ਬੈਂਗਲੁਰੂ, 30 ਮਈ (ਏਜੰਸੀ)-ਕਰਨਾਟਕ ਦੇ ਨਵੇਂ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਦਾ ਸਹੁੰ ਚੁੱਕ ਸਮਾਗਮ 3 ਜੂਨ ਨੂੰ ਇਥੋਂ ਦੇ ਲੋਕ ਭਵਨ ਦੇ ਗਲਾਸ ਹਾਊਸ ਵਿਚ ਹੋਵੇਗਾ | ਕਰਨਾਟਕ ਵਿਚ ਕਾਂਗਰਸ ਵਿਧਾਇਕ ਦਲ ਦੇ ਨਵੇਂ ਚੁਣੇ ਗਏ ਆਗੂ ਡੀ.ਕੇ. ਸ਼ਿਵਕੁਮਾਰ ਨੇ ਸਨਿਚਰਵਾਰ ਨੂੰ ਇਥੇ ਲੋਕ ਭਵਨ ਵਿਖੇ ਰਾਜਪਾਲ ਥਾਵਰਚੰਦ ਗਹਿਲੋਤ ਨਾਲ ਮੁਲਾਕਾਤ ਕੀਤੀ ਅਤੇ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ | ਸ਼ਿਵਕੁਮਾਰ ਦੇ ਨਾਲ ਸਾਬਕਾ ਮੁੱਖ ਮੰਤਰੀ ਸਿੱਧਾਰਮਈਆ ਅਤੇ ਸੂਬੇ ਦੇ ਹੋਰ ਸੀਨੀਅਰ ਆਗੂ ਵੀ ਮੌਜੂਦ ਸਨ | ਇਸ ਤੋਂ ਪਹਿਲਾਂ ਇੱਕ ਅਹਿਮ ਮੀਟਿੰਗ ਵਿਚ ਸਾਬਕਾ ਮੁੱਖ ਮੰਤਰੀ ਸਿੱਧਾਰਮਈਆ ਨੇ ਵਿਧਾਇਕ ਦਲ ਦੇ ਅਗਲੇ ਆਗੂ ਵਜੋਂ ਡੀ. ਕੇ. ਸ਼ਿਵਕੁਮਾਰ ਦੇ ਨਾਂਅ ਦੀ ਪੇਸ਼ਕਸ਼ ਕੀਤੀ | ਇਸ ਮੀਟਿੰਗ ਦੀ ਦੇਖਰੇਖ ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਅਤੇ ਰਣਦੀਪ ਸਿੰਘ ਸੂਰਜੇਵਾਲਾ ਵਲੋਂ ਕੀਤੀ ਗਈ | ਕਾਂਗਰਸ ਦੀ ਸੂਬਾ ਇਕਾਈ ਦੇ ਕਾਰਜਕਾਰੀ ਪ੍ਰਧਾਨ ਜੀ.ਸੀ. ਚੰਦਰਸ਼ੇਖਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਨਵੇਂ ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ 3 ਜੂਨ ਨੂੰ ਲੋਕ ਭਵਨ ਦੇ ਗਲਾਸ ਹਾਊਸ ਵਿਖੇ ਹੋਵੇਗਾ |