ਪੰਜਾਬ 'ਚ 2025 26 ਦੀ ਹਾੜ੍ਹੀ ਦੀ ਫ਼ਸਲ ਦੌਰਾਨ ਕਣਕ ਦੀ ਕਾਸ਼ਤ ਲਈ 35 ਲੱਖ ਹੈਕਟੇਅਰ ਦਾ ਟੀਚਾ ਰੱਖਿਆ ਗਿਆ ਹੈ। ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਨਿਰਦੇਸ਼ਕ ਡਾ. ਜਸਵੰਤ ਸਿੰਘ ਅਨੁਸਾਰ ਇਸ ਸਾਰੇ 35 ਲੱਖ ਹੈਕਟੇਅਰ ਰਕਬੇ 'ਤੇ ਕਣਕ ਬੀਜੀ ਜਾ ਚੁੱਕੀ ਹੈ। ਉਹ ਦੱਸਦੇ ਹਨ ਕਿ ਹੁਣ ਤੱਕ ਫ਼ਸਲ ਦੀ ਹਾਲਤ ਬਹੁਤ ਚੰਗੀ ਹੈ, ਹਾਲਾਂਕਿ ਅਜੇ ਉਤਪਾਦਨ ਦਾ ਅਨੁਮਾਨ ਸਹੀ ਨਹੀਂ ਲਗਾਇਆ ਜਾ ਸਕਦਾ, ਕਿਉਂਕਿ ਮੌਸਮ 'ਚ ਅਗਲੇ ਦਿਨਾਂ ਵਿਚ ਬਹੁਤ ਤਬਦੀਲੀਆਂ ਆ ਸਕਦੀਆਂ ਹਨ, ਜੋ ਫ਼ਸਲ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਜੋ ਠੰਢਾ ਮੌਸਮ ਚੱਲ ਰਿਹਾ ਹੈ, ਉਹ ਕਣਕ ਲਈ ਬਹੁਤ ਲਾਭਦਾਇਕ ਹੈ। ਬਿਜਾਈ ਅਧੀਨ ਵੱਡਾ ਪਰਾਲੀ ਵਾਲਾ ਰਕਬਾ (ਬਿਨਾਂ ਅੱਗ ਲਗਾਇਆਂ) ਸੁਪਰਸੀਡਰ ਤੇ ਸਮਾਰਟਸੀਡਰ ਆਦਿ ਨਾਲ ਬੀਜਿਆ ਗਿਆ ਹੈ, ਜਿਸ ਕਰਕੇ ਫ਼ਸਲ ਨੂੰ ਸੁੰਡੀ ਦੀ ਸਮੱਸਿਆ ਆਉਣ ਦਾ ਡਰ ਹੈ। ਇਸ ਨੂੰ ਖ਼ਤਮ ਕਰਨ ਲਈ ਠੰਢ ਤੇ ਮੀਂਹ ਬਹੁਤ ਪ੍ਰਭਾਵਸ਼ਾਲੀ ਹਨ। ਥੋੜ੍ਹੇ ਮੋਟੇ ਮਟਰਾਂ, ਆਲੂਆਂ, ਗੰਨਾ ਤੇ ਸਬਜ਼ੀਆਂ ਵਾਲੇ ਰਕਬੇ 'ਤੇ ਕਣਕ ਦੀ ਬਿਜਾਈ ਕੁਝ ਚੋਣਵੇਂ ਕਿਸਾਨ ਲੋਹੜੀ ਤੱਕ ਵੀ ਕਰਨਗੇ। ਅਜਿਹੇ ਰਕਬੇ 'ਤੇ ਬਿਜਾਈ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ. ਲੁਧਿਆਣਾ) ਵਲੋਂ ਵਿਕਸਤ ਪੀ.ਬੀ. ਡਬਲਿਊ. 757 ਅਤੇ ਪੀ.ਬੀ. ਡਬਲਿਊ. 752 ਭਾਰਤੀ ਖੇਤੀ ਖੋਜ ਸੰਸਥਾਨ ਨਵੀਂ ਦਿੱਲੀ (ਆਈ. ਸੀ. ਏ. ਆਰ.) ਵਲੋਂ ਜਾਰੀ ਐਚਡੀ 3298 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਖੇਤੀ ਮਾਹਿਰਾਂ ਅਨੁਸਾਰ ਪਛੇਤੀ ਬੀਜੀ ਕਣਕ ਨੂੰ ਅਗੇਤੀ ਬੀਜੀ ਕਣਕ ਨਾਲੋਂ ਯੂਰੀਆ ਖਾਦ 25% ਤੱਕ ਘਟਾ ਕੇ ਪਾਉਣਾ ਚਾਹੀਦਾ ਹੈ, ਜਦਕਿ ਕਲਰਾਠੀ ਜ਼ਮੀਨਾਂ 'ਚ ਬੀਜੀ ਕਣਕ ਨੂੰ 25% ਵਧੇਰੇ ਯੂਰੀਆ ਪਾਉਣ ਦੀ ਸਿਫ਼ਾਰਸ਼ ਹੈ। ਜੇ ਸਮੇਂ ਸਿਰ ਨਵੰਬਰ ਜਾਂ ਸ਼ੁਰੂ ਦਸੰਬਰ 'ਚ ਬੀਜੀ ਕਣਕ ਨੂੰ 110 ਕਿੱਲੋ ਪ੍ਰਤੀ ਏਕੜ ਯੂਰੀਆ ਪਾਉਣ ਉਪਰੰਤ ਵੀ ਫ਼ਸਲ 'ਤੇ ਨਾਈਟ੍ਰੋਜਨ ਤੱਤ ਦੀ ਘਾਟ ਦੇ ਲੱਛਣ ਦਿਖਾਈ ਦੇਣ ਤਾਂ 3% ਯੂਰੀਆ ਘੋਲ (9 ਕਿੱਲੋ ਯੂਰੀਆ 300 ਲਿਟਰ ਪਾਣੀ 'ਚ) ਦੋ ਪਾਸਾ ਛਿੜਕਾਅ ਕਰਨਾ ਚਾਹੀਦਾ ਹੈ। ਕਣਕ ਫਾਸਫੋਰਸ ਖਾਦ ਨੂੰ ਵਧੇਰੇ ਮਨੰਦੀ ਹੈ। ਇਸ ਨੂੰ ਫਾਸਫੋਰਸ ਖਾਦ ਜਾਂ ਡੀ.ਏ.ਪੀ. ਪੂਰੀ ਸਿਫ਼ਾਰਸ਼ ਕੀਤੀ ਗਈ ਮਾਤਰਾ 'ਚ ਪਾਉਣੀ ਚਾਹੀਦੀ ਹੈ।
ਭਾਰਤੀ ਖੇਤੀਬਾੜੀ ਖੋਜ ਸੰਸਥਾਨ (ਆਈ.ਸੀ.ਏ.ਆਰ.) ਦੇ ਕਣਕ ਦੇ ਸੀਨੀਅਰ ਬ੍ਰੀਡਰ ਡਾ. ਰਾਜਬੀਰ ਯਾਦਵ ਕਹਿੰਦੇ ਹਨ ਕਿ ਦੇਰੀ ਨਾਲ ਬੀਜੀ ਕਣਕ ਦੇ ਬੂਟਿਆਂ 'ਚ 15 ਸੈ.ਮੀ. ਦੀ ਵਿੱਥ ਰੱਖਣੀ ਚਾਹੀਦੀ ਹੈ ਤੇ ਨਦੀਨਾਂ ਨੂੰ ਪ੍ਰਭਾਵਸ਼ਾਲੀ ਵਿਧੀਆਂ ਤੇ ਯੂ.ਪੀ.ਐਲ ਜਿਹੀਆਂ ਨਾਮਵਰ ਕੰਪਨੀਆਂ ਤੋਂ ਬਣਾਏ ਵਧੀਆ ਨਦੀਨ ਨਾਸ਼ਕ ਵਰਤ ਕੇ ਕਾਬੂ ਕੀਤਾ ਜਾਣਾ ਚਾਹੀਦਾ ਹੈ। ਕਿਸਾਨਾਂ ਨੂੰ ਇਸ ਵੇਲੇ ਬੀਜੀਆਂ ਜਾਣ ਵਾਲੀਆਂ ਕਣਕ ਦੀਆਂ ਪਛੇਤੀਆਂ ਕਿਸਮਾਂ 'ਚ 45 ਕਿੱਲੋ ਪ੍ਰਤੀ ਏਕੜ ਯੂਰੀਆ ਬਿਜਾਈ ਵੇਲੇ ਤੇ ਬਿਜਾਈ ਵੇਲੇ ਹੀ ਸਾਰਾ ਫਾਸਫੋਰਸ ਤੇ ਪੋਟਾਸ਼ ਵੀ ਪਾ ਦੇਣਾ ਚਾਹੀਦਾ ਹੈ। ਡੀ.ਏ.ਪੀ. 55 ਕਿੱਲੋ ਪ੍ਰਤੀ ਏਕੜ ਵਰਤਿਆ ਜਾਵੇ। ਯੂਰੀਆ ਨੀਮ ਕੋਟਿਡ ਹੀ ਇਸਤੇਮਾਲ ਹੋਵੇ।
ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਕਹਿੰਦੇ ਹਨ ਕਿ ਭਾਵੇਂ ਦੇਰੀ ਦੀ ਬਿਜਾਈ ਨਾਲ ਝਾੜ ਘਟਦਾ ਹੈ, ਪਰ ਜੇ ਤਾਪਮਾਨ ਠੀਕ ਰਹੇ ਤੇ ਮਾਹਿਰਾਂ ਦੀਆਂ ਸਿਫ਼ਾਰਸ਼ਾਂ ਅਪਣਾਈਆਂ ਜਾਣ ਤਾਂ ਝਾੜ 'ਚ 1.5 ਕੁਇੰਟਲ ਪ੍ਰਤੀ ਏਕੜ ਹਰ ਹਫ਼ਤੇ 'ਚ ਕਮੀ ਘਟਣ ਦੀ ਸੰਭਵਾਨਾ ਬਣ ਜਾਂਦੀ ਹੈ। ਬੀਜ ਨੂੰ ਸਾਫ ਤੇ ਗ੍ਰੇਡ ਕਰਕੇ ਬੀਜਣਾ ਚਾਹੀਦਾ ਹੈ। ਸਿਉਂਕ ਦੇ ਹਮਲੇ ਵਾਲੀਆਂ ਜ਼ਮੀਨਾਂ 'ਚ ਕਲੋਰੋਪਾਈਰੋਫਾਸ ਦਾ ਇਸਤੇਮਾਲ ਕੀਤਾ ਜਾਵੇ। ਬੀਜ ਨੂੰ ਪ੍ਰੋਵੈਕਸ, ਇਲੈਕਟ੍ਰੋਨ, ਰੈਕਸਲ ਜਾਂ ਵੀਟਾਵੈਕਸ ਨਾਲ ਸੋਧ ਲੈਣਾ ਚਾਹੀਦਾ ਹੈ। ਇਹ ਸੋਧ ਬਿਜਾਈ ਤੋਂ ਇਕ ਮਹੀਨੇ ਪਹਿਲਾਂ ਦੀ ਨਹੀਂ ਹੋਣੀ ਚਾਹੀਦੀ। ਵਧੇਰੇ ਝਾੜ ਲੈਣ ਲਈ ਦੋ ਤਰਫ਼ਾ ਢੰਗ ਅਪਣਾ ਕੇ ਬਿਜਾਈ ਕਰਨੀ ਚਾਹੀਦੀ ਹੈ। ਪਾਣੀ ਦੀ ਸੁਚੱਜੀ ਵਰਤੋਂ ਲਈ ਭਾਰੀ ਜ਼ਮੀਨ 'ਚ 8 ਕਿਆਰੇ ਤੇ ਰੇਤਲੀ ਜ਼ਮੀਨ 'ਚ 16 ਕਿਆਰੇ ਪ੍ਰਤੀ ਏਕੜ ਪਾਣੇ ਜਾਣੇ ਚਾਹੀਦੇ ਹਨ। ਦੇਰੀ ਨਾਲ ਬੀਜੀ ਕਣਕ ਨੂੰ ਪਹਿਲਾ ਪਾਣੀ ਚਾਰ ਹਫ਼ਤੇ ਬਾਅਦ, ਦੂਜਾ ਪਾਣੀ ਬੂਟੇ ਦੀ ਜੜ੍ਹ ਫੈਲਣ ਸਮੇਂ ਅਤੇ ਤੀਜਾ ਪਾਣੀ ਸਿੱਟਿਆਂ ਨੂੰ ਬੂਰ ਪੈਣ ਸਮੇਂ ਦੇਣਾ ਚਾਹੀਦਾ ਹੈ। ਪਛੇਤੀ ਕਣਕ ਨੂੰ ਸਹੀ ਵਿਕਾਸ ਤੇ ਵਾਧੇ ਲਈ ਤੱਤਾਂ ਦੀ ਲੋੜ ਪੈਂਦੀ ਹੈ। ਆਮ ਤੌਰ 'ਤੇ ਕਿਸਾਨ ਮੁੱਢਲੇ ਤੱਤ ਜਿਵੇਂ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ ਆਦਿ ਤਾਂ ਫ਼ਸਲ ਨੂੰ ਪਾ ਦਿੰਦੇ ਹਨ, ਪਰ ਲਘੂ ਤੇ ਸੈਕੰਡਰੀ ਤੱਤਾਂ ਦੀ ਘਾਟ ਫ਼ਸਲ ਨੂੰ ਆਉਂਦੀ ਹੈ। ਮੈਗਨੀਜ਼ ਤੇ ਗੰਧਕ ਦੀ ਘਾਟ ਫ਼ਸਲ 'ਚ ਅਕਸਰ ਆ ਜਾਂਦੀ ਹੈ। ਇਨ੍ਹਾਂ ਖ਼ੁਰਾਕੀ ਤੱਤਾਂ ਦੀ ਲੋੜ ਅਨੁਸਾਰ ਵਰਤੋਂ ਕਰ ਲੈਣੀ ਚਾਹੀਦੀ ਹੈ। ਝੋਨੇ ਦੀ ਫ਼ਸਲ ਵਾਲੀਆਂ ਜ਼ਮੀਨਾਂ 'ਚ ਤਾਂ ਆਮ ਤੌਰ 'ਤੇ ਮੈਗਨੀਜ਼ ਦੀ ਘਾਟ ਆ ਹੀ ਜਾਂਦੀ ਹੈ, ਜਿਸ ਕਾਰਨ ਬੂਟੇ ਸੁੱਕ ਜਾਂਦੇ ਹਨ। ਅਜਿਹੀਆਂ ਜ਼ਮੀਨਾਂ 'ਚ 0.5% ਮੈਗਨੀਜ਼ ਸਲਫੇਟ ਦਾ ਇਕ ਛਿੜਕਾਅ ਪਹਿਲੇ ਪਾਣੀ ਤੋਂ 2 4 ਦਿਨ ਪਹਿਲਾਂ ਅਤੇ ਤਿੰਨ ਛਿੜਕਾਅ ਫੇਰ ਹਫ਼ਤੇ ਹਫ਼ਤੇ ਦੇ ਵਕਫ਼ੇ ਨਾਲ ਧੁੱਪ ਵਾਲੇ ਦਿਨ ਕਰਨੇ ਚਾਹੀਦੇ ਹਨ। ਮਾਹਿਰਾਂ ਅਨੁਸਾਰ ਮੈਗਨੀਜ਼ ਸਲਫੇਟ ਦੇ ਛਿੜਕਾਅ ਨਾਲ ਹੀ ਇਸ ਦੀ ਘਾਟ ਦੂਰ ਕਰਨੀ ਚਾਹੀਦੀ ਹੈ, ਜ਼ਮੀਨ ਵਿਚ ਪਾ ਕੇ ਨਹੀਂ।
ਪੰਜਾਬ 'ਚ ਕਣਕ ਦੀ ਕਾਸ਼ਤ ਹੇਠ ਰਕਬੇ 'ਚ ਕੋਈ ਖ਼ਾਸ ਵਾਧਾ ਨਹੀਂ ਹੋਇਆ। ਡਾਇਰੈਕਟਰ ਖੇਤੀਬਾੜੀ ਅਨੁਸਾਰ ਪਿਛਲੇ ਸਾਲ ਵੀ ਇੰਨੇ ਹੀ ਰਕਬੇ 'ਤੇ ਕਣਕ ਦੀ ਕਾਸ਼ਤ ਹੋਈ ਸੀ। ਭਾਵੇਂ ਸਾਲ 2023 24 ਦੌਰਾਨ ਕਣਕ ਦੀ ਕਾਸ਼ਤ ਹੇਠ 35.16 ਲੱਖ ਹੈਕਟੇਅਰ ਰਕਬਾ ਸੀ, ਜਦਕਿ ਔਸਤ ਝਾੜ 20.92 ਕੁਇੰਟਲ ਪ੍ਰਤੀ ਏਕੜ ਤੱਕ ਰਿਹਾ ਸੀ। ਉਂਝ ਕਣਕ ਦੀ ਕਾਸ਼ਤ ਹੇਠ ਭਾਰਤ ਵਿਚ ਡਾ. ਰਾਜਬੀਰ ਯਾਦਵ ਅਨੁਸਾਰ ਰਕਬਾ ਵਧਿਆ ਹੈ। ਮਾਹਿਰਾਂ ਅਨੁਸਾਰ ਭਾਰਤ 'ਚ ਕਣਕ ਦੀ ਕਾਸ਼ਤ ਹੇਠ ਇਸ ਸਾਲ 33 34 ਮਿਲੀਅਨ ਹੈਕਟੇਅਰ ਰਕਬਾ ਆਉਣ ਦੀ ਸੰਭਾਵਨਾ ਹੈ। ਕਿਸਾਨ ਨਿਰਾਸ਼ ਹਨ ਕਿ ਖੁੱਲ੍ਹੀ ਮੰਡੀ 'ਚ ਕਣਕ 2600 ਰੁਪਏ ਪ੍ਰਤੀ ਕੁਇੰਟਲ ਵਿਕ ਰਹੀ ਹੈ, ਜੋ ਸਮਰਥਨ ਮੁੱਲ ਨਾਲੋਂ ਵੀ ਘੱਟ ਹੈ। ਕਣਕ ਦਾ ਬੀਜ ਇਸ ਸਾਲ ਬਹੁਤ ਘੱਟ ਮਾਤਰਾ 'ਚ ਵਿਕਣ ਕਾਰਨ ਕਿਸਾਨ, ਉਤਪਾਦਕ ਤੇ ਵਿਕਰੇਤਾ ਸਾਫ਼-ਸੁਥਰੀ ਤੇ ਗ੍ਰੇਡਿਡ ਕਣਕ ਘਾਟਾ ਖਾ ਕੇ ਖੁੱਲ੍ਹੀ ਮੰਡੀ 'ਚ ਵੇਚ ਰਹੇ ਹਨ। ਭਾਵੇਂ ਖਪਤਕਾਰਾਂ ਨੂੰ ਆਟੇ ਦਾ ਵੱਧ ਭਾਅ ਦੇਣਾ ਪੈਂਦਾ ਹੈ।