06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਖੇਡ ਖੇਤਰ 'ਚ ਨਾਰੀ ਸ਼ਕਤੀ ਦਾ ਰਿਹਾ ਸਾਲ 2025

Ad Position 21
No active advertisement
ਅਜੀਤ ਡੈਸਕ 23-12-2025

ਭਾਰਤੀ ਮਹਿਲਾ ਕ੍ਰਿਕਟ ਨੂੰ ਨਵੀਂ ਪ੍ਰੀਭਾਸ਼ਾ ਦੇਣ ਵਾਲਾ ਪਲ 2 ਨਵੰਬਰ 2025 ਨੂੰ ਆਇਆ ਜਦ ਭਾਰਤ ਨੇ ਮਹਿਲਾ ਵਿਸ਼ਵ ਕੱਪ ਦੇ ਫਾਈਨਲ 'ਚ ਦੱਖਣੀ ਅਫਰੀਕਾ ਨੂੰ ਹਰਾ ਕੇ ਪਹਿਲੀ ਵਾਰ ਇਹ ਖ਼ਿਤਾਬ ਆਪਣੇ ਨਾਂਅ ਕੀਤਾ ਸੀ। ਇਹ ਸਫ਼ਲਤਾ ਭਾਰਤ ਦੀ ਕ੍ਰਿਕਟ ਯਾਤਰਾ 'ਚ ਮੀਲ ਪੱਥਰ ਸਾਬਤ ਹੋਈ ਹੈ। ਲੀਗ ਸਟੇਜ 'ਚ ਤਿੰਨ ਮੈਚ ਹਾਰਨ 'ਤੇ ਲੱਗ ਰਿਹਾ ਸੀ ਕਿ ਸਾਡੀ ਟੀਮ ਸੈਮੀਫਾਈਨਲ 'ਚ ਨਹੀਂ ਪਹੁੰਚ ਸਕੇਗੀ ਪਰ ਉਸ ਤੋਂ ਬਾਅਦ ਜੋ ਟੀਮ ਨੇ ਦਮਦਾਰ ਜੋਸ਼ ਤੇ ਜਜ਼ਬੇ ਦਾ ਪ੍ਰਦਰਸ਼ਨ ਕੀਤਾ ਵਿਸ਼ੇਸ਼ ਕਰਕੇ ਸੈਮੀਫਾਈਨਲ 'ਚ 7 ਵਾਰ ਦੀ ਚੈਂਪੀਅਨ ਆਸਟ੍ਰੇਲੀਆ ਖ਼ਿਲਾਫ਼ 339 ਦੌੜਾਂ ਦਾ ਟੀਚਾ ਹਾਸਲ ਕੀਤਾ ਤਾਂ ਇਹ ਉਮੀਦ ਮਜ਼ਬੂਤ ਹੋ ਗਈ ਭਾਰਤ ਆਪਣਾ ਪਹਿਲਾ ਮਹਿਲਾ ਵਿਸ਼ਵ ਕੱਪ ਦਾ ਖ਼ਿਤਾਬ ਉਠਾ ਲਵੇਗਾ। ਹੋਇਆ ਵੀ ਇਸੇ ਤਰ੍ਹਾਂ ਜਦ ਫਾਈਨਲ 'ਚ ਭਾਰਤ ਨੇ ਦੱਖਣੀ ਅਫਰੀਕਾ ਨੂੰ 52 ਦੌੜਾਂ ਦੇ ਫ਼ਰਕ ਨਾਲ ਹਰਾ ਕੇ ਆਪਣੇ ਸੁਪਨੇ ਨੂੰ ਹਕੀਕਤ ਵਿਚ ਬਦਲ ਦਿੱਤਾ। ਦਰਅਸਲ ਇਸ ਕਾਮਯਾਬੀ ਦੀ ਨੀਂਹ ਉਸ ਸਮੇਂ ਹੀ ਰੱਖ ਦਿੱਤੀ ਗਈ ਸੀ ਜਦ ਇਸੇ ਸਾਲ ਦੇ ਇੰਗਲੈਂਡ ਦੌਰੇ 'ਤੇ ਭਾਰਤੀ ਖਿਡਾਰਨਾਂ ਨੇ ਪਹਿਲੀ ਵਾਰ ਟੀ-20 ਲੜੀ 'ਚ ਇੰਗਲੈਂਡ ਨੂੰ 3-2 ਨਾਲ ਮਾਤ ਦਿੱਤੀ ਸੀ। ਭਾਰਤ ਦੀ ਪੁਰਸ਼ ਟੀਮ ਨੇ ਵੀ ਇਸੇ ਸਾਲ 9 ਮਾਰਚ ਨੂੰ ਦੁਬਈ 'ਚ ਰੋਹਿਤ ਸ਼ਰਮਾ ਦੀ ਕਪਤਾਨੀ ਵਿਚ ਚੈਂਪੀਅਨਜ਼ ਟਰਾਫੀ ਆਪਣੇ ਨਾਂਅ ਕੀਤੀ ਸੀ।
ਨਵੰਬਰ 2025 'ਚ ਹੀ ਭਾਰਤੀ ਦੀਆਂ ਧੀਆਂ ਨੇ ਕੋਲੰਬੋ (ਸ੍ਰੀਲੰਕਾ) ਵਿਖੇ ਖੇਡੇ ਗਏ ਪਹਿਲੇ ਟੀ-20 ਵਿਸ਼ਵ ਕੱਪ (ਬਲਾਈਂਡ) ਨੂੰ ਫਾਈਨਲ 'ਚ ਨਿਪਾਲ ਨੂੰ 7 ਵਿਕਟਾਂ ਨਾਲ ਹਰਾ ਕੇ ਜਿੱਤਿਆ। ਵਿਸ਼ਵ ਮੁੱਕੇਬਾਜ਼ੀ ਕੱਪ ਜੋ ਗ੍ਰੇਟਰ ਨੋਇਡਾ ਵਿਖੇ ਇਸੇ ਸਾਲ 14 ਤੋਂ 20 ਨਵੰਬਰ ਤੱਕ ਚੱਲਿਆ, ਵਿਚ ਭਾਰਤ ਨੇ ਸਾਰੀਆਂ 20 ਸ਼੍ਰੇਣੀਆਂ 'ਚ ਆਪਣੇ ਮੁੱਕੇਬਾਜ਼ਾਂ (ਪੁਰਸ਼ ਤੇ ਮਹਿਲਾਵਾਂ) ਨੂੰ ਰਿੰਗ 'ਚ ਉਤਾਰਿਆ ਤੇ 20 ਤਗਮੇ ਜਿੱਤ ਕੇ ਰਿਕਾਰਡ ਕਾਇਮ ਕੀਤਾ, ਜਿਨ੍ਹਾਂ 'ਚ 9 ਸੋਨੇ ਦੇ, 6 ਚਾਂਦੀ ਦੇ ਤੇ 5 ਕਾਂਸੀ ਦੇ ਤਗਮੇ ਸ਼ਾਮਿਲ ਹਨ। ਵੱਡੀ ਗੱਲ ਇਹ ਹੈ ਕਿ 9 ਸੋਨ ਤਗਮਿਆਂ 'ਚੋਂ 7 ਭਾਰਤੀ ਮਹਿਲਾ ਮੁੱਕੇਬਾਜ਼ਾਂ ਨੇ ਜਿੱਤੇ ਹਨ।
ਹਾਲਾਂਕਿ ਗੁਕੇਸ਼, ਪ੍ਰਗਿਆਨੰਦਾ ਜਾਂ ਅਰਜੁਨ 'ਚੋਂ ਕੋਈ ਵੀ ਇਸ ਸਾਲ ਗੋਆ 'ਚ ਹੋਏ ਸ਼ਤਰੰਜ ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਨਹੀਂ ਪਹੁੰਚਿਆ। ਪਰ ਲੜਕੀਆਂ ਨੇ ਸ਼ਤਰੰਜ ਵਿਚ ਵੀ ਭਾਰਤ ਦਾ ਨਾਂਅ ਰੌਸ਼ਨ ਕੀਤਾ ਹੈ। ਨਾਗਪੁਰ ਦੀ ਅੰਤਰਰਾਸ਼ਟਰੀ ਮਾਸਟਰ (ਆਈ.ਐਮ.) ਦਿਵਿਆ ਦੇਸ਼ਮੁਖ ਨੇ ਗ੍ਰੈਂਡਮਾਸਟਰ (ਜੀ.ਐਮ.) ਬਣਨ ਦਾ ਸਭ ਤੋਂ ਛੋਟਾ ਰਸਤਾ ਚੁਣਿਆ। 19 ਸਾਲਾ ਦਿਵਿਆ ਨੇ ਜਾਰਜੀਆ ਦੇ ਬਾਟੂਮੀ ਵਿਚੇ ਫਾਈਨਲ 'ਚ ਨਾ ਸਿਰਫ਼ ਅਨੁਭਵੀ ਕੋਨੇਰੂ ਹੰਪੀ (ਵਿਸ਼ਵ ਰੈਂਕਿੰਗ-5) ਨੂੰ ਹਰਾ ਕੇ ਵਿਸ਼ਵ ਕੱਪ ਜਿੱਤਿਆ, ਸਗੋਂ ਗ੍ਰੈਂਡਮਾਸਟਰ ਦਾ ਖ਼ਿਤਾਬ ਵੀ ਆਪਣੇ ਨਾਂਅ ਕੀਤਾ। ਇਹ ਕਿਸੇ ਵਿਸ਼ਵ ਕੱਪ 'ਚ ਪਹਿਲੀ ਵਾਰ ਹੋਇਆ ਹੈ ਕਿ ਜੇਤੂ ਤੇ ਉਪ ਜੇਤੂ ਦੋਵੇਂ ਭਾਰਤੀ ਕੁੜੀਆਂ ਸਨ। ਇਸ ਦੌਰਾਨ ਵੈਸ਼ਾਲੀ ਨੇ ਲਗਾਤਾਰ ਦੂਜੀ ਵਾਰ ਦੋ-ਸਾਲਾ ਗ੍ਰੈਂਡ ਸਵਿਸ ਜਿੱਤਿਆ। ਭਾਰਤ ਕੋਲ ਹੁਣ ਕੈਂਡੀਡੇਟਸ ਟੂਰਨਾਮੈਂਟ 'ਚ ਘੱਟੋ-ਘੱਟ ਤਿੰਨ ਖਿਡਾਰਨਾਂ ਹੋਣਗੀਆਂ ਕਿਉਂਕਿ ਦਿਵਿਆ ਦੇਸ਼ਮੁਖ ਤੇ ਕੇ. ਹੰਪੀ ਪਹਿਲਾਂ ਹੀ ਕ੍ਰਮਵਾਰ ਜੇਤੂ ਅਤੇ ਉਪ ਜੇਤੂ ਬਣ ਕੇ ਮਹਿਲਾ ਵਿਸ਼ਵ ਕੱਪ ਲਈ ਕੁਆਲੀਫਾਈ ਕਰ ਚੁੱਕੀਆਂ ਸਨ।
ਬੈਡਮਿੰਟਨ ਦੇ ਖੇਤਰ 'ਚ ਵੀ ਦੋ ਲੜਕੀਆਂ ਉੱਭਰ ਕੇ ਸਾਹਮਣੇ ਆਈਆਂ ਹਨ ਉੱਨਤੀ ਹੁੱਡਾ ਤੇ ਤਨਵੀ ਸ਼ਰਮਾ। ਬੀ.ਡਬਲਿਊ.ਐੱਫ. ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਇਸ ਸਾਲ ਗੁਹਾਟੀ (ਆਸਾਮ) 'ਚ ਕਰਵਾਈ ਗਈ ਸੀ, ਜਿਸ 'ਚ ਟੀਮ ਈਵੈਂਟ ਵਿਚ ਭਾਰਤ ਨੇ ਇਤਿਹਾਸਕ ਕਾਂਸੀ ਦਾ ਤਗਮਾ ਜਿੱਤਿਆ, ਜਿਸ 'ਚ ਉੱਨਤੀ ਦੀ ਮੁੱਖ ਭੂਮਿਕਾ ਸੀ। ਤਨਵੀ ਮਹਿਲਾ ਵਰਗ ਦੇ ਸਿੰਗਲ ਦੇ ਫਾਈਨਲ 'ਚ ਪਹੁੰਚੀ ਤੇ ਉਹ 17 ਸਾਲ ਦੇ ਲੰਬੇ ਸਮੇਂ ਬਾਅਦ ਸਾਇਨਾ ਦੇ ਕਾਰਨਾਮੇ ਨੂੰ ਦੁਹਰਾ ਹੀ ਦਿੰਦੀ ਪਰ ਬਦਕਿਸਮਤੀ ਨਾਲ ਨਹੀਂ ਕਰ ਪਾਈ ਤੇ ਉਸ ਨੂੰ ਚਾਂਦੀ ਦੇ ਤਗਮੇ ਨਾਲ ਹੀ ਸਬਰ ਕਰਨਾ ਪਿਆ। ਪੈਰਾ ਤੀਰਅੰਦਾਜ਼ੀ 'ਚ ਸ਼ੀਤਲ ਦੇਵੀ ਨੇ 18 ਸਾਲ ਦੀ ਉਮਰ 'ਚ ਇਤਿਹਾਸ ਰਚ ਦਿੱਤਾ। ਉਹ ਪਹਿਲੀ ਹੱਥ ਰਹਿਤ ਮਹਿਲਾ ਹੈ, ਜਿਸ ਨੇ ਕੰਪਾਊਂਡ ਆਰਚਰੀ ਦੇ ਵਿਅਕਤੀਗਤ ਵਰਗ 'ਚ ਵਿਸ਼ਵ ਚੈਂਪੀਅਨਸ਼ਿਪ ਦਾ ਸੋਨ ਤਗਮਾ ਜਿੱਤਿਆ ਹੈ। ਇਹ ਕਾਰਨਾਮਾ ਉਸ ਨੇ ਗਵਾਂਗਜੂ 'ਚ ਆਯੋਜਤ ਪੈਰਾ ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ 'ਚ ਇਸੇ ਸਾਲ 27 ਸਤੰਬਰ ਨੂੰ ਕੀਤਾ। ਜੰਮੂ ਕਸ਼ਮੀਰ ਦੀ ਇਹ ਤੀਰਅੰਦਾਜ਼ੀ 'ਚ ਇਕਮਾਤਰ ਮੁਕਾਬਲੇਬਾਜ਼ ਹੈ, ਜਿਸ ਦੇ ਹੱਥ ਨਹੀਂ ਹਨ ਤੇ ਨਿਸ਼ਾਨਾ ਵਿੰਨ੍ਹਣ ਲਈ ਉਹ ਆਪਣੇ ਪੈਰਾਂ ਤੇ ਠੋਡੀ ਦੀ ਵਰਤੋਂ ਕਰਦੀ ਹੈ।
ਗਲੋਬਲ ਵੁਸ਼ੂ ਅਖਾੜੇ ਭਾਰਤੀ ਲੜਕੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਪਹਿਲੀ ਵਾਰ ਭਾਰਤ ਦੀਆਂ ਤਿੰਨ ਲੜਕੀਆਂ ਆਪੋ-ਆਪਣੇ ਭਾਰ ਵਰਗ 'ਚ ਬ੍ਰਾਸੀਲੀਆ (ਬ੍ਰਾਜ਼ੀਲ) 'ਚ ਆਯੋਜਿਤ ਵਿਸ਼ਵ ਵੁਸ਼ੂ ਚੈਂਪੀਅਨਸ਼ਿਪ ਦੇ ਸੋਨ ਤਗਮਾ ਰਾਊਂਡ 'ਚ ਪਹੁੰਚੀਆਂ। ਪਰ ਅਫ਼ਸੋਸ ਕਿ ਕਰੀਨਾ ਕੌਸ਼ਿਕ, ਅਪਰਨਣਾ ਦਹੀਆ ਤੇ ਸ਼ਿਵਾਨੀ ਪ੍ਰਜਾਪਤੀ ਤਿੰਨਾਂ ਨੂੰ ਹੀ ਚਾਂਦੀ ਦੇ ਤਗਮਿਆਂ ਨਾਲ ਸਬਰ ਕਰਨਾ ਪਿਆ। ਇਹ 6 ਸਤੰਬਰ 2025 ਦੀ ਗੱਲ ਹੈ। ਭਾਰਤ ਦੀ ਵੁਸ਼ੂ ਅਥਲੀਟ ਨਮਰਤਾ ਬੱਤਰਾ ਨੇ ਵੀ ਇਸੇ ਸਾਲ ਚੇਂਗਦੂ (ਚੀਨ) ਵਿਖੇ ਵਰਲਡ ਗੇਮਜ਼ ਵਿਚ ਚਾਂਦੀ ਦਾ ਤਗਮਾ ਜਿੱਤਿਆ ਸੀ, ਜੋ ਵਰਲਡ ਗੇਮਜ਼ ਵਿਚ ਵੁਸ਼ੂ ਮੁਕਾਬਲੇ 'ਚ ਭਾਰਤ ਦਾ ਪਹਿਲਾ ਤਗਮਾ ਹੈ।
ਇਨ੍ਹਾਂ ਪ੍ਰਾਪਤੀਆਂ ਤੋਂ ਇਹ ਅੰਦਾਜ਼ਾ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ ਕਿ ਚੈਂਪੀਅਨਜ਼ ਟਰਾਫੀ ਨੂੰ ਛੱਡ ਕੇ ਸਾਲ 2025 ਵਿਚ ਜ਼ਿਆਦਾਤਰ ਮੁਕਾਬਲਿਆਂ 'ਚ ਭਾਰਤ ਨੂੰ ਸ਼ਾਨ ਦਿਵਾਉਣ ਵਿਚ ਨਾਰੀ ਸ਼ਕਤੀ ਦੀ ਭੂਮਿਕਾ ਹੀ ਸਭ ਤੋਂ ਮਹੱਤਵਪੂਰਨ ਰਹੀ।

-ਇਮੇਜ਼ ਰਿਫਲੈਕਸ਼ਨ ਸੈਂਟਰ

Ad Position 22
No active advertisement
ਪਿਛਲੀ ਖ਼ਬਰ ਦੱਖਣੀ ਏਸ਼ਿਆਈ ਖੇਡਾਂ ਦੇ ਜੇਤੂ ਥ੍ਰੋਅਰ ਸੁਰਿੰਦਰ ਸਿੰਘ ਨੂੰ ਯਾਦ ਕਰਦਿਆਂ ਅਗਲੀ ਖ਼ਬਰ ਅੱਧੀ ਰਾਤ ਨੂੰ ਉਰਫ਼ੀ ਜਾਵੇਦ ਦੇ ਘਰ ਵੜਨ ਲੱਗਾ ਸੀ ਕੋਈ
Ad Position 24