05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਕਣਕ ਦੀ ਫ਼ਸਲ ਨੂੰ ਕੀੜੇ-ਮਕੌੜਿਆਂ ਤੋਂ ਬਚਾਉਣਾ ਜ਼ਰੂਰੀ

Ad Position 21
No active advertisement
ਅਜੀਤ ਡੈਸਕ 23-12-2025

ਕਣਕ ਦੀ ਫ਼ਸਲ ਹਾੜ੍ਹੀ ਦੀਆਂ ਮੁੱਖ ਫ਼ਸਲਾਂ 'ਚੋਂ ਇਕ ਹੈ। ਇਨ੍ਹਾਂ ਫ਼ਸਲਾਂ 'ਤੇ ਆਉਣ ਵਾਲੇ ਕੀੜਿਆਂ ਕਾਰਨ ਨੁਕਸਾਨ ਕਾਫ਼ੀ ਜ਼ਿਆਦਾ ਹੁੰਦਾ ਹੈ, ਇਸ ਲਈ ਇਨ੍ਹਾਂ ਦੀ ਸਮੇਂ ਸਿਰ ਰੋਕਥਾਮ ਬਹੁਤ ਜ਼ਰੂਰੀ ਹੈ। ਇਨ੍ਹਾਂ ਕੀੜੇ ਮਕੌੜਿਆਂ ਦਾ ਸਹੀ ਪ੍ਰਬੰਧਨ ਫ਼ਸਲ ਦੇ ਉਤਪਾਦਨ ਨੂੰ ਵਧਾ ਸਕਦਾ ਹੈ ਅਤੇ ਗੁਣਵੱਤਾ ਵਿਚ ਸੁਧਾਰ ਕਰ ਸਕਦਾ ਹੈ।
ਸਿਉਂਕ: ਸਿਉਂਕ ਕਣਕ ਦੀ ਫ਼ਸਲ ਬੀਜਣ ਦੇ ਛੇਤੀ ਪਿੱਛੋਂ ਤੇ ਫੇਰ ਪੱਕਣ ਸਮੇਂ ਬਹੁਤ ਨੁਕਸਾਨ ਕਰਦੀ ਹੈ। ਇਹ ਕੀੜੇ ਆਮ ਤੌਰ 'ਤੇ ਹਮਲੇ ਵਾਲੇ ਬੂਟਿਆਂ ਦੀਆਂ ਜੜ੍ਹਾਂ ਵਿਚ ਛੇਕ ਕਰ ਦਿੰਦੇ ਹਨ, ਜਿਸ ਨਾਲ ਬੂਟੇ ਸੁੱਕ ਜਾਂਦੇ ਹਨ ਅਤੇ ਸੌਖੇ ਹੀ ਪੁੱਟੇ ਜਾ ਸਕਦੇ ਹਨ। ਦਰਮਿਆਨੀ ਫ਼ਸਲ ਤੇ ਖ਼ਾਸਕਰ ਛੋਟੇ ਪੌਦਿਆਂ 'ਤੇ ਹਮਲਾ ਕਰਦੇ ਹਨ ਅਤੇ ਸੋਕੇ ਦੇ ਸਮੇਂ ਦੌਰਾਨ ਇਹ ਹਮਲਾ ਖੜ੍ਹੀ ਫ਼ਸਲ 'ਤੇ ਵੀ ਜਾਰੀ ਰਹਿ ਸਕਦਾ ਹੈ। ਸਿਉਂਕ ਨੂੰ ਆਮ ਤੌਰ 'ਤੇ ਪ੍ਰਭਾਵਿਤ ਬੂਟਿਆਂ ਦੀਆਂ ਜੜ੍ਹਾਂ ਦੇ ਆਲੇ-ਦੁਆਲੇ ਦੇਖਿਆ ਜਾਂਦਾ ਹੈ। ਇਸ ਦਾ ਹਮਲਾ ਹਲਕੀਆਂ ਜ਼ਮੀਨਾਂ ਵਿਚ ਜ਼ਿਆਦਾ ਹੁੰਦਾ ਹੈ।
ਰੋਕਥਾਮ: ਇਸ ਦੀ ਰੋਕਥਾਮ ਲਈ 40 ਗ੍ਰਾਮ ਕਰੂਜ਼ਰ (ਥਾਇਆਮੀਥੋਕਸਮ) ਜਾਂ 160 ਮਿਲੀਲਿਟਰ ਡਰਸਬਾਨ/ ਰੂਬਾਨ/ ਡਰਮਟ 20 ਈਸੀ (ਕਲੋਰਪਾਈਰੀਫ਼ਾਸ) ਜਾਂ 80 ਮਿਲੀਲਿਟਰ ਨਿਉਨਿਕਸ 20 ਐਫਐਸ (ਇਮਿਡਾਕਲੋਪਰਿਡ+ ਹੈਕਸਾਕੋਨਾਜ਼ੋਲ) ਲੈ ਕੇ ਇਕ ਲਿਟਰ ਪਾਣੀ 'ਚ ਘੋਲ ਕੇ 40 ਕਿਲੋ ਬੀਜ ਦੀ ਪੱਕੇ ਫ਼ਰਸ਼, ਤਰਪਾਲ ਜਾਂ ਪਲਾਸਟਿਕ ਦੀ ਸ਼ੀਟ 'ਤੇ ਪਤਲੀ ਤਹਿ ਵਿਛਾ ਕੇ ਛਿੜਕਾਅ ਕਰਕੇ ਬੀਜ ਨੂੰ ਸੋਧੋ। ਨਿਊਨਿਕਸ ਨਾਲ ਸੋਧੇ ਬੀਜ ਨੂੰ ਕਾਂਗਿਆਰੀ ਵੀ ਨਹੀਂ ਲਗਦੀ। ਕੀਟਨਾਸ਼ਕ ਨਾਲ ਸੋਧੇ ਹੋਏ ਬੀਜ ਦਾ ਉੱਗਣ ਸਮੇਂ ਪੰਛੀ ਘੱਟ ਨੁਕਸਾਨ ਕਰਦੇ ਹਨ। ਆਮ ਤੌਰ 'ਤੇ ਸਿਉਂਕ ਦਾ ਹਮਲਾ ਰੇਤਲੀਆਂ ਜ਼ਮੀਨਾਂ ਵਿਚ ਜ਼ਿਆਦਾ ਹੁੰਦਾ ਹੈ ਅਤੇ ਪਾਣੀ ਲਗਾਉਣ ਨਾਲ ਇਹ ਕੁਝ ਹੱਦ ਤੱਕ ਠੀਕ ਹੋ ਜਾਂਦਾ ਹੈ। ਜੇਕਰ ਹਮਲਾ ਜ਼ਿਆਦਾ ਹੋਵੇ ਤਾਂ 7 ਕਿਲੋ ਮੋਰਟਲ 0.3ਜੀ (ਫਿਪਰੋਨਿਲ) ਜਾਂ 1.2 ਲਿਟਰ ਡਰਸਬਾਨ 20 ਈਸੀ (ਕਲੋਰਪਾਈਰੀਫ਼ਾਸ) ਨੂੰ 20 ਕਿਲੋ ਸਲ੍ਹਾਬੀ ਮਿੱਟੀ ਨਾਲ ਰਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਪਹਿਲੇ ਪਾਣੀ ਲਗਾਉਣ ਤੋਂ ਪਹਿਲਾਂ ਛੱਟਾ ਦੇਵੋ।
ਚੇਪੇ ਦਾ ਹਮਲਾ: ਚੇਪੇ ਦੇ ਹਮਲੇ ਕਾਰਨ ਕਣਕ ਦੇ ਪੱਤੇ ਪੀਲੇ ਪੈ ਜਾਂਦੇ ਹਨ ਤੇ ਸੁੱਕ ਜਾਂਦੇ ਹਨ।
ਰੋਕਥਾਮ: ਜੇਕਰ 5 ਚੇਪੇ ਪ੍ਰਤੀ ਸਿੱਟਾ ਹੋਣ (ਇਕ ਏਕੜ ਖੇਤ ਦੇ ਹਰੇਕ ਚਾਰ ਹਿੱਸਿਆਂ 'ਚੋਂ ਚੁਣੇ 10-10 ਸਿੱਟਿਆਂ ਦੇ ਆਧਾਰ 'ਤੇ) ਤਾਂ ਇਨ੍ਹਾਂ ਦੀ ਰੋਕਥਾਮ ਲਈ 2 ਲਿਟਰ ਘਰ ਬਣਾਏ ਨਿੰਮ ਦੇ ਘੋਲ ਦੇ ਹਫ਼ਤੇ-ਹਫ਼ਤੇ ਦੇ ਵਕਫੇ 'ਤੇ ਦੋ ਛਿੜਕਾਅ ਜਾਂ 20 ਗ੍ਰਾਮ ਐਕਟਾਰਾ/ਤਾਇਓ 25 ਡਬਲਯੂ ਜੀ (ਥਾਇਆਮੈਥੋਕਸਮ) ਦਾ ਇਕ ਛਿੜਕਾਅ, 80-100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਚੇਪੇ ਦੀ ਰੋਕਥਾਮ ਸਿੱਟੇ ਪੈਣ ਵੇਲੇ ਕਰੋ, ਕਿਉਂਕਿ ਚੇਪੇ ਦਾ ਹਮਲਾ ਪਹਿਲਾਂ ਖੇਤ ਦੇ ਬਾਹਰਲੇ ਹਿੱਸਿਆਂ 'ਤੇ ਹੁੰਦਾ ਹੈ। ਇਸ ਲਈ ਛਿੜਕਾਅ ਸਿਰਫ਼ ਅਜਿਹੇ ਹਮਲੇ ਵਾਲੇ ਹਿੱਸੇ 'ਤੇ ਹੀ ਕਰੋ, ਤਾਂ ਕਿ ਚੇਪੇ ਦਾ ਹਮਲਾ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ।
ਨਿੰਮ ਦਾ ਘੋਲ ਤਿਆਰ ਕਰਨ ਦੀ ਵਿਧੀ: ਨਿੰਮ ਦਾ ਘੋਲ ਘਰ ਬਣਾਉਣ ਲਈ ਚਾਰ ਕਿਲੋ ਨਿੰਮ ਦੀਆਂ ਕਰੂੰਬਲਾਂ (ਪੱਤੇ, ਹਰੀਆਂ ਟਹਿਣੀਆਂ ਤੇ ਨਿਮੋਲੀਆਂ) ਨੂੰ 10 ਲਿਟਰ ਪਾਣੀ ਵਿਚ 30 ਮਿੰਟ ਲਈ ਉਬਾਲੋ। ਇਸ ਘੋਲ ਨੂੰ ਕੱਪੜ ਛਾਣ ਕਰ ਲਓ ਅਤੇ ਤਰਲ ਨੂੰ ਸਿਫ਼ਾਰਸ਼ ਕੀਤੀ ਮਾਤਰਾ ਮੁਤਾਬਕ ਛਿੜਕਾਅ ਕਰੋ।
ਸੈਨਿਕ ਸੁੰਡੀ: ਇਹ ਸੁੰਡੀ ਕਣਕ ਦੀ ਫ਼ਸਲ ਦੇ ਪੱਤੇ ਅਤੇ ਸਿੱਟੇ ਨੂੰ ਮਾਰਚ-ਅਪ੍ਰੈਲ ਦੇ ਮਹੀਨੇ ਬਹੁਤ ਬੁਰੀ ਤਰ੍ਹਾਂ ਖਾਂਦੀ ਹੈ।
ਰੋਕਥਾਮ: ਇਸ ਦੀ ਰੋਕਥਾਮ ਲਈ 40 ਮਿਲੀਲਿਟਰ ਕੋਰਾਜਨ 18.5 ਐਸਸੀ (ਕਲੋਰਐਂਟਰਾਨਿਲੀਪਰੋਲ) ਜਾਂ 400 ਮਿਲੀਲਿਟਰ ਏਕਾਲਕਸ 25 ਈਸੀ (ਕੁਇਨਲਫ਼ਾਸ) ਨੂੰ 80-100 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨੈਪਸੈਕ ਪੰਪ ਨਾਲ ਛਿੜਕਾਅ ਕਰੋ। ਇਸ ਦੇ ਬਦਲ 'ਚ 7 ਕਿਲੋ ਮੋਰਟੈਲ/ ਰੀਜੈਂਟ 0.3ਜੀ (ਫਿਪਰੋਨਿਲ) ਜਾਂ 1 ਲਿਟਰ ਡਰਸਬਾਨ 20 ਈਸੀ (ਕਲੋਰਪਾਈਰੀਫ਼ਾਸ) ਨੂੰ 20 ਕਿਲੋ ਸਲ੍ਹਾਬੀ ਮਿੱਟੀ ਨਾਲ ਰਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਪਹਿਲਾ ਪਾਣੀ ਲਗਾਉਣ ਤੋਂ ਪਹਿਲਾਂ ਛੱਟਾ ਦੇਵੋ। ਚੰਗੇ ਨਤੀਜੇ ਲੈਣ ਲਈ ਛਿੜਕਾਅ ਸ਼ਾਮ ਵੇਲੇ ਕਰੋ।
-੦-

Ad Position 22
No active advertisement
ਪਿਛਲੀ ਖ਼ਬਰ ਪਛੇਤੀ ਕਣਕ ਦਾ ਝਾੜ ਕਿਵੇਂ ਵਧਾਇਆ ਜਾਵੇ? ਅਗਲੀ ਖ਼ਬਰ ਪਾਕਿਸਤਾਨੀ ਹਾਕੀ ਦਾ 'ਧਿਆਨ ਚੰਦ' ਹਸਨ ਸਰਦਾਰ
Ad Position 24