ਐਸਟ੍ਰੋਟਰਫ ਹਾਕੀ 'ਚ ਜਿਸ ਖਿਡਾਰੀ ਤੋਂ ਸਭ ਤੋਂ ਵੱਧ ਟੀਮਾਂ ਡਰਦੀਆਂ ਸਨ, ਜਿਸ ਨੇ ਸੱਤ ਸਮੁੰਦਰੋਂ ਪਾਰ ਤੱਕ ਆਪਣੀ ਕਲਾਤਮਕ ਖੇਡ ਨਾਲ ਤਮਾਮ ਹਾਕੀ ਪ੍ਰੇਮੀਆਂ ਦਾ ਦਿਲ ਜਿੱਤਿਆ ਤੇ ਉਹ ਸਾਰੇ ਉਸ ਖਿਡਾਰੀ ਦੇ ਮੁਰੀਦ ਬਣ ਗਏ ਸਨ ਅਤੇ ਜਿਸ ਨੂੰ ਮਹਾਨ ਧਿਆਨ ਚੰਦ (ਭਾਰਤ) ਦੀ ਕਾਰਬਨ ਕਾਪੀ ਕਿਹਾ ਜਾਣ ਲੱਗਾ ਸੀ, ਉਸ ਮਹਾਨ ਪਾਕਿਸਤਾਨੀ ਖਿਡਾਰੀ ਦਾ ਨਾਂਅ ਸੀ ਹਸਨ ਸਰਦਾਰ। 1980-84 ਦੇ ਵਿਚਾਲੇ ਹਾਕੀ ਵਿਸ਼ਵ ਕੱਪ 'ਚ ਪਾਕਿਸਤਾਨੀ ਝੰਡੇ ਨੂੰ ਉਸ ਨੇ ਹਰ ਥਾਂ ਲਹਿਰਾਇਆ। ਹਸਨ ਸਰਦਾਰ ਦਾ ਜਨਮ 22 ਅਕਤੂਬਰ 1957 ਨੂੰ ਕਰਾਚੀ (ਪਾਕਿਸਤਾਨ) 'ਚ ਪਿਤਾ ਸਰਦਾਰ ਹੁਸੈਨ ਦੇ ਘਰ ਹੋਇਆ। ਉਸ ਨੇ ਹਾਕੀ ਦੀ ਸ਼ੁਰੂਆਤ ਹਬੀਬ ਪਬਲਿਕ ਹਾਈ ਸਕੂਲ ਤੋਂ ਕੀਤੀ ਤੇ ਲਾਹੌਰ ਦੇ ਏਚਿਸਨ ਕਾਲਜ 'ਚ ਆਪਣੀ ਹਾਕੀ ਕਲਾਂ ਨੂੰ ਨਿਖਾਰਿਆ। ਉਹ ਕਾਲਜ 'ਚ ਚੁੱਪ-ਚਾਪ ਉਸ ਰਸਤੇ 'ਤੇ ਤੁਰਿਆ, ਜਿੱਥੋਂ ਉਸ ਦੇ ਸਿਰ 'ਤੇ ਪਾਕਿਸਤਾਨ ਦੇ ਸਭ ਤੋਂ ਪ੍ਰਭਾਵਸ਼ਾਲੀ ਸੈਂਟਰ ਫਾਰਵਰਡ ਦਾ ਖ਼ਿਤਾਬ ਸਜਿਆ। ਉਸ ਨੇ ਕੌਮੀ ਖੇਡਾਂ 'ਚ 1976 ਵਿਚ ਪ੍ਰਵੇਸ਼ ਕੀਤਾ। ਕਵਾਡਰੋਟ੍ਰਿਕ ਟਾਊਨ ਖੇਡਾਂ 'ਚ ਉਸ ਨੇ ਚਾਰ ਤਗਮੇ ਜਿੱਤੇ। 1982 ਦੀਆਂ ਨਵੀਂ ਦਿੱਲੀ ਏਸ਼ੀਆਈ ਖੇਡਾਂ 'ਚ ਉਸ ਨੇ ਭਾਰਤ ਵਿਰੁੱਧ ਹੈਟ੍ਰਿਕ ਲਾਈ ਤੇ ਜਿੱਤ ਪ੍ਰਾਪਤ ਕੀਤੀ। 1982 ਦੇ ਮੁੰਬਈ ਵਿਸ਼ਵ ਕੱਪ ਦੌਰਾਨ ਨਿਊਜ਼ੀਲੈਂਡ ਵਿਰੁੱਧ ਪਾਕਿਸਤਾਨ ਦੀ ਟੀਮ ਨੇ 12-3 ਨਾਲ ਜਿੱਤ ਦਰਜ ਕੀਤੀ। ਇਨਾਂ 'ਚੋਂ ਹਸਨ ਨੇ ਲਗਾਤਾਰ ਚਾਰ ਗੋਲ ਕੀਤੇ ਸਨ ਤੇ ਪੂਰੇ ਟੂਰਨਾਮੈਂਟ ਦੌਰਾਨ ਉਸ ਨੇ 11 ਗੋਲ ਕੀਤੇ ਸਨ ਅਤੇ ਪਾਕਿਸਤਾਨੀ ਟੀਮ ਨੇ ਪੱਛਮੀ ਜਰਮਨੀ ਨੂੰ 3-1 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ ਸੀ। ਇਹ ਪਾਕਿਸਤਾਨ ਦਾ ਤੀਜਾ ਹਾਕੀ ਵਿਸ਼ਵ ਕੱਪ ਖ਼ਿਤਾਬ ਸੀ। ਅਗਸਤ 1983 ਦੀਆਂ ਲਾਸ ਏਂਜਲਸ ਉਲੰਪਿਕ ਖੇਡਾਂ 'ਚ ਸੋਨ ਤਗਮਾ ਵੀ ਪਾਕਿਸਤਾਨ ਨੇ ਹੀ ਜਿੱਤਿਆ ਸੀ। ਪੂਰੇ ਮੈਚਾਂ 'ਚ ਜ਼ਬਰਦਸਤ ਖੇਡ ਨਾਲ ਚਹੇਤੀ ਬਣੀ ਟੀਮ ਆਸਟ੍ਰੇਲੀਆ ਨੂੰ ਪਾਕਿਸਤਾਨ ਨੇ 1-0 ਨਾਲ ਹਰਾ ਦਿੱਤਾ ਤੇ ਇਹ ਸੁਨਹਿਰਾ ਗੋਲ ਹਸਨ ਸਰਦਾਰ ਨੇ ਹੀ ਦਾਗਿਆ ਸੀ। ਇਸ ਟੂਰਨਾਮੈਂਟ 'ਚ ਹਸਨ ਸਰਦਾਰ ਨੇ ਸਭ ਤੋਂ ਵੱਧ 10 ਗੋਲ ਕੀਤੇ ਸਨ। ਫਾਈਨਲ 'ਚ ਪਾਕਿਸਤਾਨ ਨੇ ਪੱਛਮੀ ਜਰਮਨੀ ਨੂੰ 2-1 ਨਾਲ ਹਰਾ ਕੇ ਖ਼ਿਤਾਬ ਜਿੱਤਿਆ ਸੀ। 1986 ਦੀ ਸੱਤ ਮੈਚਾਂ ਦੀ ਭਾਰਤ-ਪਾਕਿਸਤਾਨ ਲੜੀ 'ਚ ਉਸ ਦੀ ਅਗਵਾਈ ਵਿਚ ਹੀ ਪਾਕਿਸਤਾਨ 2-3 ਮੈਚਾਂ ਨਾਲ ਹਾਰਿਆ, ਜਦਕਿ ਭਾਰਤ-ਪਾਕਿਸਤਾਨ ਮੈਚਾਂ ਦੇ ਹਮੇਸ਼ਾ ਸਭ ਤੋਂ ਵੱਧ ਸਕੋਰਰ ਹਸਨ ਸਰਦਾਰ ਹੀ ਰਹੇ ਹਨ।
ਹਸਨ ਸਰਦਾਰ ਨੇ 227 ਕੌਮਾਂਤਰੀ ਮੈਚ ਖੇਡੇ ਤੇ 37 ਮੈਚਾਂ 'ਚ ਕਪਤਾਨੀ ਕੀਤੀ। 148 ਮੈਚਾਂ 'ਚ 150 ਗੋਲ ਕਰਨ ਦਾ ਰਿਕਾਰਡ ਹਸਨ ਦੇ ਨਾਂਅ ਹੀ ਬੋਲਦਾ ਹੈ। ਪਾਕਿਸਤਾਨੀ ਸਰਕਾਰ ਨੇ ਉਸ ਨੂੰ ਕਈ ਪੁਰਸਕਾਰਾਂ ਨਾਲ ਨਿਵਾਜਿਆ ਹੈ। ਹਸਨ ਸਰਦਾਰ ਪਾਕਿਸਤਾਨ ਦੇ ਕਸਟਮ ਵਿਭਾਗ 'ਚ ਸੁਪਰਡੈਂਟ ਦੇ ਅਹੁਦੇ 'ਤੇ ਵੀ ਤਾਇਨਾਤ ਰਿਹਾ। ਹਾਲਾਂਕਿ ਇਸ ਦੌਰਾਨਮ ਉਸ ਨੇ 1993 'ਚ ਇਕ ਵੱਡੀ ਹੇਰਾ-ਫੇਰੀ 'ਚ ਖ਼ੁਦ ਨੂੰ ਸਹਿਭਾਗੀ ਬਣਾ ਲਿਆ ਸੀ। ਉਹ ਮਲਿਕਾ-ਏ ਤਰੁੰਨਮ ਨੂਰਜਹਾਂ ਤੇ ਅਦਾਕਾਰ ਏਜਾਜਡ ਦੁਗਨੀ ਦਾ ਦਾਮਾਦ ਹੈ। ਉਸ ਦਾ ਇਕ ਬੇਟਾ ਤੇ ਇਕ ਬੇਟੀ ਹੈ। ਉਸ ਦੀ ਪਤਨੀ ਮੀਨਾ ਹਸਨ ਸਰਦਾਰ ਜਾਣੀ ਪਹਿਚਾਣੀ ਫੈਸ਼ਨ ਡਿਜ਼ਾਈਨਰ ਹੈ। 68 ਸਾਲਾਂ ਦਾ ਇਹ ਮਹਾਨ ਖਿਡਾਰੀ ਪਾਕਿਸਤਾਨ ਵਿਚ ਆਪਣਾ ਜੀਵਨ ਗੁਜ਼ਾਰ ਰਿਹਾ ਹੈ।
-ਸੰਗਰੂਰ। ਮੋਬਾਈਲ : 94631-28483