ਭੋਜਪੁਰੀ ਫ਼ਿਲਮਾਂ ਦੀ ਹੀਰੋਇਨ ਨੀਲਮ ਗਿਰੀ ਬੇਸ਼ਕ 'ਬਿਗ ਬਾਸ 19' ਦੇ ਘਰ ਤੋਂ 12ਵੀਂ ਪੁਜ਼ੀਸ਼ਨ ਲੈ ਕੇ ਬਾਹਰ ਹੋ ਚੁੱਕੀ ਹੈ ਪਰ ਬਿਗ ਬਾਸ ਦੇ ਘਰ ਵਿਚ ਉਸ ਦੇ ਸਫ਼ਰ ਨੂੰ ਬਿਲਕੁਲ ਵੀ ਭੁਲਾਇਆ ਨਹੀਂ ਜਾ ਸਕਦਾ।
ਨੀਲਮ ਨੇ ਸ਼ੋਅ 'ਬਿਗ ਬਾਸ 19' ਵਿਚ ਆਪਣੀ ਖੂਬਸੂਰਤੀ, ਮਨੋਰੰਜਨ ਅਤੇ ਸੱਚਾਈ ਨਾਲ ਹਰ ਕਿਸੇ ਦਾ ਦਿਲ ਜਿੱਤ ਲਿਆ। ਇਸੇ ਕਾਰਨ ਨੀਲਮ ਇਸ ਸੀਜ਼ਨ ਦੇ ਸਭ ਤੋਂ ਮਸ਼ਹੂਰ ਮੁਕਾਬਲੇਕਾਰੀਆਂ ਵਿਚੋਂ ਇਕ ਬਣ ਗਈ। ਇਸ ਤਰ੍ਹਾਂ ਅਚਾਨਕ ਸ਼ੋਅ ਤੋਂ ਬਾਹਰ ਹੋਣ ਦਾ ਉਸ ਦੇ ਫੈਨਜ਼ ਨੂੰ ਜ਼ਬਰਦਸਤ ਸਦਮਾ ਲੱਗਿਆ ਹੈ।
3 ਸਤੰਬਰ, 1997 ਨੂੰ ਉੱਤਰ ਪ੍ਰਦੇਸ਼ ਦੇ ਬਲੀਆ ਵਿਚ ਪੈਦਾ ਹੋਈ ਨੀਲਮ ਗਿਰੀ ਨੇ ਅਵਧੇਸ਼ ਮਿਸ਼ਰਾ ਵਲੋਂ ਨਿਰਦੇਸ਼ਿਤ ਭੋਜਪੁਰੀ ਫ਼ਿਲਮ 'ਬਾਬੁਲ' (2021) ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸ ਤੋਂ ਬਾਅਦ ਉਹ 'ਇੱਜ਼ਤ ਘਰ' (2022), 'ਟੁਨ ਟੁਨ' (2022) ਅਤੇ 'ਕਲਾਕੰਦ' (2022) ਵਰਗੀਆਂ ਲਗਭਗ ਇਕ ਦਰਜਨ ਫ਼ਿਲਮਾਂ ਕਰ ਚੁੱਕੀ ਹੈ।
ਕਿਹਾ ਜਾਂਦਾ ਹੈ ਕਿ ਨੀਲਮ ਦੇ ਟਿਕਟਾਕ ਵੀਡੀਓ ਨੂੰ ਦੇਖਣ ਤੋਂ ਬਾਅਦ ਭੋਜਪੁਰੀ ਦੇ ਸੁਪਰ ਸਟਾਰ ਪਵਨ ਸਿੰਘ ਨੇ ਉਸ ਨੂੰ ਵੀਡੀਓ 'ਧੰਨਿਆ ਹਮਾਰ ਨਯਾ ਬੜੀ ਹੋ' ਵਿਚ ਲਿਆ। ਇਸ ਮਿਊਜ਼ਿਕ ਵੀਡੀਓ ਦੀ ਸਫ਼ਲਤਾਂ ਤੋਂ ਪ੍ਰੇਰਿਤ ਹੋ ਕੇ ਅਵਧੇਸ਼ ਮਿਸ਼ਰਾ ਨੇ ਉਸ ਨੂੰ ਫ਼ਿਲਮ 'ਬਾਬੁਲ' (2021) ਲਈ ਕਾਸਟ ਕੀਤਾ।
ਬਿਗ ਬਾਸ ਹਾਊਸ ਤੋਂ ਬਾਹਰ ਹੋਣ 'ਤੇ ਸਦਮੇ ਵਿਚ ਗਏ ਉਨ੍ਹਾਂ ਦੇ ਫੈਨਜ਼ ਲਈ ਇਕ ਖੁਸ਼ਖਬਰੀ ਹੈ। ਜਿਸ ਅਨੁਸਾਰ ਨਵੇਂ ਹੁਨਰ ਨੂੰ ਵੱਡੇ ਡਿਜੀਟਲ ਬ੍ਰੇਕ ਦੇਣ ਲਈ ਮਸ਼ਹੂਰ ਬਾਲਾਜੀ ਟੈਲੀਫਿਲਮਜ਼ ਨੇ ਉਸ ਤਕ ਇਕ ਯੂ-ਟਿਊਬ ਪ੍ਰੋਜੈਕਟ ਲਈ ਪਹੁੰਚ ਕੀਤੀ ਹੈ।
ਇਸ ਖਬਰ ਦੇ ਸਾਹਮਣੇ ਆਉਂਦਿਆਂ ਹੀ ਨੀਲਮ ਦੇ ਫੈਨਜ਼ ਕਾਫੀ ਉਤਸਾਹਿਤ ਨਜ਼ਰ ਆ ਰਹੇ ਹਨ। ਜੇਕਰ ਇਹ ਖ਼ਬਰ ਸੱਚ ਸਾਬਤ ਹੋਈ ਤਾਂ ਨੀਲਮ ਦੇ ਕੈਰੀਅਰ ਲਈ ਇਹ ਇਕ ਵੱਡੀ ਬ੍ਰੇਕ ਸਾਬਿਤ ਹੋ ਸਕਦੀ ਹੈ।
ਏਕਤਾ ਕਪੂਰ ਦੇ ਪ੍ਰਾਜੈਕਟ ਵਿਚ ਨਜ਼ਰ ਆਏਗੀ ਨੀਲਮ ਗਿਰੀ?
ਅਜੀਤ ਡੈਸਕ
24-12-2025