ਨਵੀਂ ਦਿੱਲੀ, 30 ਮਈ (ਏਜੰਸੀ)-ਦੇਸ਼ ਭਰ ਦੀਆਂ ਕੇਂਦਰੀ ਅਤੇ ਹੋਰ ਪ੍ਰਮੁੱਖ ਯੂਨੀਵਰਸਿਟੀਆਂ 'ਚ ਅੰਡਰ-ਗ੍ਰੈਜੂਏਟ (ਯੂ.ਜੀ.) ਕੋਰਸਾਂ 'ਚ ਦਾਖਲੇ ਲਈ ਲਈ ਜਾਣ ਵਾਲੀ ਸਾਂਝੀ ਪ੍ਰਵੇਸ਼ ਪ੍ਰੀਖਿਆ 'ਸੀ.ਯੂ.ਈ.ਟੀ.-ਯੂ.ਜੀ.' ਦੇ ਪਹਿਲੇ ਦਿਨ ਅੱਜ ਕਈ ਪ੍ਰੀਖਿਆ ਕੇਂਦਰਾਂ 'ਤੇ ਵਿਦਿਆਰਥੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਤਕਨੀਕੀ ਖ਼ਰਾਬੀ (ਗਲਿੱਚ) ਕਾਰਨ ਸਵੇਰ ਦੇ ਸੈਸ਼ਨ ਦੀ ਪ੍ਰੀਖਿਆ ਦੇਰੀ ਨਾਲ ਸ਼ੁਰੂ ਹੋਈ, ਜਿਸ ਕਾਰਨ ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ.) ਨੂੰ ਦੁਪਹਿਰ ਤੋਂ ਬਾਅਦ ਵਾਲੇ ਸੈਸ਼ਨ ਦੇ ਸਮੇਂ 'ਚ ਬਦਲਾਅ ਕਰਨਾ ਪਿਆ | ਐਨ.ਟੀ.ਏ. ਨੇ ਦੱਸਿਆ ਕਿ 3765 ਉਮੀਦਵਾਰ ਜਿਨ੍ਹਾਂ ਨੇ ਬਾਇਓਮੈਟਰਿਕ ਰਜਿਸਟ੍ਰੇਸ਼ਨ ਪੂਰੀ ਕਰ ਲਈ ਸੀ, ਪਰ ਤਕਨੀਕੀ ਖਰਾਬੀ ਕਾਰਨ ਪ੍ਰੀਖਿਆ ਦੁਬਾਰਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਕੇਂਦਰ ਛੱਡ ਦਿੱਤਾ ਸੀ, ਉਨ੍ਹਾਂ ਲਈ ਪ੍ਰੀਖਿਆ ਦੁਬਾਰਾ ਕਰਵਾਈ ਜਾਵੇਗੀ | ਇਸ ਬਾਰੇ ਨਵੀਂ ਤਰੀਕ ਬਾਅਦ 'ਚ ਐਲਾਨੀ ਜਾਵੇਗੀ | ਏਜੰਸੀ ਨੇ ਕਿਹਾ ਕਿ ਹਾਲਾਂਕਿ 95 ਫੀਸਦੀ ਉਮੀਦਵਾਰਾਂ ਨੇ ਪ੍ਰੀਖਿਆ ਦੇ ਦਿੱਤੀ ਹੈ | ਏਜੰਸੀ ਨੇ ਸਪੱਸ਼ਟ ਕੀਤਾ ਕਿ ਹੁਣ ਦੁਪਹਿਰ ਦੇ ਸੈਸ਼ਨ ਲਈ ਰਿਪੋਰਟਿੰਗ/ਐਂਟਰੀ ਦੁਪਹਿਰ 2:30 ਵਜੇ ਤੋਂ ਹੋਵੇਗੀ ਅਤੇ ਪ੍ਰੀਖਿਆ ਨਿਰਧਾਰਿਤ ਸਮੇਂ 3:00 ਵਜੇ ਦੀ ਬਜਾਏ ਸ਼ਾਮ 4:00 ਵਜੇ ਸ਼ੁਰੂ ਹੋਵੇਗੀ | ਐਨ.ਟੀ.ਏ. ਨੇ 'ਐਕਸ' 'ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐਸ.) ਵਲੋਂ ਰਿਪੋਰਟ ਕੀਤੀ ਗਈ ਹੈ ਕਿ ਉਨ੍ਹਾਂ ਦੇ ਪੱਧਰ 'ਤੇ ਆਈ ਇਕ ਤਕਨੀਕੀ ਖ਼ਰਾਬੀ ਕਾਰਨ ਸਨਿਚਰਵਾਰ ਨੂੰ ਕੁਝ ਕੇਂਦਰਾਂ 'ਤੇ ਸੀ.ਯੂ.ਈ.ਟੀ.-ਯੂ.ਜੀ. 2026 ਦੀ ਸ਼ੁਰੂਆਤ 'ਚ ਦੇਰੀ ਹੋਈ | ਹਾਲਾਂਕਿ ਹੁਣ ਇਸ ਸਮੱਸਿਆ ਨੂੰ ਹੱਲ ਕਰ ਲਿਆ ਗਿਆ ਹੈ |