06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਦੱਖਣੀ ਏਸ਼ਿਆਈ ਖੇਡਾਂ ਦੇ ਜੇਤੂ ਥ੍ਰੋਅਰ ਸੁਰਿੰਦਰ ਸਿੰਘ ਨੂੰ ਯਾਦ ਕਰਦਿਆਂ

Ad Position 21
No active advertisement
ਅਜੀਤ ਡੈਸਕ 23-12-2025

ਅੱਜ ਇਕ ਅਜਿਹੇ ਹੀ ਅਥਲੀਟ ਦੀ ਗੱਲ ਕਰਨ ਜਾ ਰਹੇ ਹਾਂ ਜਿਸ ਨੇ ਦੇਸ਼ ਲਈ 1987 ਦੀਆਂ ਦੱਖਣੀ ਏਸ਼ਿਆਈ ਖੇਡਾਂ 'ਚ ਸੋਨ ਤਗਮਾ ਦੇਸ਼ ਦੀ ਝੋਲੀ ਪਾਇਆ ਸੀ। ਸੁਰਿੰਦਰ ਸਿੰਘ ਦਾ ਜਨਮ ਹਰਿਆਣਾ ਦੇ ਪਿੰਡ ਬੇਲਰਥਾ (ਜੀਂਦ) ਵਿਖੇ 15 ਫਰਵਰੀ 1954 ਨੂੰ ਹੋਇਆ ਸੀ। ਖਿਡਾਰੀ ਜੀਵਨ ਦੌਰਾਨ ਇਹ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਬਖਸ਼ੀਵਾਲਾ ਵਿਖੇ ਵਸ ਗਏ ਸਨ। ਜਿਉਂ-ਜਿਉਂ ਉਸ ਦੀ ਸੁਰਤ ਸੰਭਲੀ ਉਸ ਨੇ ਦੇਸ਼ ਨੂੰ ਬਿਹਤਰੀਨ ਖਿਡਾਰੀ ਦੇਣ ਵਾਲੀ ਭਾਰਤੀ ਫੌਜ ਵੱਲ ਰੁਖ਼ ਕੀਤਾ। 1977 ਵਿਚ ਸੁਰਿੰਦਰ ਨੂੰ ਭਾਰਤੀ ਫੌਜ ਦੇ ਖੇਡ ਮਾਹਿਰਾਂ ਵਲੋਂ ਉਸ ਅੰਦਰ ਛੁਪੀ ਖੇਡ ਹੁਨਰ ਨੂੰ ਨਿਖਾਰਨ ਲਈ ਮੇਰਠ ਭੇਜ ਦਿੱਤਾ ਗਿਆ। ਉਸ ਦਾ ਡੀਲ-ਡੌਲ ਵੇਖ ਉਸ ਨੂੰ ਅਥਲੈਟਿਕਸ ਦੇ ਈਵੈਂਟ ਹੈਮਰ ਥ੍ਰੋਅ ਲਈ ਟ੍ਰੇਨਿੰਗ ਦਿੱਤੀ ਗਈ। ਟ੍ਰੇਨਿੰਗ ਲੈ ਕੇ ਅਗਲੇ ਹੀ ਸਾਲ ਸੁਰਿੰਦਰ ਨੇ ਆਲ ਇੰਡੀਆ ਸਰਵਿਸਜ਼ ਦੇ ਮੁਕਾਬਲੇ ਜੋ ਪੂਨਾ ਵਿਖੇ ਹੋਏ, ਵਿਚ 51.80 ਮੀਟਰ ਦੀ ਦੂਰੀ 'ਤੇ ਹੈਮਰ ਸੁੱਟ ਕੇ ਦੂਜਾ ਸਥਾਨ ਮੱਲਿਆ। 1980 'ਚ ਸੁਰਿੰਦਰ ਨੇ ਇਨ੍ਹਾਂ ਮੁਕਾਬਲਿਆਂ 'ਚ ਹੀ 55.66 ਮੀਟਰ ਦੀ ਦੂਰੀ ਨਾਲ ਸੋਨ ਤਗਮਾ ਜਿੱਤਿਆ ਅਤੇ ਨਾਲ ਹੀ ਨਵਾਂ ਕੀਰਤੀਮਾਨ ਸਿਰਜਿਆ। ਇਨ੍ਹਾਂ ਖੇਡਾਂ ਦਾ ਇਸ ਤੋਂ ਪਹਿਲਾ ਰਿਕਾਰਡ 55.38 ਮੀਟਰ ਸੀ, ਜੋ ਕੌਮਾਂਤਰੀ ਥ੍ਰੋਅਰ ਬਲਵੀਰ ਸਿੰਘ ਦੇ ਨਾਂਅ ਸੀ। ਇਸ ਤੋਂ ਬਾਅਦ ਸੁਰਿੰਦਰ ਨਵੇਂ ਰਿਕਾਰਡ ਸਥਾਪਤ ਕਰਦਾ ਗਿਆ। 1981 'ਚ ਲਖਨਊ ਵਿਚ 56.30 ਮੀਟਰ ਤੇ 1983 'ਚ ਹੈਦਰਾਬਾਦ ਵਿਖੇ 58.24 ਨਾਲ ਨਵੇਂ ਰਿਕਾਰਡ ਕਾਇਮ ਕਰ ਦਿੱਤੇ। 1981 (ਜਮਸ਼ੇਦਪੁਰ) ਦੀ ਓਪਨ ਨੈਸ਼ਨਲ ਤੇ 1984 ਦੀ ਓਪਨ ਨੈਸ਼ਨਲ (ਬੰਬਈ) 'ਚ ਚਾਂਦੀ ਦਾ ਤਗਮਾ ਜਿੱਤਿਆ। 1985 'ਚ ਉਸ ਨੇ ਆਲ ਇੰਡੀਆ ਸਰਵਿਸਿਜ਼ ਖੇਡਾਂ ਜੋ ਲਖਨਊ ਵਿਖੇ ਹੋਈਆਂ, ਵਿਚ 59.38 ਮੀਟਰ ਦੀ ਦੂਰੀ 'ਤੇ ਹੈਮਰ ਵਗਾਹ ਮਾਰਿਆ ਤੇ ਆਪਣਾ ਹੀ ਪੁਰਾਣਾ ਰਿਕਾਰਡ ਤੋੜ ਦਿੱਤਾ। 1987 ਸੁਰਿੰਦਰ ਦੇ ਕੌਮੀ ਜੇਤੂ ਬਣਨ ਦਾ ਸਾਲ ਸੀ, ਜਦੋਂ ਉਸ ਨੇ ਮੰਗਲੂਰ ਵਿਖੇ ਹੋਏ ਓਪਨ ਨੈਸ਼ਨਲ ਮੁਕਾਬਲਿਆਂ 'ਚ 58.40 ਮੀਟਰ 'ਤੇ ਹੈਮਰ ਸੁੱਟ ਕੇ ਰਾਸ਼ਟਰੀ ਜੇਤੂ ਬਣਨ ਦਾ ਸੁਪਨਾ ਪੂਰਾ ਕੀਤਾ। ਇਹੀ ਸਾਲ ਉਸ ਲਈ ਕੌਮਾਂਤਰੀ ਜੇਤੂ ਬਣਨ ਦਾ ਮਾਣ ਵੀ ਲੈ ਕੇ ਆਇਆ। 1987 'ਚ ਭਾਰਤ ਦੇ ਕਲਕੱਤਾ ਸ਼ਹਿਰ ਵਿਖੇ ਦੱਖਣੀ ਏਸ਼ੀਅਨ ਖੇਡਾਂ ਹੋਈਆਂ, ਜਿਸ 'ਚ ਉਸ ਨੇ ਸੋਨ ਤਗਮਾ ਜਿੱਤਿਆ। ਉਸ ਨੇ ਇਨ੍ਹਾਂ ਖੇਡਾਂ 'ਚ 59.80 ਮੀਟਰ ਦੀ ਦੂਰੀ 'ਤੇ ਹੈਮਰ ਸੁੱਟਿਆ ਤੇ ਆਪਣਾ ਪਹਿਲਾ ਅੰਤਰਰਾਸ਼ਟਰੀ ਤਗਮਾ ਜਿੱਤਿਆ। 1989 'ਚ ਉਸ ਨੇ ਮਦਰਾਸ ਵਿਖੇ ਓਪਨ ਨੈਸ਼ਨਲ ਖੇਡਾਂ 'ਚ 60.08 ਮੀਟਰ ਨਾਲ ਚਾਂਦੀ ਦਾ ਤਗਮਾ ਖੱਟਿਆ ਸੀ। ਚੌਥੀਆਂ ਦੱਖਣੀ ਏਸ਼ੀਅਨ ਖੇਡਾਂ (ਇਸਲਾਮਾਬਾਦ) 'ਚ ਵੀ ਸੁਰਿੰਦਰ ਸਿੰਘ ਨੇ 59.40 ਮੀਟਰ ਨਾਲ ਭਾਰਤ ਲਈ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ। ਸ਼ਾਨਦਾਰ ਪ੍ਰਾਪਤੀਆਂ ਵਾਲਾ ਭਾਰਤੀ ਫੌਜ ਦਾ ਇਹ ਜਵਾਨ ਸੇਵਮੁਕਤੀ ਪਿੱਛੋਂ ਵੀ ਪੰਜਾਬ ਸਰਕਾਰ ਦੇ ਵਿਭਾਗ ਸੀ-ਪਾਈਟ ਵਿਖੇ ਸੇਵਾਵਾਂ ਨਿਭਾਉਂਦਾ ਰਿਹਾ ਹੈ। 1980 'ਚ ਉਨ੍ਹਾਂ ਦਾ ਵਿਆਹ ਹੋਇਆ ਤੇ ਉਨ੍ਹਾਂ ਦੇ ਘਰ ਦੋ ਬੱਚੇ ਸਿਮਰਨਜੀਤ ਸਿੰਘ ਤੇ ਬੇਟੀ ਕੋਮਲਪ੍ਰੀਤ ਕੌਰ ਨੇ ਜਨਮ ਲਿਆ। 2016 'ਚ ਇਹ ਕੌਮਾਂਤਰੀ ਜੇਤੂ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਿਆ।

-ਮੋਬਾਈਲ : 9417479449

Ad Position 22
No active advertisement
ਪਿਛਲੀ ਖ਼ਬਰ ਪਾਕਿਸਤਾਨੀ ਹਾਕੀ ਦਾ 'ਧਿਆਨ ਚੰਦ' ਹਸਨ ਸਰਦਾਰ ਅਗਲੀ ਖ਼ਬਰ ਖੇਡ ਖੇਤਰ 'ਚ ਨਾਰੀ ਸ਼ਕਤੀ ਦਾ ਰਿਹਾ ਸਾਲ 2025
Ad Position 24