ਉਦਯੋਗਪਤੀ ਸੱਜਣ ਜਿੰਦਲ ਨਾਲ ਮੁੰਬਈ 'ਚ ਮੁਲਾਕਾਤ
ਚੰਡੀਗੜ੍ਹ, 20 ਫਰਵਰੀ (ਅਜੀਤ ਬਿਊਰੋ)-ਪੰਜਾਬ ਦੇ ਉਦਯੋਗ ਅਤੇ ਵਪਾਰ, ਨਿਵੇਸ਼ ਪ੍ਰੋਤਸਾਹਨ ਅਤੇ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਅੱਜ ਮੁੰਬਈ ਵਿਚ ਪ੍ਰਮੁੱਖ ਉਦਯੋਗਪਤੀ ਤੇ ਸੱਜਣ ਜਿੰਦਲ ਚੇਅਰਮੈਨ, ਜੇ.ਐਸ.ਡਬਲਿਊ ਗਰੁੱਪ ਨਾਲ ਮਹੱਤਵਪੂਰਨ ਮੀਟਿੰਗ ਕੀਤੀ | ਮੀਟਿੰਗ 'ਚ ਪੰਜਾਬ ਇਨਵੈਸਟ ਦੇ ਸੀ.ਈ.ਓ. ਅਮਿਤ ਢਾਕਾ ਵੀ ਮੌਜੂਦ ਸਨ | ਮੀਟਿੰਗ ਦੌਰਾਨ ਸੱਜਣ ਜਿੰਦਲ ਨੇ ਰਾਜਪੁਰਾ ਵਿਚ ਇਸਪਾਤ ਖੇਤਰ ਵਿਚ 1,500 ਕਰੋੜ ਦੇ ਨਿਵੇਸ਼ ਦਾ ਐਲਾਨ ਕੀਤਾ | ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜੇ.ਐਸ.ਡਬਲਿਊ ਗਰੁੱਪ ਪੰਜਾਬ ਵਿਚ ਆਪਣੇ ਵੱਖ-ਵੱਖ ਕਾਰੋਬਾਰੀ ਖੇਤਰਾਂ ਵਿਚ ਹੋਰ ਨਿਵੇਸ਼ ਦੇ ਮੌਕਿਆਂ ਦੀ ਜਾਂਚ ਕਰੇਗਾ | ਇਸ ਪ੍ਰਸਤਾਵਿਤ ਨਿਵੇਸ਼ ਨਾਲ ਰਾਜ ਦੀ ਉਤਪਾਦਨ ਸਮਰੱਥਾ ਮਜ਼ਬੂਤ ਹੋਵੇਗੀ, ਇਸਪਾਤ ਮੁੱਲ ਸ਼ਿ੍ੰਖਲਾ ਹੋਰ ਗਹਿਰੀ ਹੋਵੇਗੀ ਅਤੇ ਖੇਤਰ ਵਿਚ ਸਿੱਧੇ ਅਤੇ ਅਪਰੋਖ ਰੁਜ਼ਗਾਰ ਦੇ ਵੱਡੇ ਮੌਕੇ ਪੈਦਾ ਹੋਣਗੇ | ਜਿੰਦਲ ਨੇ 13 ਮਾਰਚ ਨੂੰ ਪਲਕੁਸ਼ਾ ਯੂਨੀਵਰਸਿਟੀ ਵਿਚ ਹੋਣ ਵਾਲੇ ਇਨਵੈਸਟ ਪੰਜਾਬ ਸਮਿੱਟ ਦੇ ਉਦਘਾਟਨੀ ਸੈਸ਼ਨ ਵਿਚ ਆਪਣੀ ਹਾਜ਼ਰੀ ਦੀ ਪੁਸ਼ਟੀ ਕੀਤੀ | ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਰਾਜ ਸਰਕਾਰ ਵਲੋਂ ਤਿਆਰ ਕੀਤੇ ਜਾ ਰਹੇ ਉਦਯੋਗ-ਅਨੁਕੂਲ ਮਾਹੌਲ ਅਤੇ ਸਰਗਰਮ ਉਦਯੋਗਿਕ ਪਹੁੰਚ ਦੀ ਸ਼ਲਾਘਾ ਕੀਤੀ | ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਪੰਜਾਬ ਉੱਤਰੀ ਬਾਜ਼ਾਰਾਂ ਨਾਲ ਸ਼ਾਨਦਾਰ ਕੁਨੈਕਟਿਵਿਟੀ, ਮਜ਼ਬੂਤ ਐਮ.ਐਸ.ਐਮ.ਈ. ਪ੍ਰਣਾਲੀ, ਕੁਸ਼ਲ ਮਨੁੱਖੀ ਸਰੋਤ ਅਤੇ ਇਸਪਾਤ, ਆਟੋ ਕੰਪੋਨੈਂਟਸ, ਟੈਕਸਟਾਈਲ, ਖੇਡ ਸਾਮਾਨ, ਫੂਡ ਪ੍ਰੋਸੈਸਿੰਗ ਅਤੇ ਲਾਈਟ ਇੰਜੀਨੀਅਰਿੰਗ ਵਰਗੇ ਖੇਤਰਾਂ ਵਿਚ ਵਿਕਸਿਤ ਉਦਯੋਗਿਕ ਕਲੱਸਟਰਾਂ ਨਾਲ ਸਜਿਆ ਹੋਇਆ ਹੈ | ਉਨ੍ਹਾਂ ਨੇ 'ਈਜ਼ ਆਫ ਡੂਇੰਗ ਬਿਜ਼ਨਸ' ਸੁਧਾਰਾਂ ਵਿਚ ਪੰਜਾਬ ਨੂੰ ਲਗਾਤਾਰ 'ਟਾਪ ਅਚੀਵਰ' ਦਾ ਦਰਜਾ ਮਿਲਣ ਅਤੇ ਸਮਾਂਬੱਧ ਮਨਜ਼ੂਰੀਆਂ ਲਈ ਇਕਲ-ਖਿੜਕੀ ਪ੍ਰਣਾਲੀ ਦੀ ਵੀ ਚਰਚਾ ਕੀਤੀ | ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨਵੀਂ, ਮਜ਼ਬੂਤ ਅਤੇ ਭਵਿੱਖ-ਕੇਂਦਿ੍ਤ ਉਦਯੋਗਿਕ ਨੀਤੀ ਨੂੰ ਅੰਤਿਮ ਰੂਪ ਦੇਣ ਦੇ ਅਗਲੇ ਪੜਾਅ 'ਚ ਹੈ | ਇਹ ਨੀਤੀ ਪ੍ਰਤੀਯੋਗੀ ਵਿੱਤੀ ਪ੍ਰੋਤਸਾਹਨ, ਪਲਗ-ਐਂਡ-ਪਲੇ ਉਦਯੋਗਿਕ ਢਾਂਚਾ, ਖੇਤਰ-ਵਿਸ਼ੇਸ਼ ਪਾਰਕ, ਤੇਜ਼ ਮਨਜ਼ੂਰੀਆਂ, ਲਾਜਿਸਟਿਕ ਕੁਸ਼ਲਤਾ ਅਤੇ ਡਿਫੈਂਸ ਮੈਨੂਫੈਕਚਰਿੰਗ, ਇਲੈਕਟਿ੍ਕ ਮੋਬਿਲਿਟੀ, ਅਡਵਾਂਸਡ ਮੈਟੀਰੀਅਲ, ਨਵੀਨੀਕਰਨਯੋਗ ਊਰਜਾ ਅਤੇ ਹਾਈ-ਐਂਡ ਇੰਜੀਨੀਅਰਿੰਗ ਵਰਗੇ ਉੱਭਰਦੇ ਖੇਤਰਾਂ ਲਈ ਮਜ਼ਬੂਤ ਨੀਤੀ ਸਮਰਥਨ ਪ੍ਰਦਾਨ ਕਰੇਗੀ | ਮੁੱਲ-ਵੱਟਤ ਉਤਪਾਦਨ, ਨਿਰਯਾਤ ਵਾਧੇ ਅਤੇ ਪੰਜਾਬ ਦੇ ਯੁਵਕਾਂ ਲਈ ਵੱਡੇ ਪੱਧਰ 'ਤੇ ਰੁਜ਼ਗਾਰ ਸਿਰਜਣ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ | ਜਿੰਦਲ ਨੇ ਪੰਜਾਬ ਸਰਕਾਰ ਦੀ ਸਰਗਰਮ ਅਤੇ ਉਦਯੋਗ-ਮਿੱਤਰ ਨੀਤੀਆਂ ਦੀ ਪ੍ਰਸੰਸਾ ਕਰਦੇ ਹੋਏ ਮੰਤਰੀ ਸੰਜੀਵ ਅਰੋੜਾ ਦੇ ਰਾਜ ਵਿਚ ਨਵੇਂ ਨਿਵੇਸ਼ ਆਕਰਸ਼ਿਤ ਕਰਨ ਲਈ ਕੀਤੇ ਜਾ ਰਹੇ ਅਣਥੱਕ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ | ਉਨ੍ਹਾਂ ਨੇ ਡਿਫੈਂਸ ਮੈਨੂਫੈਕਚਰਿੰਗ, ਆਟੋਮੋਬਾਈਲ ਖੇਤਰ ਅਤੇ ਨਵੀਨੀਕਰਨਯੋਗ ਊਰਜਾ ਪ੍ਰਾਜੈਕਟਾਂ ਵਿਚ ਰੁਚੀ ਜਤਾਈ | ਮੰਤਰੀ ਸੰਜੀਵ ਅਰੋੜਾ ਨੇ ਸਰਕਾਰ ਦੀ ਉਦਯੋਗਾਂ ਪ੍ਰਤੀ ਵਚਨਬੱਧਤਾ ਦੁਹਰਾਉਂਦੇ ਹੋਏ ਪ੍ਰਸਤਾਵਿਤ ਜੇ.ਐਸ.ਡਬਲਿਊ. ਪ੍ਰਾਜੈਕਟਾਂ ਲਈ ਪੂਰਾ ਸਹਿਯੋਗ, ਮਾਰਗਦਰਸ਼ਨ ਅਤੇ ਤੁਰੰਤ ਮਨਜ਼ੂਰੀਆਂ ਦਾ ਭਰੋਸਾ ਦਿੱਤਾ | ਉਨ੍ਹਾਂ ਨੇ ਕਿਹਾ ਕਿ ਪੰਜਾਬ ਉਦਯੋਗਾਂ ਦੀ ਸਥਾਪਨਾ ਅਤੇ ਵਿਸਥਾਰ ਲਈ ਭਰੋਸੇਯੋਗ ਬਿਜਲੀ ਸਪਲਾਈ, ਸੁਧਰੇ ਹੋਏ ਲਾਜਿਸਟਿਕ ਢਾਂਚੇ ਅਤੇ ਸੰਵੇਦਨਸ਼ੀਲ ਪ੍ਰਸ਼ਾਸਨਿਕ ਪ੍ਰਣਾਲੀ ਪ੍ਰਦਾਨ ਕਰਨ ਲਈ ਪ੍ਰਤੀਬੱਧ ਹੈ | ਇਹ ਮੀਟਿੰਗ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿੱਟ 2026 ਤੋਂ ਪਹਿਲਾਂ ਸਮਾਵੇਸ਼ੀ ਵਿਕਾਸ, ਉਦਯੋਗਿਕ ਵਿਭਿੰਨਤਾ ਅਤੇ ਰੁਜ਼ਗਾਰ ਸਿਰਜਣ ਦੇ ਵਿਜ਼ਨ ਅਨੁਸਾਰ ਪੰਜਾਬ ਨੂੰ ਭਾਰਤ ਦੇ ਸਭ ਤੋਂ ਪਸੰਦੀਦਾ ਅਤੇ ਪ੍ਰਤੀਯੋਗੀ ਨਿਵੇਸ਼ ਗਤੀਵਿਧੀਆਂ ਵਿਚ ਸ਼ਾਮਿਲ ਕਰਨ ਦੇ ਯਤਨਾਂ ਵਿਚ ਇਕ ਮਹੱਤਵਪੂਰਨ ਮੀਲ ਪੱਥਰ ਹੈ |
ਮਜ਼ਬੂਤ ਉਦਯੋਗਿਕ ਨੀਤੀ ਨੂੰ ਅੰਤਿਮ ਰੂਪ ਦੇਣ ਦੇ ਅਗਲੇ ਪੜਾਅ 'ਚ ਪੰਜਾਬ ਸਰਕਾਰ-ਅਰੋੜਾ
ਅਜੀਤ ਡੈਸਕ
21-02-2026