-2025