17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਮਰਦਾਂ ਨਾਲੋਂ ਵੱਧ ਸਮਾਜਿਕ ਦਬਾਵਾਂ ਦਾ ਸਾਹਮਣਾ ਕਰਦੀਆਂ ਹਨ ਔਰਤਾਂ

Ad Position 21
No active advertisement
ਅਜੀਤ ਡੈਸਕ 01-06-2025

ਆਮ ਕਰਕੇ ਦੇਖਿਆ ਗਿਆ ਹੈ ਕਿ ਦੇਸ਼-ਵਿਦੇਸ਼ ਵਿਚ ਔਰਤਾਂ ਮਾਨਸਿਕ ਤੌਰ 'ਤੇ ਮਰਦਾਂ ਨਾਲੋਂ ਜ਼ਿਆਦਾ ਬਿਮਾਰ ਹੁੰਦੀਆਂ ਹਨ | ਬਹੁਤੇ ਸਰਵੇ ਵੀ ਇਨ੍ਹਾਂ ਅੰਕੜਿਆਂ ਦੀ ਗਵਾਹੀ ਭਰਦੇ ਹਨ ਕਿ ਸਾਡੇ ਦੇਸ਼ ਦੇ ਪਿੰਡਾਂ ਵਿਚ ਔਰਤਾਂ ਨੂੰ ਮਾਨਸਿਕ ਵਿਕਾਰ ਜ਼ਿਆਦਾ ਘੇਰਦੇ ਰਹੇ ਹਨ | ਪੰਜਾਬ ਦੇ ਪਿੰਡਾਂ ਤੇ ਪਛੜੇ ਇਲਾਕਿਆਂ 'ਚ ਹਰ 5ਵੀਂ ਔਰਤ (19 ਫ਼ੀਸਦੀ) ਕਿਸੇ ਨਾ ਕਿਸੇ ਮਾਨਸਿਕ ਸਮੱਸਿਆ ਨਾਲ ਜੂਝ ਰਹੀ ਹੈ, ਜਦਕਿ ਮਰਦਾਂ ਦੀ ਗਿਣਤੀ ਇਨ੍ਹਾਂ ਦੇ ਮੁਕਾਬਲੇ 12 ਫ਼ੀਸਦੀ ਹੈ | ਚਿੰਤਾ ਰੋਗ ਤੇ ਡਿਪ੍ਰੈਸ਼ਨ ਦੇ ਸੰਬੰਧ ਵਿਚ ਔਰਤਾਂ ਦੀ ਗਿਣਤੀ ਮਰਦਾਂ ਨਾਲੋਂ ਦੁੱਗਣੀ ਹੈ | ਹਿਸਟੀਰੀਆ ਤੇ ਸ਼ੀਜ਼ੋਫਰੀਨਿਆ ਆਦਿ ਗੰਭੀਰ ਮਾਨਸਿਕ ਵਿਕਾਰਾਂ ਦੀ ਨੀਂਹ ਔਰਤਾਂ ਵਿਚ 20 ਤੋਂ 30 ਸਾਲ ਦੀ ਉਮਰ ਵਿਚ ਹੀ ਰੱਖੀ ਜਾਂਦੀ ਹੈ | ਤਰੱਕੀ ਜ਼ਾਫਤਾ ਦੇਸ਼ਾਂ ਦੇ ਲੋਕ ਵੀ ਮਾਨਸਿਕ ਰੋਗਾਂ ਤੋਂ ਬਚ ਨਹੀਂ ਸਕੇ |
ਅਮਰੀਕਾ ਵਿਚ 2021 ਦੌਰਾਨ ਹੋਏ ਸਰਵੇ ਅਨੁਸਾਰ ਉੱਥੇ 18 ਸਾਲ ਉਮਰ ਦੇ 5.78 ਕਰੋੜ ਬਾਲਗਾਂ 'ਚੋਂ 22.8 ਫ਼ੀਸਦੀ ਕਿਸੇ ਨਾ ਕਿਸੇ ਮਾਨਸਿਕ ਰੋਗ ਤੋਂ ਪੀੜਤ ਸਨ | ਜਿਨ੍ਹਾਂ 'ਚ 27.2 ਫ਼ੀਸਦੀ ਔਰਤਾਂ ਤੇ 18.1 ਫ਼ੀਸਦੀ ਮਰਦ ਸਨ | ਅਮਰੀਕਾ ਦੀ ਮਾਨਸਿਕ ਸਿਹਤ ਨਾਲ ਸੰਬੰਧਿਤ ਕੌਮੀ ਸੰਸਥਾ (ਐਨ.ਆਈ.ਐਮ.ਐਚ.) ਨੇ ਇਨ੍ਹਾਂ ਅੰਕੜਿਆਂ ਦੀ ਪੁਸ਼ਟੀ ਕੀਤੀ ਹੈ | ਕੈਨੇਡਾ ਦੇ ਬਹੁਤੇ ਮਨੋਵਿਗਿਆਨਕ ਸਰਵੇ ਵੀ ਇਸ ਗੱਲ ਦੀ ਸ਼ਾਅਦੀ ਭਰਦੇ ਹਨ ਕਿ ਔਰਤਾਂ (ਖਾਸ ਕਰਕੇ ਪੰਜਾਬੀ ਔਰਤਾਂ) ਮਰਦਾਂ ਨਾਲੋਂ ਜ਼ਿਆਦਾ ਮਾਨਸਿਕ ਰੋਗਾਂ ਤੋਂ ਗ੍ਰਸਤ ਹਨ | ਸਾਡੇ ਦੇਸ਼ ਵਿਚ ਮਾਨਸਿਕ ਰੋਗਾਂ ਦੇ ਸ਼ਿਕਾਰ ਔਰਤਾਂ ਤੇ ਮਰਦਾਂ 'ਚੋਂ 80 ਫ਼ੀਸਦੀ ਲੋਕ ਕਿਸੇ ਵੀ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਕੋਲ ਨਹੀਂ ਜਾਂਦੇ | ਆਮ ਕਰਕੇ ਅਜਿਹੇ ਰੋਗਾਂ ਦਾ ਇਲਾਜ ਅਨਪੜ੍ਹ ਸਾਧਾਂ ਜਾਂ ਭੂਤ ਕੱਢਣ ਵਾਲੇ ਚੇਲਿਆਂ ਆਦਿ ਤੋਂ ਧਾਗੇ ਤਬੀਤ ਲੈ ਕੇ ਕੀਤਾ ਜਾਂਦਾ ਰਿਹਾ ਹੈ, ਜੋ ਅਜੇ ਵੀ ਜਾਰੀ ਹੈ | ਅਸੀਂ ਪਿੰਡਾਂ ਵਿਚ ਇਲਾਜ ਦੇ ਨਾਂਅ 'ਤੇ ਚੇਲਿਆਂ ਨੂੰ ਔਰਤਾਂ 'ਤੇ ਅੱਤਿਆਚਾਰ ਕਰਦਿਆਂ ਤੇ ਉਨ੍ਹਾਂ ਦੇ ਸਰੀਰ ਨਾਲ ਖੇਡਦਿਆਂ ਵੇਖਿਆ ਹੈ | ਅਸਲ ਵਿਚ ਇਨ੍ਹਾਂ ਰੋਗਾਂ ਨੂੰ ਲੋਕ ਕੋਈ ਰੋਗ ਨਾ ਸਮਝਦੇ ਹੋਏ ਇਨ੍ਹਾਂ ਨੂੰ ਬਾਹਰਲੀਆਂ ਕਸਰਾਂ ਨਾਲ ਜੋੜ ਕੇ ਵੇਖਦੇ ਹਨ | ਭਾਵੇਂ ਹੁਣ ਗਿਆਨ ਵਧਣ 'ਤੇ ਇਨ੍ਹਾਂ ਨੂੰ ਮਾਨਸਿਕ ਰੋਗ ਸਮਝ ਕੇ ਵੀ ਇਲਾਜ ਕਰਵਾਇਆ ਜਾਣ ਲੱਗਾ ਹੈ |
ਉਪਰੋਕਤ ਅੰਕੜਿਆਂ ਤੋਂ ਸਪੱਸ਼ਟ ਹੈ ਕਿ ਔਰਤਾਂ ਮਰਦਾਂ ਨਾਲੋਂ ਵੱਧ ਗਿਣਤੀ ਵਿਚ ਮਾਨਸਿਕ ਰੋਗਾਂ ਦੀਆਂ ਸ਼ਿਕਾਰ ਹੁੰਦੀਆਂ ਹਨ | ਜੋ ਬਚਪਨ ਤੋਂ ਇਨ੍ਹਾਂ ਦੇ ਪਾਲਣ-ਪੋਸ਼ਣ ਦੇ ਢੰਗ, ਮਾਪਿਆਂ ਤੇ ਸਹੁਰਿਆਂ ਦਾ ਉਨ੍ਹਾਂ ਪ੍ਰਤੀ ਰਵੱਈਆ, ਸਮਾਜਿਕ ਵਿਵਹਾਰ ਜਾਂ ਵਿਤਕਰਾ ਤੇ ਮਰਦ ਪ੍ਰਧਾਨ ਪਰਿਵਾਰਕ ਸੰਗਠਨ ਆਦਿ ਇਸ ਦੇ ਪ੍ਰਮੁੱਖ ਕਾਰਨ ਹਨ | ਸਾਡੇ ਦੇਸ਼ ਵਿਚ ਲੋਕ ਅਨਪੜ੍ਹਤਾ ਕਾਰਨ ਲੜਕੀ ਨੂੰ ਅਜੇ ਵੀ ਲੜਕੇ ਨਾਲੋਂ ਘਟੀਆ, ਬੋਝ, ਪਰਾਇਆ ਧਨ ਆਦਿ ਸਮਝ ਕੇ ਪਾਲਦੇ ਹਨ | ਉਸ ਦੇ ਮਾਨਸਿਕ ਉਡਾਣ ਦੇ ਖੰਭ ਬਚਪਨ ਤੋਂ ਹੀ ਕੱਟਣੇ ਸ਼ੁਰੂ ਕਰ ਦਿੰਦੇ ਹਨ ਤਾਂ ਕਿ ਉਹ ਜ਼ਿੰਦਗੀ ਦਾ ਹਰ ਇਕ ਕਦਮ ਉਨ੍ਹਾਂ ਦੀ ਆਗਿਆ ਨਾਲ ਹੀ ਚੁੱਕੇ, ਇਸ ਦੇ ਉਲਟ ਲੜਕੇ ਨੂੰ ਹਰ ਤਰ੍ਹਾਂ ਦੀ ਖੁੱਲ੍ਹ ਦੇ ਛੱਡਦੇ ਹਨ | ਲੜਕੀਆਂ ਨੂੰ ਪੜ੍ਹਾਉਣ ਜਾਂ ਕੋਈ ਹੋਰ ਸਹੂਲਤਾਂ ਦੇਣ ਵੇਲੇ ਹਮੇਸ਼ਾ ਇਹੀ ਸੋਚਿਆ ਜਾਂਦਾ ਹੈ ਕਿ ਉਹ ਘਰੋਂ ਬਾਹਰ ਜਾ ਕੇ ਵਿਗੜ ਜਾਵੇਗੀ | ਲੜਕੀ ਜ਼ਿਹਨੀ ਤੌਰ 'ਤੇ ਸਾਰੀ ਜ਼ਿੰਦਗੀ ਪੇਕੇ-ਸਹੁਰੇ ਘਰ ਪਰਾਈ ਹੀ ਰਹਿੰਦੀ ਹੈ | ਜਵਾਨ ਲੜਕੀ ਦੇ ਬਾਹਰ ਜਾਣ ਵੇਲੇ ਉਸ ਦੇ 7-8 ਸਾਲ ਦੇ ਭਰਾ ਨੂੰ ਉਸ ਦੀ ਰੱਖਿਆ ਲਈ ਨਾਲ ਭੇਜਿਆ ਜਾਂਦਾ ਹੈ, ਲੜਕੀਆਂ ਦੇ ਆਤਮ ਵਿਸ਼ਵਾਸ ਤੇ ਸਵੈ-ਮਾਣ ਨੂੰ ਕਦੇ ਬਣਨ ਹੀ ਨਹੀਂ ਦਿੱਤਾ ਜਾਂਦਾ | ਅਸੀਂ ਬਚਪਨ ਵਿਚ ਹੀ ਲੜਕੀ ਦੇ ਜ਼ਿਹਨ 'ਚ ਮਾਨਸਿਕ ਰੋਗਾਂ ਦੀ ਨੀਂਹ ਧਰ ਦਿੰਦੇ ਹਾਂ | ਮਰਦਾਂ ਵਲੋਂ ਲੜਕੀਆਂ ਤੇ ਔਰਤਾਂ ਨਾਲ ਗ਼ਾਲੀ ਗਲੋਚ ਤੇ ਕੁੱਟਮਾਰ ਕਰਨੀ ਆਮ ਵਰਤਾਰਾ ਹੈ | ਜਦੋਂ ਮਰਦ ਲੜਨ ਸਮੇਂ ਮਾਂ, ਧੀ, ਭੈਣ ਦੀਆਂ ਗਾਲਾਂ ਕੱਢਦੇ ਹਨ ਤਾਂ ਔਰਤਾਂ ਦੇ ਮਨਾਂ ਵਿਚ ਅਜਿਹੀਆਂ ਮਾਨਸਿਕ ਗੁੰਝਲਾਂ ਬਣਦੀਆਂ ਹਨ, ਜੋ ਅੱਗੇ ਜਾ ਕੇ ਵੱਡੀਆਂ ਸਮੱਸਿਆਵਾਂ ਵਿਚ ਬਦਲ ਜਾਂਦੀਆਂ ਹਨ |
ਸਾਧਾਰਨ ਉਦਾਸੀ ਮਾਨਸਿਕ ਰੋਗ ਨਾ ਹੋ ਕੇ ਕੁਝ ਸਮੇਂ ਲਈ ਮਹਿਸੂਸ ਹੋਣ ਵਾਲੀ ਇਕ ਭਾਵਨਾ ਹੈ, ਜੋ ਸਾਰੇ ਪ੍ਰਾਣੀਆਂ ਨੂੰ ਸਮੇਂ-ਸਮੇਂ ਮਹਿਸੂਸ ਹੁੰਦੀ ਹੈ | ਜਿਸ ਦਾ ਸਾਡੇ ਰੋਜ਼ਾਨਾ ਦੇ ਕੰਮਕਾਰ ਪੜ੍ਹਾਈ, ਕਾਰੋਬਾਰ ਜਾਂ ਹੋਰ ਜ਼ਿੰਮੇਵਾਰੀਆਂ ਨਿਭਾਉਣ ਵਿਚ ਕੋਈ ਖਲਲ ਨਹੀਂ ਪੈਂਦਾ | ਪਰ ਜਦੋਂ ਇਹ ਮਾਨਸਿਕ ਵਿਕਾਰ ਜਾਂ ਉਦਾਸੀ ਰੋਗ (ਡਿਪ੍ਰੈਸ਼ਨ) ਬਣ ਜਾਵੇ ਤਾਂ ਔਰਤ/ ਮਰਦ ਨੂੰ ਸਹੀ ਤਰ੍ਹਾਂ ਸੋਚਣ, ਪੜ੍ਹਨ-ਲਿਖਣ, ਆਪਣੇ ਜਜ਼ਬਾਤਾਂ 'ਤੇ ਕੰਟਰੋਲ ਕਰਨ, ਦੂਸਰਿਆਂ ਨਾਲ ਸਹੀ ਵਿਹਾਰ ਕਰਨ, ਸਮਾਜਿਕ ਰਿਸ਼ਤੇ ਨਿਭਾਉਣ ਅਤੇ ਦੂਸਰਿਆਂ ਤੇ ਆਪਣੇ ਆਪ ਨੂੰ ਸਮਝਣ ਵਿਚ ਔਖ ਮਹਿਸੂਸ ਹੋਣ ਲੱਗਦੀ ਹੈ | ਜਿਸ ਕਰਕੇ ਕਈ ਸਰੀਰਕ ਲੱਛਣ ਵੀ ਪ੍ਰਗਟ ਹੋਣ ਲੱਗਦੇ ਹਨ, ਭੁੱਖ ਤੇ ਨੀਂਦ ਘਟ ਜਾਂ ਬਹੁਤ ਵਧ ਜਾਂਦੀ ਹੈ | ਰੋਜ਼ਾਨਾ ਦੇ ਕੰਮਕਾਰ ਵਿਚ ਦਿਲਚਸਪੀ ਘਟ ਜਾਂਦੀ ਹੈ, ਪਰਿਵਾਰਕ ਜੀਆਂ ਤੇ ਦੋਸਤਾਂ-ਮਿੱਤਰਾਂ ਨਾਲ ਲਗਾਅ ਨਹੀਂ ਰਹਿੰਦਾ ਅਤੇ ਮਾਨਸਿਕ ਤੇ ਸਰੀਰਕ ਸੰਤੁਲਨ ਵੀ ਵਿਗੜਨ ਲੱਗਦਾ ਹੈ | ਉਨ੍ਹਾਂ ਅੰਦਰ ਆਪਣੇ ਤੇ ਦੂਸਰਿਆਂ ਪ੍ਰਤੀ ਖ਼ਤਰਨਾਕ ਰੁਝਾਨ ਪੈਦਾ ਹੋਣ ਲੱਗਦੇ ਹਨ | ਔਰਤਾਂ ਬਿਨਾਂ ਸ਼ੱਕ ਮਰਦਾਂ ਨਾਲੋਂ ਜ਼ਿਆਦਾ ਸੰਵੇਦਨਸ਼ੀਲ ਹੁੰਦੀਆਂ ਹਨ | ਜੇਕਰ ਅਜਿਹਾ ਵਿਕਾਰ 2-3 ਹਫ਼ਤਿਆਂ ਤੋਂ ਜ਼ਿਆਦਾ ਸਮਾਂ ਚੱਲੇ ਤਾਂ ਕਿਸੇ ਮਨੋ-ਚਕਿਸਤਕ ਦੀ ਲੋੜ ਪੈ ਸਕਦੀ ਹੈ, ਕਿਉਂਕਿ ਰੋਗੀ ਅਕੇਵਾਂ, ਥਕੇਵਾਂ, ਨਿਰਾਸ਼ਤਾ, ਨਮੋਸ਼ੀ, ਨੀਂਦ ਤੇ ਭੁੱਖ ਘਟਣ ਜਾਂ ਬਹੁਤ ਵੱਧ ਜਾਣ, ਯਾਦਦਾਸ਼ਤ ਘਟਣ ਅਤੇ ਛੋਟੇ ਮੋਟੇ ਫ਼ੈਸਲੇ ਕਰਨ ਤੋਂ ਅਸਮਰੱਥ ਹੋਣ ਲੱਗਦਾ ਹੈ | ਰੋਗੀ ਔਰਤ ਹਮੇਸ਼ਾ ਉਦਾਸ ਤੇ ਗੰਭੀਰ ਰਹਿਣ ਲੱਗਦੀ ਹੈ, ਉਹ ਜਵਾਨੀ ਵਿਚ ਹੀ ਬੁਢਾਪਾ ਮਹਿਸੂਸ ਕਰਨ ਲੱਗਦੀ ਹੈ ਤੇ ਉਸ ਦੀ ਜ਼ਿੰਦਗੀ ਵਿਚ ਦਿਲਚਸਪੀ ਘਟਣ ਲੱਗਦੀ ਹੈ | ਸਮੇਂ ਸਿਰ ਇਲਾਜ ਨਾ ਹੋਣ 'ਤੇ ਸਰੀਰਕ ਬਿਮਾਰੀਆਂ-ਬਲੱਡ ਪ੍ਰੈਸ਼ਰ, ਸ਼ੂਗਰ ਰੋਗ ਤੇ ਪਹਿਲਾਂ ਲੱਗੀਆਂ ਹੋਰ ਬਿਮਾਰੀਆਂ ਗੰਭੀਰ ਹੋਣ ਲੱਗਦੀਆਂ ਹਨ | ਉਹ ਹਰ ਤਰ੍ਹਾਂ ਨਾਲ ਅਨਿਯਮਿਤ ਹੋਣ ਲੱਗਦੀ ਹੈ | ਇਸ ਤਰ੍ਹਾਂ ਦੀ ਸਥਿਤੀ 'ਚ ਔਰਤਾਂ 'ਚ ਆਤਮ ਵਿਸ਼ਵਾਸ ਨਹੀਂ ਰਹਿੰਦਾ ਤੇ ਉਹ ਹਰ ਗੱਲ ਲਈ ਆਪਣੇ-ਆਪ ਨੂੰ ਦੋਸ਼ੀ ਮਹਿਸੂਸ ਕਰਨ ਤੇ ਇਕਾਗਰਤਾ ਘਟਣ ਕਾਰਨ ਬੇਵਸੀ ਤੇ ਨਮੋਸ਼ੀ ਦੀ ਭਾਵਨਾ ਦਾ ਸ਼ਿਕਾਰ ਹੋਣ ਲੱਗਦੀਆਂ ਹਨ | ਔਰਤਾਂ ਨੂੰ ਗੰਭੀਰ ਮਾਨਸਿਕ ਰੋਗ ਕਾਰਨ ਸਰੀਰ ਦੇ ਕਈ ਅੰਗਾਂ ਵਿਚ ਪੀੜਾ ਮਹਿਸੂਸ ਹੁੰਦੀ ਹੈ, ਜਿਨ੍ਹਾਂ ਦਾ ਕੋਈ ਕਾਰਨ ਸਰੀਰਕ ਟੈਸਟਾਂ ਵਿਚ ਵੀ ਨਹੀਂ ਲੱਭਦਾ | ਬਹੁਤੇ ਵਿਕਸਿਤ ਦੇਸ਼ਾਂ ਵਿਚ ਤਾਂ ਔਰਤਾਂ ਬਹੁਤੇ ਮਰਦਾਂ ਵਾਂਗ ਨਸ਼ਿਆਂ ਵੱਲ ਵੀ ਹੋ ਤੁਰਦੀਆਂ ਹਨ | ਰੋਗੀ ਔਰਤ ਆਮ ਲੋਕਾਂ ਵਿਚ ਵਿਚਰਨ ਤੋਂ ਗੁਰੇਜ਼ ਕਰਨ ਲੱਗਦੀ ਹੈ | ਜਦੋਂ ਉਨ੍ਹਾਂ ਨੂੰ ਹਿਸਟੀਰੀਆ ਦੇ ਦੌਰੇ ਪੈਣ ਲੱਗਦੇ ਹਨ ਤਾਂ ਜਲਦੀ ਭੜਕ ਪੈਣਾ, ਹੱਸਦਿਆਂ-ਹੱਸਦਿਆਂ ਅਚਾਨਕ ਉੱਚੀ ਉੱਚੀ ਰੋਣ ਲੱਗਣਾ, ਅਜੀਬ ਆਵਾਜ਼ਾਂ ਸੁਣਾਈ ਦੇਣ ਕਰਕੇ ਜ਼ਿੰਦਗੀ ਬੋਝ ਮਹਿਸੂਸ ਹੋਣ ਲੱਗਦੀ ਹੈ ਅਤੇ ਉਨ੍ਹਾਂ ਨੂੰ ਖੁਦਕੁਸ਼ੀ ਕਰਨ ਦੇ ਵਿਚਾਰ ਵੀ ਆਉਣ ਲੱਗਦੇ ਹਨ |
ਔਰਤ ਦੀ ਜ਼ਿੰਦਗੀ ਮਰਦ ਨਾਲੋਂ ਬਹੁਤ ਵੱਖਰੀ ਹੈ, ਉਹ ਬਚਪਨ ਤੋਂ ਆਪਣੇ ਮਾਪਿਆਂ ਦੇ ਦਬਾਅ ਹੇਠ ਰਹਿੰਦੀ ਹੈ, ਜਵਾਨੀ ਵੇਲੇ ਭਰਾ ਉਸ ਦੀ ਨਿਗਰਾਨੀ ਕਰਨ ਲੱਗਦੇ ਹਨ, ਵਿਆਹ ਤੋਂ ਬਾਅਦ ਪਤੀ-ਪਰਮੇਸ਼ਰ ਬਣਿਆ ਰਹਿੰਦਾ ਹੈ ਅਤੇ ਬੁਢਾਪਾ ਉਸ ਨੂੰ ਪੁੱਤਰਾਂ ਦੇ ਦਬਾਅ ਹੇਠ ਕੱਟਣਾ ਪੈਂਦਾ ਹੈ | ਔਰਤ ਦੀ ਜ਼ਿੰਦਗੀ ਦੇ ਹਰ ਪੜਾਅ 'ਤੇ ਮਰਦ ਦੀ ਪ੍ਰਧਾਨਗੀ ਰਹੀ ਹੈ | ਭਾਵੇਂ ਇਹ ਵਰਤਾਰਾ ਵਿੱਦਿਆ ਦੇ ਪਸਾਰ ਕਰਕੇ ਕੁਝ ਘਟਿਆ ਹੋਵੇ ਫਿਰ ਵੀ ਇਸ ਦੇ ਪ੍ਰਭਾਵ ਨੂੰ ਨਕਾਰਿਆ ਨਹੀਂ ਜਾ ਸਕਦਾ | ਨੈਸ਼ਨਲ ਫੈਮਲੀ ਹੈਲਥ ਸਰਵੇ 2019-21 ਮੁਤਾਬਿਕ ਅਜੇ ਵੀ 30 ਫ਼ੀਸਦੀ ਔਰਤਾਂ ਕਦੇ ਨਾ ਕਦੇ ਮਰਦਾਂ ਦੀ ਮਾਰ-ਕੁੱਟ ਦਾ ਸ਼ਿਕਾਰ ਹੁੰਦੀਆਂ ਹਨ, ਜਿਸ ਕਾਰਨ ਉਹ ਚਿੰਤਾ-ਰੋਗ ਤੇ ਉਦਾਸੀ ਦੀਆਂ ਸ਼ਿਕਾਰ ਹੋ ਰਹੀਆਂ ਹਨ | ਔਰਤ ਗਰਭ ਧਾਰਨ ਕਰਨ ਤੋਂ ਲੈ ਕੇ ਬੱਚੇ ਨੂੰ ਜਨਮ ਦੇਣ ਤੱਕ ਬਹੁਤ ਗੰਭੀਰ ਪੜਾਵਾਂ ਵਿਚੋਂ ਗੁਜ਼ਰਦੀ ਹੈ, ਸਾਡਾ ਸਮਾਜ ਉਸ ਨੂੰ ਲੜਕਾ-ਲੜਕੀ ਦੇ ਘੇਰੇ 'ਚ ਘੇਰੀ ਰੱਖਦਾ ਹੈ ਤੇ ਉਸ ਦੇ ਆਲੇ ਦੁਆਲੇ ਲੜਕੇ ਦੀਆਂ ਅਵਾਜ਼ਾਂ ਗੂੰਜਦੀਆਂ ਰਹਿੰਦੀਆਂ ਹਨ | ਅਜਿਹਾ ਵਰਤਾਰਾ ਉਸ ਨੂੰ ਡਿਪ੍ਰੈਸ਼ਨ ਵੱਲ ਲੈ ਜਾਂਦਾ ਹੈ | ਬੱਚਿਆਂ ਦਾ ਪਾਲਣ-ਪੋਸ਼ਣ, ਬਜ਼ੁਰਗਾਂ ਦੀ ਸਾਂਭ-ਸੰਭਾਲ, ਘਰ-ਰਸੋਈ ਦੇ ਕੰਮ ਵੀ ਉਸ ਲਈ ਬਾਹਰਲੀ ਨੌਕਰੀ ਤੋਂ ਇਲਾਵਾ ਸਿਰਦਰਦੀ ਬਣੇ ਰਹਿੰਦੇ ਹਨ | ਸਾਡੇ ਦੇਸ਼ ਵਿਚ ਬਹੁਤੀਆਂ ਔਰਤਾਂ ਨੂੰ ਪਹਿਲਾਂ ਹੀ ਪੜ੍ਹਾਈ ਤੇ ਰੁਜ਼ਗਾਰ ਦੇ ਸੀਮਤ ਮੌਕੇ ਮਿਲਦੇ ਹਨ, ਜੋ ਉਨ੍ਹਾਂ ਦੇ ਆਤਮ ਵਿਸ਼ਵਾਸ ਤੇ ਸਵੈਮਾਣ ਨੂੰ ਸੱਟ ਮਾਰਦੇ ਹਨ | ਮੀਨੋਪਾਜ਼ ਦਾ ਸਮਾਂ ਔਰਤ ਲਈ ਬਹੁਤ ਹੀ ਸੰਵੇਦਨਸ਼ੀਲ ਪੜਾਅ ਹੁੰਦਾ ਹੈ, ਜਦੋਂ ਉਸ ਦੇ ਸਰੀਰਕ ਢਾਂਚੇ ਵਿਚ ਬਦਲਾਅ ਦੇ ਨਾਲ-ਨਾਲ ਬਹੁਤ ਸਾਰੇ ਮਾਨਸਿਕ ਵਿਕਾਰ ਵੀ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ | ਹਾਰਮੋਨਜ਼ 'ਚ ਅਸੰਤੁਲਨ ਪੈਦਾ ਹੋਣ ਕਰਕੇ ਕਈ ਵਾਰ ਉਨ੍ਹਾਂ ਨੂੰ ਉਦਾਸੀ ਦੇ ਨਾਲ ਹਿਸਟੀਰੀਆ ਦੇ ਦੌਰੇ ਵੀ ਪੈਣ ਲੱਗਦੇ ਹਨ | ਇਹ ਦੌਰ 45 ਤੋਂ 50 ਸਾਲ ਦੀ ਉਮਰ ਤੱਕ ਚੱਲਦਾ ਹੈ | ਜੇ ਮਾਨਸਿਕ ਰੋਗਾਂ ਦੇ ਉਪਚਾਰ ਦੀ ਗੱਲ ਕਰੀਏ ਤਾਂ ਸਾਧਾਰਨ ਨਿਰੋਟਿਕ ਰੋਗ ਤਾਂ ਮਨੋਵਿਗਿਆਨੀ ਰੋਗੀ ਨਾਲ ਵਾਰਤਾਲਾਪ (ਮਨੋ-ਵਿਸ਼ਲੇਸ਼ਣ) ਕਰਕੇ ਹੀ ਉਨ੍ਹਾਂ ਦੇ ਅੰਦਰ ਬਣੀਆਂ ਮਾਨਸਿਕ ਗੁੰਝਲਾਂ ਨੂੰ ਸੁਲਝਾ ਕੇ ਠੀਕ ਕਰ ਦਿੰਦੇ ਹਨ | ਮਨੋ-ਚਕਿਸਤਕ ਘੋਰ ਡਿਪ੍ਰੈਸ਼ਨ ਤੇ ਵੱਡੀਆਂ ਮਾਨਸਿਕ ਬਿਮਾਰੀਆਂ ਦੇ ਇਲਾਜ ਲਈ ਦਵਾਈਆਂ ਦੀ ਮਦਦ ਲੈਂਦੇ ਹਨ | ਔਰਤਾਂ ਨੂੰ ਮਾਨਸਿਕ ਰੋਗਾਂ ਤੋਂ ਦੂਰ ਰੱਖਣ ਲਈ ਪਰਿਵਾਰਾਂ ਵਿਚ ਉਨ੍ਹਾਂ ਦਾ ਮਾਣ-ਸਨਮਾਨ ਕਾਇਮ ਰਹਿਣਾ ਚਾਹੀਦਾ ਹੈ ਅਤੇ ਜ਼ਿੰਦਗੀ ਵਿਚ ਉਨ੍ਹਾਂ ਨੂੰ ਬਰਾਬਰ ਦੇ ਮੌਕੇ ਮਿਲਣੇ ਚਾਹੀਦੇ ਹਨ | ਇਸ ਤੋਂ ਇਲਾਵਾ ਸਾਨੂੰ ਮਾਨਸਿਕ ਰੋਗਾਂ ਤੋਂ ਬਚਣ ਲਈ ਰੋਜ਼ਾਨਾ ਕਸਰਤ ਕਰਨ ਤੋਂ ਇਲਾਵਾ ਜੀਵਨ 'ਚ ਸਾਕਾਰਾਤਮਿਕ ਵਿਚਾਰ, ਸਾਦਾ ਤੇ ਸੰਤੁਲਿਤ ਭੋਜਨ, ਕਾਫ਼ੀ ਮਾਤਰਾ ਵਿਚ ਪਾਣੀ ਦਾ ਸੇਵਨ ਤੇ ਲੋੜੀਂਦੀ ਵਧੀਆ ਨੀਂਦ ਲੈਣੀ ਚਾਹੀਦੀ ਹੈ |

-ਫਗਵਾੜਾ |
ਮੋਬਾਈਲ : 9872673703

Ad Position 22
No active advertisement
ਪਿਛਲੀ ਖ਼ਬਰ 06-01-2025 ਅਗਲੀ ਖ਼ਬਰ ਉਹ ਰਾਸ਼ਟਰਵਾਦ ਜਿਸ ਨੂੰ ਅਸੀਂ ਭੁੱਲ ਗਏ ਹਾਂ
Ad Position 24